Machhiwara Sahib : ਮਾੜੀਵਾੜਾ ਸਾਹਿਬ 'ਚ ਵਾਪਰੀ ਮੰਦਭਾਗੀ ਘਟਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਪਾਵਨ ਸਰੂਪ ਅਗਨ ਭੇਂਟ
Machhiwara Sahib : ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਇਤਿਹਾਸਕ ਗੁਰਦੁਆਰਾ ਝਾੜ ਸਾਹਿਬ ਨੇੜੇ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਸਥਾਪਿਤ ਗੁਰਦੁਆਰਾ ਸਾਹਿਬ ਵਿਖੇ ਬੜੀ ਹੀ ਮੰਦਭਾਗੀ ਘਟਨਾ ਵਾਪਰੀ ਜਿੱਥੇ ਕਿ ਸੱਚਖੰਡ ਸਾਹਿਬ ’ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Sri Guru Granth Sahib JI) ਦੇ 3 ਪਾਵਨ ਸਰੂਪ ਅਗਨ ਭੇਟ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ਤੇ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਜਿੰਦਰ ਕੌਰ ਪਵਾਤ ਦੇ ਪਤੀ ਹਰਜਤਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਗੁਰੂ ਘਰ ਵਿਚ ਕੱਲ੍ਹ ਸ਼ਾਮ ਨੂੰ ਸੱਚਖੰਡ ਵਿਚ ਲੱਗੇ ਵਿੰਡੋ ਏ.ਸੀ. ਦਾ ਕੰਪਰੈਸ਼ਰ ਫਟ ਗਿਆ ਜਿਸ ਤੋਂ ਬਾਅਦ ਉੱਪਰ ਲੱਗੇ ਚੰਦੋਆ ਸਾਹਿਬ ਨੂੰ ਅੱਗ ਲੱਗ ਗਈ। ਚੰਦੋਆ ਸਾਹਿਬ ਨੂੰ ਅੱਗ ਲੱਗਣ ਕਾਰਨ ਹੇਠਾਂ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵੀ ਅਗਨ ਭੇਟ ਹੋ ਗਏ।
ਉਨ੍ਹਾਂ ਦੱਸਿਆ ਕਿ ਇਸ ਮੰਦਭਾਗੀ ਘਟਨ ਕਾਰਨ ਸੰਗਤਾਂ ਵਿਚ ਸੋਗ ਦੀ ਲਹਿਰ ਫੈਲ ਗਈ ਅਤੇ ਸਾਰੀ ਰਾਤ ਸੰਗਤ ਗੁਰੂ ਸਾਹਿਬ ਜੀ ਦਾ ਜਾਪ ਕਰਦੀ ਰਹੀ। ਅੱਜ ਸਵੇਰੇ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਆਨੰਦਪੁਰ ਸਾਹਿਬ) ਤੋਂ ਪੰਜ ਪਿਆਰੇ ਸਿੰਘ ਸਾਹਿਬਾਨ ਗੁਰੂ ਘਰ ਆਏ ਅਤੇ ਉਨ੍ਹਾਂ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਪੰਜ ਪਿਆਰੇ ਸਿੰਘ ਸਾਹਿਬਾਨਾਂ ਵਲੋਂ ਮੂਲ ਮੰਤਰ ਦਾ ਜਾਪ ਕੀਤਾ ਗਿਆ ਅਤੇ ਅਰਦਾਸ ਕਰਨ ਉਪਰੰਤ ਅਗਨ ਭੇਟ ਹੋਏ 3 ਸਰੂਪਾਂ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਰਵਾਨਾ ਕੀਤਾ ਗਿਆ।
5 ਪਿਆਰੇ ਸਿੰਘ ਸਾਹਿਬਾਨਾਂ ਨੇ ਕਿਹਾ ਕਿ ਇਸ ਹਾਦਸੇ ਦੀ ਸਾਰੀ ਰਿਪੋਰਟ ਤਿਆਰ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਕੀਤੀ ਜਾਵੇਗੀ ਅਤੇ ਉੱਥੋਂ ਜੋ ਵੀ ਹੁਕਮ ਜਾਰੀ ਹੋਵੇਗਾ ਉਹ ਸੰਗਤਾਂ ਨੂੰ ਦੱਸ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਬਡ਼ੀ ਹੀ ਮੰਦਭਾਗੀ ਘਟਨਾ ਵਾਪਰੀ ਹੈ ਅਤੇ ਉਹ ਸੰਗਤਾਂ ਤੇ ਖਾਸ ਕਰ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕਰਦੇ ਹਨ ਕਿ ਮਰਿਯਾਦਾ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਸੱਚਖੰਡ ਸਾਹਿਬ ਵਿਚ ਏ.ਸੀ. ਉਸ ਸਮੇਂ ਚਲਾਏ ਜਾਣ ਜਦੋਂ ਪ੍ਰਬੰਧਕ ਮੌਜੂਦ ਹੋਣ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਅਜਿਹੇ ਘਟਨਾ ਨਾ ਵਾਪਰੇ ਜਿਸ ਨਾਲ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਜਾਣ ਅਤੇ ਪ੍ਰਬੰਧਕ ਕਮੇਟੀਆਂ ਇਸ ਗੱਲ ਦਾ ਖਿਆਲ ਰੱਖਣ।
ਇਸ ਮੌਕੇ ਮੌਜੂਦ ਡੀ.ਐੱਸ.ਪੀ. ਸਮਰਾਲਾ ਤਰਲੋਚਨ ਸਿੰਘ ਵੀ ਮੌਕੇ ’ਤੇ ਮੌਜੂਦ ਸਨ, ਜਿਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜ ਸਿੰਘ ਸਾਹਿਬਾਨਾਂ ਵਲੋਂ ਜਿੱਥੇ ਇਸ ਹਾਦਸੇ ਦੀ ਪੂਰੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਉੱਥੇ ਪੁਲਸ ਪ੍ਰਸ਼ਾਸਨ ਵਲੋਂ ਵੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਬੇਸ਼ੱਕ ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਹਾਦਸਾ ਏ.ਸੀ. ਦਾ ਕੰਪਰੈਸ਼ਰ ਫਟਣ ਕਾਰਨ ਵਾਪਰਿਆ। ਅੱਜ ਦੀ ਘਟਨਾ ਕਾਰਨ ਸੰਗਤਾਂ ਵਿਚ ਸੋਗ ਦੀ ਲਹਿਰ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਸ ਭੁੱਲ ਸਬੰਧੀ ਜੋ ਹੁਕਮ ਜਾਰੀ ਹੋਵੇਗਾ ਉਹ ਅਮਲ ਵਿਚ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ ਪਿੰਡ ਝਾਡ਼ ਸਾਹਿਬ ਦੇ ਵਾਸੀ ਵੀ ਅੱਜ ਦੀ ਘਟਨਾ ਕਾਰਨ ਬੇਹੱਦ ਸੋਗਮਈ ਦਿਖਾਈ ਦਿੱਤੇ।
ਪਾਠ ਕਰ ਰਹੇ ਬਜ਼ੁਰਗ ਨੇ ਇੱਕ ਸਰੂਪ ਨੂੰ ਬਚਾਇਆ
ਕੱਲ੍ਹ ਗੁਰਦੁਆਰਾ ਸਾਹਿਬ ਵਿਖੇ ਜਦੋਂ ਸ਼ਾਮ ਨੂੰ ਏ.ਸੀ. ਦਾ ਕੰਪਰੈਸ਼ਰ ਫਟਣ ਕਾਰਨ ਸੱਚਖੰਡ ਸਾਹਿਬ ’ਚ ਧੂੰਆ ਫੈਲ ਗਿਆ ਤਾਂ ਹੇਠਾਂ ਦਰਬਾਰ ਹਾਲ ਵਿਚ ਇੱਕ ਬਜ਼ੁਰਗ ਬਲਬੀਰ ਸਿੰਘ ਪਾਠ ਕਰ ਰਿਹਾ ਸੀ। ਜਦੋਂ ਉਸਨੇ ਦੇਖਿਆ ਕਿ ਧੂੰਆਂ ਫੈਲ ਰਿਹਾ ਹੈ ਤਾਂ ਉਸਨੇ ਹੱਥਾਂ ਨਾਲ ਕੋਸ਼ਿਸ਼ ਕਰਦਿਆਂ ਪੁਕਾਰ ਕੀਤੀ ਪਰ ਜਦੋਂ ਕੋਈ ਨਾ ਆਇਆ ਤਾਂ ਉਸਨੇ ਸਤਿਕਾਰ ਨਾਲ ਜਿਸ ਗ੍ਰੰਥ ਸਾਹਿਬ ਜੀ ਦੇ ਸਰੂਪ ’ਤੇ ਪਾਠ ਕਰ ਰਿਹਾ ਸੀ, ਉਸਦਾ ਜਲਦ ਹੀ ਸੁੱਖ ਆਸਣ ਕਰ ਦੂਜੇ ਦਰਬਾਰ ਹਾਲ ਵਿਚ ਲੈ ਗਿਆ। ਇਸ ਦੌਰਾਨ ਜਦੋਂ ਹੋਰ ਸਿੰਘ ਮੌਕੇ ’ਤੇ ਪੁੱਜੇ ਤਾਂ ਉਦੋਂ ਤੱਕ 3 ਸਰੂਪ ਅਗਨ ਭੇਟ ਹੋ ਚੁੱਕੇ ਸਨ।
- PTC NEWS