Grappling Championship 'ਚ ਛਾਈ ਫਤਿਹਗੜ੍ਹ ਸਾਹਿਬ ਦੀ ਧੀ ਨਵਦੀਪ ਰਾਠੌਰ, 2 ਚਾਂਦੀ ਦੇ ਤਗਮੇ ਜਿੱਤ ਕੇ ਪੰਜਾਬ ਤੇ ਮਾਪਿਆਂ ਦਾ ਨਾਂਅ ਕੀਤਾ ਰੌਸ਼ਨ
Junior National Grappling Championship 2025 : ਹਰਿਦੁਆਰ (ਉੱਤਰਾਖੰਡ) ਵਿੱਚ ਆਯੋਜਿਤ ਜੂਨੀਅਰ ਨੈਸ਼ਨਲ ਗ੍ਰੈਪਲਿੰਗ ਚੈਂਪੀਅਨਸ਼ਿਪ 2025 ਦੌਰਾਨ ਸਰਹਿੰਦ ਪਬਲਿਕ ਸਕੂਲ (ਜ਼ਿਲ੍ਹਾ ਫਤਿਹਗੜ੍ਹ ਸਾਹਿਬ) ਦੀ ਵਿਦਿਆਰਥਣ ਨਵਦੀਪ ਕੌਰ ਰਾਠੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਚਾਂਦੀ ਦੇ ਮੈਡਲ ਆਪਣੇ ਨਾਮ ਕੀਤੇ ਹਨ, ਉਸ ਦੀ ਇਸ ਉਪਲਬਧੀ ਨੇ ਨਾ ਸਿਰਫ਼ ਸਕੂਲ, ਬਲਕਿ ਪੂਰੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਚਮਕਾਇਆ ਹੈ।
ਨਵਦੀਪ ਦੀ ਵਾਪਸੀ ‘ਤੇ ਫਤਿਹਗੜ੍ਹ ਸਾਹਿਬ ਵਿੱਚ ਵੱਖ-ਵੱਖ ਸਮਾਜਿਕ ਅਤੇ ਖੇਡ ਸੰਸਥਾਵਾਂ ਨੇ ਉਸ ਦਾ ਸਨਮਾਨ ਕੀਤਾ। ਅੱਜ ਸਕੂਲ ਵਿੱਚ ਹੋਈ ਚੜਦੀ ਸਵੇਰ ਅਸੈਂਬਲੀ ਦੌਰਾਨ ਵੀ ਨਵਦੀਪ ਕੌਰ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਪੂਰਾ ਸਟਾਫ ਅਤੇ ਵਿਦਿਆਰਥੀ ਉਸ ਦੇ ਸਨਮਾਨ ਲਈ ਖੜੇ ਨਜ਼ਰ ਆਏ। ਇਸ ਮੌਕੇ ਉਸ ਨੂੰ ਬੈਸਟ ਸਟੂਡੈਂਟ ਅਵਾਰਡ ਨਾਲ ਵੀ ਨਵਾਜਿਆ ਗਿਆ, ਜੋ ਉਸ ਦੀ ਮਿਹਨਤ ਅਤੇ ਅਨੁਸ਼ਾਸਨ ਪ੍ਰਤੀ ਸਕੂਲ ਦਾ ਸਤਿਕਾਰ ਪ੍ਰਗਟ ਕਰਦਾ ਹੈ।
ਸਕੂਲ ਪ੍ਰਿੰਸੀਪਲ ਗੁਰਵਿੰਦਰ ਸਿੰਘ ਨੇ ਨਵਦੀਪ ਦੀ ਉਪਲਬਧੀ ‘ਤੇ ਮਾਣ ਜਤਾਉਂਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਮਯਾਬੀਆਂ ਬੱਚਿਆਂ ਲਈ ਪ੍ਰੇਰਣਾ ਦਾ ਸਰੋਤ ਹੁੰਦੀਆਂ ਹਨ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਡੂੰਘੀ ਰੁਚੀ ਰੱਖਣੀ ਚਾਹੀਦੀ ਹੈ, ਕਿਉਂਕਿ ਖੇਡਾਂ ਮਨੁੱਖ ਨੂੰ ਸਰੀਰਕ ਤੌਰ ‘ਤੇ ਤੰਦਰੁਸਤ ਰੱਖਣ ਦੇ ਨਾਲ ਇੱਕ ਸਿਹਤਮੰਦ ਅਤੇ ਮਨੋਰੰਜਕ ਪਲੇਟਫਾਰਮ ਪ੍ਰਦਾਨ ਕਰਦੀਆਂ ਹਨ।
ਉਹਨਾਂ ਨੇ ਇਹ ਵੀ ਦੱਸਿਆ ਕਿ ਨਵਦੀਪ ਕੌਰ ਰਾਠੋਰ ਨੇ ਆਪਣੀ ਸਖ਼ਤ ਮਿਹਨਤ ਨਾਲ ਸਕੂਲ ਵਿੱਚ ਖਾਸ ਪਹਿਚਾਨ ਬਣਾਈ ਹੈ ਅਤੇ ਹੁਣ ਉਸ ਦਾ ਇਹ ਕਾਰਨਾਮਾ ਰਾਜ ਪੱਧਰ ਤੋਂ ਉਪਰ ਉੱਠ ਕੇ ਰਾਸ਼ਟਰੀ ਪੱਧਰ ਤੱਕ ਚਮਕ ਰਿਹਾ ਹੈ। ਇਸ ਮਾਣਯੋਗ ਪ੍ਰਦਰਸ਼ਨ ਨਾਲ ਨਾ ਸਿਰਫ ਸਕੂਲ, ਸਗੋਂ ਸੂਬੇ ਦਾ ਨਾਮ ਵੀ ਉੱਚਾ ਹੋਇਆ ਹੈ।
ਸਨਮਾਨ ਸਮਾਰੋਹ ਦੌਰਾਨ ਨਵਦੀਪ ਕੌਰ ਨੇ ਸਕੂਲ ਪ੍ਰਬੰਧਕੀ, ਸਟਾਫ ਅਤੇ ਸਹਿਯੋਗੀ ਵਿਦਿਆਰਥੀਆਂ ਦਾ ਦਿਲੋਂ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਉਸ ਦੀ ਕਾਮਯਾਬੀ ਵਿੱਚ ਮਾਪਿਆਂ ਦੀ ਮਦਦ ਦੇ ਨਾਲ ਸਕੂਲ ਦੀ ਰਹਿਨੁਮਾਈ ਅਤੇ ਹੌਸਲਾ-ਅਫਜ਼ਾਈ ਦਾ ਵੀ ਮਹੱਤਵਪੂਰਨ ਯੋਗਦਾਨ ਹੈ।
ਖ਼ਾਸ ਕਰਕੇ ਲੜਕੀਆਂ ਨੂੰ ਸੰਦੇਸ਼ ਦਿੰਦਿਆਂ ਨਵਦੀਪ ਨੇ ਕਿਹਾ ਕਿ ਅੱਜ ਦੀ ਨਵੀਂ ਪੀੜੀ ਵਿੱਚ ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਤੋਂ ਘੱਟ ਨਹੀਂ। ਉਸ ਨੇ ਸਭ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਹਿੰਮਤ ਨਾਲ ਭਾਗ ਲੈਣ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਡਟੇ ਰਹਿਣ।
- PTC NEWS