Ferozepur News : ਪਾਕਿਸਤਾਨੀ ਡਰੋਨ ਹਮਲੇ ‘ਚ ਜਖ਼ਮੀ ਲਖਵਿੰਦਰ ਸਿੰਘ ਦੀ ਵੀ ਇਲਾਜ ਦੌਰਾਨ ਹੋਈ ਮੌਤ, ਪਤਨੀ ਦੀ ਪਹਿਲਾਂ ਹੋ ਚੁੱਕੀ ਮੌਤ
Ferozepur News :ਪਾਕਿਸਤਾਨ (Pakistan) ਦੀ ਸਰਹੱਦ ਨਾਲ ਲੱਗਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਪਾਕਿਸਤਾਨੀ ਡਰੋਨ ਨਾਲ ਜ਼ਖਮੀ ਹੋਏ ਇੱਕ ਵਿਅਕਤੀ ਦੀ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਪੂਰਨ ਸਥਿਤੀ ਦੌਰਾਨ 9 ਮਈ ਦੀ ਰਾਤ ਨੂੰ ਪਿੰਡ ਖਾਈ ਫੇਮੇ ਵਿਖੇ ਇਕ ਘਰ ’ਚ ਡਰੋਨ ਡਿੱਗਿਆ ਸੀ।
ਜਿਸ ਦੌਰਾਨ ਭਿਆਨਕ ਅੱਗ ਲੱਗਣ ਨਾਲ ਪਤੀ , ਪਤਨੀ ਅਤੇ ਉਨ੍ਹਾਂ ਦਾ ਪੁੱਤਰ ਗੰਭੀਰ ਜ਼ਖ਼ਮੀ ਹੋ ਗਏ ਸਨ, ਜਿਸ ਦੇ ਚਲਦੇ ਹਮਲੇ ਦੇ ਚੌਥੇ ਦਿਨ ਪਿੱਛੋਂ ਮਹਿਲਾ ਸੁਖਵਿੰਦਰ ਕੌਰ ਦੀ ਡੀ.ਐਮ.ਸੀ. ਲੁਧਿਆਣਾ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਸੀ ਅਤੇ ਅੱਜ ਉਸ ਦੇ ਪਤੀ ਲਖਵਿੰਦਰ ਸਿੰਘ (65) ਦੀ ਮੌਤ ਵੀ ਹੋ ਗਈ ਹੈ। ਲਖਵਿੰਦਰ ਸਿੰਘ ਦਾ ਅੰਤਿਮ ਸਸਕਾਰ ਅੱਜ ਫਿਰੋਜ਼ਪੁਰ ਵਿੱਚ ਕੀਤਾ ਜਾਵੇਗਾ।
9 ਮਈ ਨੂੰ ਘਰ 'ਤੇ ਡਿੱਗਿਆ ਸੀ ਪਾਕਿਸਤਾਨੀ ਡਰੋਨ
7 ਮਈ ਨੂੰ ਭਾਰਤ ਵੱਲੋਂ ਕੀਤੇ ਗਏ ਆਪ੍ਰੇਸ਼ਨ ਸਿੰਦੂਰ ਦੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ ਸਰਹੱਦ 'ਤੇ ਗੋਲੀਬਾਰੀ ਕੀਤੀ ਅਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ। ਇਸ ਦੌਰਾਨ ਪੰਜਾਬ ਵਿੱਚ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਖਾਈ ਫੇਮ ਪਿੰਡ ਵਿੱਚ 9 ਮਈ ਦੀ ਰਾਤ ਨੂੰ ਇੱਕ ਘਰ 'ਤੇ ਇੱਕ ਪਾਕਿਸਤਾਨੀ ਡਰੋਨ ਡਿੱਗਿਆ ਸੀ। ਡਰੋਨ ਕਾਰ 'ਤੇ ਡਿੱਗ ਗਿਆ, ਜਿਸ ਕਾਰਨ ਅੱਗ ਲੱਗ ਗਈ। ਇਸ ਵਿੱਚ ਲਖਵਿੰਦਰ ਸਿੰਘ, ਉਸਦੀ ਪਤਨੀ ਸੁਖਵਿੰਦਰ ਕੌਰ ਅਤੇ ਪੁੱਤਰ ਜਸਵੰਤ ਸਿੰਘ ਬੁਰੀ ਤਰ੍ਹਾਂ ਝੁਲਸ ਗਏ ਸਨ।
ਇਸ ਤੋਂ ਬਾਅਦ ਜ਼ਖਮੀ ਪਤੀ-ਪਤਨੀ ਅਤੇ ਪੁੱਤਰ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। ਇੱਥੇ ਜ਼ਖਮੀਆਂ ਦਾ ਇਲਾਜ ਕਰਨ ਤੋਂ ਪਹਿਲਾਂ ਡਾਕਟਰ ਨੇ 40 ਹਜ਼ਾਰ ਰੁਪਏ ਦੀ ਜਮ੍ਹਾਂ ਰਕਮ ਮੰਗੀ। ਪਰਿਵਾਰਕ ਮੈਂਬਰਾਂ ਦਾ ਇਲਾਜ ਜ਼ਰੂਰੀ ਸੀ, ਇਸ ਲਈ ਰਿਸ਼ਤੇਦਾਰਾਂ ਨੇ ਪੈਸੇ ਇਕੱਠੇ ਕੀਤੇ ਅਤੇ ਹਸਪਤਾਲ ਨੂੰ ਦੇ ਦਿੱਤੇ।
ਹਾਦਸੇ ਤੋਂ ਅਗਲੇ ਦਿਨ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਹਸਪਤਾਲ ਦਾ ਦੌਰਾ ਕੀਤਾ। ਇਸ ਤੋਂ ਬਾਅਦ ਜ਼ਖਮੀ ਪਤੀ-ਪਤਨੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਸਮੇਤ ਕਈ ਆਗੂਆਂ ਨੇ ਡੀਐਮਸੀ ਹਸਪਤਾਲ ਦਾ ਦੌਰਾ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਰਿਵਾਰ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
- PTC NEWS