Land Pooling Policy : ਜ਼ਮੀਨ ਹੜੱਪਣ ਦੀ ਸਕੀਮ ਰੱਦ ਹੋਣਾ ਪੰਜਾਬੀਆਂ ਦੀ ਵੱਡੀ ਜਿੱਤ : ਸੁਖਬੀਰ ਸਿੰਘ ਬਾਦਲ
Sukhbir Singh Badal on Land Pooling Policy : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਭਗਵੰਤ ਮਾਨ (CM Mann) ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਜ਼ਮੀਨ ਹੜੱਪਣ (ਲੈਂਡ ਪੂਲਿੰਗ ਸਕੀਮ) ਦੀ ਸਕੀਮ ਰੱਦ ਕਰਨ ਦੇ ਫੈਸਲੇ ਨੂੰ ਸਾਰੇ ਪੰਜਾਬੀਆਂ ਦੀ ਜਿੱਤ ਕਰਾਰ ਦਿੱਤਾ ਹੈ ਅਤੇ ਇਸ ਸਕੀਮ ਖਿਲਾਫ ਪਾਰਟੀ ਦੀ ਮੁਹਿੰਮ ਦੇ ਸਮਰਥਨ ਲਈ ਸਾਰੇ ਅਕਾਲੀ ਵਰਕਰਾਂ, ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਤੇ ਸਮਾਜ ਦੇ ਹਰ ਵਰਗ ਦਾ ਧੰਨਵਾਦ ਕੀਤਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ (Shiromani Akali Dl) ਦੇ ਪ੍ਰਧਾਨ ਨੇ ਕਿਹਾ ਕਿ ਉਹ ਬਹਾਦਰ ਅਕਾਲੀ ਵਰਕਰਾਂ, ਕਿਸਾਨਾਂ, ਮਜ਼ਦੂਰਾਂ ਅਤੇ ਦੁਕਾਨਦਾਰਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹਨ ਜੋ ਇਕਜੁੱਟ ਹੋ ਕੇ ਡਟੇ ਅਤੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੀ ਇਸ ਲੈਂਡ ਪੂਲਿੰਗ ਸਕੀਮ ਨੂੰ ਵਾਪਸ ਲੈਣ ਲਈ ਮਜਬੂਰ ਕੀਤਾ ਜਿਸ ਰਾਹੀਂ ਆਪ ਹਾਈ ਕਮਾਂਡ ਦਿੱਲੀ ਦੇ ਬਿਲਡਰਾਂ ਰਾਹੀਂ 30 ਹਜ਼ਾਰ ਕਰੋੜ ਰੁਪਏ ਇਕੱਠੇ ਕਰ ਕੇ ਦੇਸ਼ ਭਰ ਵਿਚ ਪਾਰਟੀ ਦਾ ਵਿਸਥਾਰ ਕਰਨਾ ਚਾਹੁੰਦੀ ਸੀ।
ਉਹਨਾਂ ਕਿਹਾ ਕਿ ਉਹ ਪੰਜਾਬੀਆਂ ਨੂੰ ਭਰੋਸਾ ਦੁਆਉਂਦੇ ਹਨ ਕਿ ਜਿਵੇਂ ਅਸੀਂ ਪੰਜਾਬ ਦੀ ਆਪ ਸਰਕਾਰ ਨੂੰ ਜ਼ਮੀਨ ਹੜੱਪ ਕਰਨ ਦੀ ਸਕੀਮ ਵਾਪਸ ਲੈਣ ਲਈ ਮਜਬੂਰ ਕੀਤਾ ਅਤੇ ਲੱਖਾਂ ਲੋਕਾਂ ਨੇ ਜ਼ਮੀਨੀ ਪੱਧਰ ’ਤੇ ਮੁਹਿੰਮ ਵਿਚ ਹਿੱਸਾ ਲਿਆ, ਇਸੇ ਤਰੀਕੇ ਅਸੀਂ ਭ੍ਰਿਸ਼ਟ ਤੇ ਘੁਟਾਲਿਆਂ ਭਰੀ ਆਪ ਸਰਕਾਰ ਵੱਲੋਂ ਪੰਜਾਬ ਨੂੰ ਕੰਗਾਲ ਕਰਨ, ਬਾਹਰਲਿਆਂ ਨੂੰ ਨੌਕਰੀਆਂ ਦੇਣ, ਕਾਨੂੰਨ ਵਿਵਸਥਾ ਭੰਗ ਕਰਨ ਅਤੇ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਨ ਦੀ ਵੀ ਜਵਾਬ ਤਲਬੀ ਕਰਾਂਗੇ।
ਉਹਨਾਂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਬੈਨਰ ਹੇਠ ਇਕਜੁੱਟ ਹੋਣ ਤਾਂ ਜੋ ਪੰਜਾਬ ਨੂੰ ਮੁੜ ਲੀਹ ’ਤੇ ਪਾਇਆ ਜਾ ਸਕੇ ਅਤੇ ਸਾਡੀਆਂ ਆਉਂਦੀਆਂ ਪੀੜ੍ਹੀਆਂ ਦਾ ਭਵਿੱਖ ਸੁਨਹਿਰੀ ਬਣਾਇਆ ਜਾ ਸਕੇ।
ਉਹਨਾਂ ਨੇ ਇਹ ਵੀ ਕਿਹਾ ਕਿ ਉਸਨੂੰ ਪੰਜਾਬੀਆਂ ਦੀ ਇਸ ਗੱਲ ’ਤੇ ਮਾਣ ਹੈ ਕਿਉਂਕਿ ਅਸੀਂ ਮੋਹਰੀ ਹੋ ਕੇ ਲੜਾਈ ਲੜੀ ਹੈ। ਉਹਨਾਂ ਕਿਹਾ ਕਿ ਉਹ ਪੰਜਾਬ ਦੀ ਬੇਸ਼ਕੀਮਤੀ ਜ਼ਮੀਨ ਹੜੱਪ ਕਰਨ ਵਿਰੁੱਧ ਸਾਰੇ ਮਿਹਨਤੀ ਅਤੇ ਬਿਨਾਂ ਕਿਸੇ ਲਾਲਸਾ ਦੇ ਲੜਨ ਵਾਸਤੇ ਵਰਕਰਾਂ ਵੱਲੋਂ ਇਸ ਵਿਸ਼ਾਲ, ਤਾਕਤਵਰ ਤੇ ਉਤਸ਼ਾਹੀ ਲੜਾਈ ਦਾ ਹਿੱਸਾ ਬਣਨ ’ਤੇ ਉਹਨਾਂ ਦਾ ਧੰਨਵਾਦ ਕਰਦੇ ਹਨ।
- PTC NEWS