Mohali News : ਮੋਹਾਲੀ 'ਚ ਹੈਜੇ ਤੇ ਡਾਇਰੀਆ ਕਾਰਨ ਮੱਚਿਆ ਹੜਕੰਪ, ਬੱਚੀ ਸਮੇਤ 2 ਲੋਕਾਂ ਦੀ ਮੌਤ
Cholera and diarrhea hit Mohali : ਪਟਿਆਲਾ 'ਚ ਡਾਇਰੀਆ ਦੀ ਦਹਿਸ਼ਤ ਤੋਂ ਬਾਅਦ ਹੁਣ ਮੋਹਾਲੀ ਜ਼ਿਲ੍ਹੇ ਵਿੱਚ ਹੈਜਾ ਅਤੇ ਡਾਇਰੀਆ ਨੇ ਦਸਤਕ ਦੇ ਦਿੱਤੀ ਹੈ। ਜ਼ਿਲ੍ਹੇ 'ਚ ਹੈਜਾ ਅਤੇ ਡਾਇਰੀਆ ਕਾਰਨ ਲੋਕਾਂ ਅਤੇ ਸਿਹਤ ਵਿਭਾਗ ਵਿੱਚ ਹੜਕੰਪ ਮੱਚ ਗਈ। ਬਿਮਾਰੀਆਂ ਕਾਰਨ ਇੱਕ 5 ਸਾਲ ਦੀ ਬੱਚੀ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ ਹੈ।
ਹੈਜੇ ਤੇ ਡਾਇਰੀਏ ਨੂੰ ਰੋਕਣ ਲਈ ਪ੍ਰਸ਼ਾਸਨ ਲਗਾਤਾਰ ਵੱਡੇ-ਵੱਡੇ ਦਾਅਵਾ ਕੀਤੇ ਜਾ ਰਹੇ ਹਨ ਪਰ ਕੁੰਬੜਾ 'ਚ ਦੋ ਜਣਿਆਂ ਦੀ ਮੌਤ ਜ਼ਮੀਨੀ ਹਕੀਕਤ ਨੂੰ ਬਿਆਨ ਕਰਦੀ ਵਿਖਾਈ ਦਿੱਤੀ ਹੈ। ਪਿੰਡ ਵਾਸੀਆਂ ਅਨੁਸਾਰ ਇੱਕ ਪੰਜ ਸਾਲਾ ਬੱਚੀ ਅਤੇ 45 ਤੋਂ 50 ਸਾਲਾਂ ਵਿਅਕਤੀ ਦੀ ਮੌਤ ਉਲਟੀਆਂ ਅਤੇ ਟੱਟੀਆਂ ਕਾਰਨ ਹੋਈ ਹੈ ਲੇਕਿਨ ਪ੍ਰਸ਼ਾਸਨ ਇਸ ਗੱਲ ਤੋਂ ਇਨਕਾਰ ਕਰਦ ਹੋਇਆ ਨਜ਼ਰ ਆ ਰਿਹਾ ਹੈl
ਮ੍ਰਿਤਕ ਬੱਚੀ ਦੀ ਮਾਤਾ ਨੇ ਕਿਹਾ ਕਿ ਉਨ੍ਹਾਂ ਦੀਆਂ ਦੋ ਬੱਚੀਆਂ ਹਨ, ਜਿਨ੍ਹਾਂ ਨੂੰ ਉਲਟੀਆਂ ਆਦਿ ਦੀ ਸ਼ਿਕਾਇਤ ਸੀ, ਜਿਸ ਪਿੱਛੋਂ ਉਹ ਬੱਚੀਆਂ ਨੂੰ ਦਵਾਈ ਦਿਵਾਉਣ ਲੈ ਕੇ ਗਏ ਸਨ, ਪਰ ਵਾਪਸੀ 'ਤੇ ਛੋਟੀ ਬੱਚੀ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਜਦਕਿ ਵੱਡੀ ਕੁੜੀ ਦਾ ਫੇਜ 6 ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ।
ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਕਿਹਾ ਕਿ ਕੇਸ ਤਾਂ ਕਾਫੀ ਹਨ, ਪਰ ਸਿਹਤ ਵਿਭਾਗ ਤੋਂ ਹੀ ਅਸਲੀ ਜਾਣਕਾਰੀ ਪਤਾ ਲੱਗ ਸਕੇਗੀ। ਉਨ੍ਹਾਂ ਕਿਹਾ ਕਿ 3 ਦਿਨ ਪਹਿਲਾਂ ਕੇਸ ਸਾਹਮਣੇ ਆਏ ਸਨ ਤਾਂ ਟੀਮਾਂ ਬਣਾ ਕੇ ਘਰ ਘਰ ਜਾ ਕੇ ਲੋਕਾਂ ਨੂੰ ਸੁਚੇਤ ਵੀ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਲਗਭਗ 561 ਪਾਣੀ ਦੇ ਸੈਂਪਲ ਵੱਖ-ਵੱਖ ਥਾਵਾਂ ਤੋਂ ਲਏ ਗਏ, ਜਿਨ੍ਹਾਂ ਵਿੱਚੋਂ 239 ਦੇ ਕਰੀਬ ਸੈਂਪਲ ਫੇਲ੍ਹ ਹੋ ਗਏ ਹਨ। ਜਦਕਿ 100 ਦੇ ਕਰੀਬ ਸੈਂਪਲ ਸਰਕਾਰੀ ਸਕੂਲਾਂ ਵਿੱਚ ਲੱਗੇ ਪਾਣੀ ਵਾਲੀ ਟੂਟੀਆਂ ਦੇ ਫੇਲ੍ਹ ਹੋਏ ਹਨ।
ਕੁੰਭੜਾ ਤੋਂ ਇਲਾਵਾ ਤਿੰਨੇ ਖੇਤਰਾਂ ਜੁਝਾਰ ਨਗਰ, ਬਲੌਂਗੀ, ਬੱਡੋਮਾਜਰਾ, ਖਰੜ, ਜ਼ੀਰਕਪੁਰ ਅਤੇ ਡੇਰਾਬੱਸੀ ਦੀਆਂ ਕੁਝ ਕਲੋਨੀਆਂ ਅਤੇ ਪਿੰਡਾਂ ਦੇ ਇਲਾਕੇ ਡਾਇਰੀਆ ਸਬੰਧੀ ਸੰਵੇਦਨਸ਼ੀਲ ਨਜ਼ਰ ਆ ਰਹੇ ਹਨ। ਜਿਥੇ ਨਗਰ ਨਿਗਮ, ਸੈਨੀਟੇਸ਼ਨ ਅਤੇ ਸਿਹਤ ਟੀਮਾਂ ਵੱਲੋਂ ਲਗਾਤਾਰ ਕੰਮ ਜਾਰੀ ਹੈ।
- PTC NEWS