Chhattisgarh Naxal Encounter : ਨਾਰਾਇਣਪੁਰ 'ਚ 27 ਨਕਸਲੀ ਢੇਰ, ਇਕ ਜਵਾਨ ਸ਼ਹੀਦ, ਡੇਢ ਕਰੋੜ ਦਾ ਇਨਾਮੀ ਨਕਸਲੀ ਰਾਜੂ ਵੀ ਮਾਰਿਆ ਗਿਆ
Chhattisgarh Naxal Encounter : ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਦੇ ਅਬੂਝਮਾੜ ਇਲਾਕੇ ਵਿੱਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਨਾਰਾਇਣਪੁਰ, ਬੀਜਾਪੁਰ, ਦਾਂਤੇਵਾੜਾ ਅਤੇ ਕੋਂਡਾਗਾਓਂ ਜ਼ਿਲ੍ਹਿਆਂ ਦੇ ਜ਼ਿਲ੍ਹਾ ਰਿਜ਼ਰਵ ਗਾਰਡ (DRG) ਦੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਸੁਰੱਖਿਆ ਬਲਾਂ ਨੇ 27 ਨਕਸਲੀਆਂ ਨੂੰ ਢੇਰ ਕਰ ਦਿੱਤਾ, ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ। ਇਸ ਮੁਕਾਬਲੇ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ ਅਤੇ ਦੂਜਾ ਜ਼ਖਮੀ ਹੋ ਗਿਆ ਹੈ।
ਪੁਲਿਸ ਸੂਤਰਾਂ ਅਨੁਸਾਰ ਇਲਾਕੇ ਵਿੱਚ ਨਕਸਲੀਆਂ ਦੀ ਮੌਜੂਦਗੀ ਬਾਰੇ ਪੁਸ਼ਟੀ ਕੀਤੀ ਜਾਣਕਾਰੀ ਮਿਲਣ ਤੋਂ ਬਾਅਦ ਡੀਆਰਜੀ ਟੀਮਾਂ ਨੂੰ ਨਕਸਲ ਵਿਰੋਧੀ ਕਾਰਵਾਈ ਲਈ ਭੇਜਿਆ ਗਿਆ ਸੀ। ਜਦੋਂ ਮਾੜ ਡਿਵੀਜ਼ਨ ਦੇ ਜੰਗਲਾਂ ਵਿੱਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ ਸ਼ੁਰੂ ਹੋਇਆ ਤਾਂ ਬਹੁਤ ਸਾਰੇ ਲੋੜੀਂਦੇ ਅਤੇ ਇਨਾਮੀ ਨਕਸਲੀ ਵੀ ਘੇਰੇ ਵਿੱਚ ਆ ਗਏ।
ਮੁੱਠਭੇੜ 'ਚ ਇੱਕ ਕਰੋੜ ਦਾ ਇਨਾਮੀ ਨਕਸਲੀ ਢੇਰ
ਕਿਹਾ ਜਾ ਰਿਹਾ ਹੈ ਕਿ ਇਸ ਮੁਕਾਬਲੇ ਵਿੱਚ ਨਕਸਲੀ ਬਾਸਵ ਰਾਜੂ ਵੀ ਮਾਰਿਆ ਗਿਆ, ਜਿਸ 'ਤੇ 1.5 ਕਰੋੜ ਰੁਪਏ ਦਾ ਇਨਾਮ ਸੀ। ਨਕਸਲੀ ਕਮਾਂਡਰ ਰੂਪੇਸ਼ ਅਤੇ ਕਈ ਹੋਰ ਵੱਡੇ ਨਕਸਲੀ ਆਗੂਆਂ ਦੇ ਮਾਰੇ ਜਾਣ ਦੀ ਵੀ ਖ਼ਬਰ ਹੈ। ਦੱਸ ਦੇਈਏ ਕਿ ਗਣਪਤੀ ਤੋਂ ਬਾਅਦ ਨਵੰਬਰ 2018 ਵਿੱਚ ਬਸਵ ਰਾਜੂ ਨੂੰ ਨਕਸਲੀ ਸੰਗਠਨ ਦੀ ਕਮਾਨ ਸੌਂਪੀ ਗਈ ਸੀ। ਇਸ ਸਮੇਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਅਬੂਝਮਾੜ ਇਲਾਕੇ ਵਿੱਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ।
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪੋਲਿਟ ਬਿਊਰੋ ਮੈਂਬਰ ਅਤੇ ਨਕਸਲੀ ਸੰਗਠਨ ਦਾ ਜਨਰਲ ਸਕੱਤਰ ਬਸਵਾ ਰਾਜੂ ਅਬੂਝਮਾੜ ਦੇ ਬੋਟਰ ਇਲਾਕੇ ਵਿੱਚ ਮੌਜੂਦ ਹੈ। ਇਸ ਤੋਂ ਬਾਅਦ ਡੀਆਰਜੀ ਜਵਾਨਾਂ ਨੂੰ ਨਕਸਲ ਵਿਰੋਧੀ ਕਾਰਵਾਈ ਲਈ ਚਾਰ ਜ਼ਿਲ੍ਹਿਆਂ, ਦਾਂਤੇਵਾੜਾ, ਬੀਜਾਪੁਰ, ਨਾਰਾਇਣਪੁਰ ਅਤੇ ਕੋਂਡਾਗਾਓਂ ਤੋਂ ਭੇਜਿਆ ਗਿਆ। ਇਸ ਦੌਰਾਨ ਦੋਵਾਂ ਵਿਚਕਾਰ ਇੱਕ ਭਿਆਨਕ ਮੁਕਾਬਲਾ ਹੋਇਆ। ਇਸ ਮੁਕਾਬਲੇ ਵਿੱਚ 27 ਤੋਂ ਵੱਧ ਨਕਸਲੀ ਮਾਰੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਨਕਸਲੀਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਕਈ ਨਕਸਲੀਆਂ ਦੀਆਂ ਲਾਸ਼ਾਂ ਅਤੇ ਵੱਡੀ ਗਿਣਤੀ ਵਿੱਚ ਹਥਿਆਰ ਮਿਲਣ ਦੀਆਂ ਰਿਪੋਰਟਾਂ ਹਨ।
- PTC NEWS