ਟਰਾਂਸਫਾਰਮਰ 'ਤੇ ਬਿਜਲੀ ਠੀਕ ਕਰ ਰਹੇ ਮਕੈਨਿਕ ਦੀ ਕਰੰਟ ਨਾਲ ਮੌਤ, ਪਰਿਵਾਰ ਵੱਲੋਂ ਹੰਗਾਮਾ
ਅੰਮ੍ਰਿਤਸਰ : 88 ਫੁਟ ਰੋਡ 'ਤੇ ਇਕ ਨੌਜਵਾਨ ਦੀ ਕਰੰਟ ਲਗਨ ਨਾਲ ਮੌਤ ਹੋ ਗਈ। ਨੌਜਵਾਨ ਬਿਜਲੀ ਦਾ ਕੰਮ ਕਰਦਾ ਸੀ ਅਤੇ ਉਸਨੂੰ ਇਕ ਫੋਨ ਆਇਆ ਕਿ ਬਿਜਲੀ ਨਹੀਂ ਆ ਰਹੀ। ਘਰ ਵਿਚ ਜਦੋਂ ਮਕੈਨਿਕ ਨੇ ਵੇਖਿਆ ਤਾਂ ਘਰ ਵਿੱਚ ਬਿਜਲੀ ਦਾ ਕੋਈ ਫਾਲਟ ਨਹੀਂ ਸੀ, ਖਰਾਬੀ ਟ੍ਰਾਂਸਫਾਰਮਰ ਵਿੱਚ ਸੀ। ਦੁਕਾਨਦਾਰ ਵੱਲੋਂ ਬਿਜਲੀ ਵਿਭਾਗ ਨੂੰ ਸ਼ਿਕਾਇਤ ਕਰਨ ਦੀ ਬਜਾਏ ਗੁਰਮੁਖ ਸਿੰਘ ਨੂੰ ਟਰਾਂਸਫਾਰਮਰ 'ਤੇ ਬੱਤੀ ਠੀਕ ਕਰਨ ਲਈ ਕਿਹਾ।
ਮ੍ਰਿਤਕ ਦੇ ਲੜਕੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਦੇ ਪਿਤਾ ਨੇ ਦੁਕਾਨਦਾਰ ਨੂੰ ਇਨਕਾਰ ਵੀ ਕੀਤਾ ਅਤੇ ਬਿਜਲੀ ਵਿਭਾਗ ਨੂੰ ਸ਼ਿਕਾਇਤ ਦੇਣ ਲਈ ਕਿਹਾ, ਪਰ ਦੁਕਾਨਦਾਰ ਨਹੀਂ ਮੰਨਿਆ। ਉਪਰੰਤ ਜਦੋਂ ਗੁਰਮੁਖ ਸਿੰਘ ਟਰਾਂਸਫਾਰਮਰ ਉਪਰ ਚੜ੍ਹਿਆ ਤਾਂ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਿਆ ਅਤੇ ਉਸ ਦਾ ਪਿਤਾ ਹੇਠਾਂ ਡਿੱਗ ਗਿਆ। ਨਤੀਜੇ ਵੱਜੋਂ ਗੁਰਮੁਖ ਸਿੰਘ ਦੇ ਸਿਰ ਵਿੱਚ ਸੱਟ ਲੱਗੀ, ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪਰ ਉਥੇ ਇਲਾਜ ਦੌਰਾਨ ਮੌਤ ਹੋ ਗਈ।
ਪਰਿਵਾਰ ਮੈਂਬਰਾਂ ਨੇ ਦੁਕਾਨਦਾਰ ਖਿਲਾਫ਼ ਰੋਸ ਜਤਾਉਂਦਿਆਂ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਉੱਥੇ ਹੀ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਪ੍ਰਾਈਵੇਟ ਬਿਜਲੀ ਦਾ ਕੰਮ ਕਰਨ ਵਾਲਾ ਗੁਰਮੁੱਖ ਸਿੰਘ, ਜਿਸ ਦੀ ਟਰਾਂਸਫਾਰਮਰ 'ਤੇ ਚੜਨ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਅਤੇ ਮੌਕੇ 'ਤੇ ਆਪਣੇ ਪੁਲਿਸ ਅਧਿਕਾਰੀ ਭੇਜੇ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਜੋ ਵੀ ਦੋਸ਼ੀ ਹੋਵੇਗਾ, ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
- PTC NEWS