New UK Visa Rule : ਯੂਕੇ ਵੀਜ਼ਾ ਨਿਯਮਾਂ ’ਚ ਵੱਡਾ ਬਦਲਾਅ ! ਭਾਰਤੀ ਯਾਤਰੀਆਂ ਲਈ ਵੀਜ਼ਾ ਸਟਿਕਰ ਖਤਮ
New UK Visa Rule : ਬ੍ਰਿਟੇਨ ਨੇ ਬੁੱਧਵਾਰ ਤੋਂ ਇੱਕ ਨਵਾਂ ਡਿਜੀਟਲ ਯਾਤਰਾ ਸਿਸਟਮ ਲਾਗੂ ਕੀਤਾ ਹੈ, ਜਿਸ ਦੇ ਤਹਿਤ ਭਾਰਤੀ ਯਾਤਰੀਆਂ ਲਈ ਈ-ਵੀਜ਼ਾ ਲਾਜ਼ਮੀ ਕਰ ਦਿੱਤਾ ਗਿਆ ਹੈ। ਯੂਨਾਈਟਿਡ ਕਿੰਗਡਮ ਦੀ ਇਸ ਨਵੀਂ ਪ੍ਰਣਾਲੀ ਦੇ ਤਹਿਤ, ਰਵਾਇਤੀ ਕਾਗਜ਼-ਅਧਾਰਤ ਵੀਜ਼ਾ 'ਸਟਿੱਕਰ' ਪ੍ਰਣਾਲੀ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਇੱਕ ਡਿਜੀਟਲ ਪ੍ਰਣਾਲੀ ਲਾਗੂ ਕੀਤੀ ਗਈ ਹੈ।
ਇਨ੍ਹਾਂ ਨਿਯਮਾਂ ਮਗਰੋਂ ਹੁਣ ਭਾਰਤੀ ਯਾਤਰੀ ਸਿਰਫ਼ ਈ-ਵੀਜ਼ਾ ਰਾਹੀਂ ਹੀ ਦਾਖਲ ਹੋ ਸਕਣਗੇ। 85 ਦੇਸ਼ਾਂ ਦੇ ਨਾਗਰਿਕ ਜਿਨ੍ਹਾਂ ਨੂੰ ਪਹਿਲਾਂ ਵੀਜ਼ੇ ਦੀ ਲੋੜ ਨਹੀਂ ਸੀ (ਜਿਵੇਂ ਕਿ ਅਮਰੀਕਾ, ਕੈਨੇਡਾ, ਫਰਾਂਸ) ਨੂੰ ਹੁਣ ਇਲੈਕਟ੍ਰਾਨਿਕ ਯਾਤਰਾ ਅਧਿਕਾਰ (ETA) ਪ੍ਰਾਪਤ ਕਰਨ ਦੀ ਲੋੜ ਹੋਵੇਗੀ। ਏਅਰਲਾਈਨਾਂ ਯਾਤਰੀਆਂ ਨੂੰ ਸਿਰਫ਼ ਤਾਂ ਹੀ ਸਵਾਰ ਹੋਣ ਦੀ ਇਜਾਜ਼ਤ ਦੇਣਗੀਆਂ ਜੇਕਰ ਉਨ੍ਹਾਂ ਕੋਲ ਵੈਧ ਈ-ਵੀਜ਼ਾ, ਈਟੀਏ ਜਾਂ ਹੋਰ ਪ੍ਰਵਾਨਿਤ ਦਸਤਾਵੇਜ਼ ਲਾਜ਼ਮੀ ਮੰਨੇ ਜਾਣਗੇ।
ਇਹ ਕਦਮ ਬ੍ਰਿਟੇਨ ਸਰਕਾਰ ਦੀ ਪੇਪਰਲੈੱਸ ਇਮੀਗ੍ਰੇਸ਼ਨ ਪ੍ਰਣਾਲੀ ਵੱਲ ਬਦਲਾਅ ਦੀ ਵਿਆਪਕ ਯੋਜਨਾ ਦਾ ਹਿੱਸਾ ਹੈ। ਵੀਜ਼ਾ ਵਿਗਨੈੱਟ ਸਟਿਕਰ, ਦਾਖ਼ਲਾ ਮੋਹਰਾਂ ਅਤੇ ਬਾਇਓਮੈਟਰਿਕ ਰਿਹਾਇਸ਼ ਪਰਮਿਟ (BRP) ਵਰਗੇ ਭੌਤਿਕ ਦਸਤਾਵੇਜ਼ ਹੁਣ ਹੌਲੇ-ਹੌਲੇ ਖਤਮ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਆਨਲਾਈਨ ਪ੍ਰਣਾਲੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ, ਜਿਸਦੀ ਦੇਖਭਾਲ UK Visas and Immigration (UKVI) ਵੱਲੋਂ ਕੀਤੀ ਜਾਂਦੀ ਹੈ।
ਹਾਲਾਂਕਿ ਅਰਜ਼ੀਦਾਰਾਂ ਨੂੰ ਬਾਇਓਮੈਟਰਿਕ ਦਰਜ ਕਰਵਾਉਣ ਲਈ ਵੀਜ਼ਾ ਐਪਲੀਕੇਸ਼ਨ ਸੈਂਟਰ ‘ਤੇ ਹਾਜ਼ਰੀ ਦੇਣੀ ਲਾਜ਼ਮੀ ਰਹੇਗੀ, ਪਰ ਹੁਣ ਉਨ੍ਹਾਂ ਨੂੰ ਕਾਰਵਾਈ ਦੌਰਾਨ ਆਪਣਾ ਪਾਸਪੋਰਟ ਕੇਂਦਰ ‘ਤੇ ਜਮ੍ਹਾਂ ਨਹੀਂ ਕਰਵਾਉਣਾ ਪਵੇਗਾ। ਇਸ ਨਾਲ ਪ੍ਰਕਿਰਿਆ ਤੇਜ਼ ਹੋਣ ਅਤੇ ਯਾਤਰੀਆਂ ਨੂੰ ਸੁਵਿਧਾ ਮਿਲਣ ਦੀ ਉਮੀਦ ਹੈ।
ਇਸ ਤੋਂ ਇਲਾਵਾ, ਬ੍ਰਿਟੇਨ ਨੇ ਵੀਜ਼ਾ-ਮੁਕਤ ਦੇਸ਼ਾਂ ਦੇ ਯਾਤਰੀਆਂ ਲਈ ਇਲੈਕਟ੍ਰਾਨਿਕ ਟਰੈਵਲ ਆਥਰਾਈਜ਼ੇਸ਼ਨ (ETA) ਲਾਜ਼ਮੀ ਕਰ ਦਿੱਤੀ ਹੈ। 85 ਦੇਸ਼ਾਂ ਦੇ ਨਾਗਰਿਕਾਂ ਨੂੰ ਯਾਤਰਾ ਤੋਂ ਪਹਿਲਾਂ ਇਲੈਕਟ੍ਰਾਨਿਕ ਟਰੈਵਲ ਆਥਰਾਈਜ਼ੇਸ਼ਨ ਪ੍ਰਾਪਤ ਕਰਨੀ ਪਵੇਗੀ। ਇਲੈਕਟ੍ਰਾਨਿਕ ਟਰੈਵਲ ਆਥਰਾਈਜ਼ੇਸ਼ਨ ਦੀ ਫੀਸ 16 ਪਾਊਂਡ ਹੈ ਅਤੇ ਇਹ ਦੋ ਸਾਲ ਜਾਂ ਪਾਸਪੋਰਟ ਮਿਆਦ ਸਮਾਪਤ ਹੋਣ ਤੱਕ ਵੈਧ ਰਹੇਗੀ।
- PTC NEWS