ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਪ੍ਰਗਟ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ.) ਦੇ ਨਵ-ਨਿਯੁਕਤ ਪ੍ਰਧਾਨ ਪ੍ਰਗਟ ਸਿੰਘ ਨੇ ਆਪਣੀ ਨਵੀਂ ਜ਼ਿੰਮੇਵਾਰੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਡਾ. ਮਨਮੋਹਨ ਸਿੰਘ ਦੀ ਧਰਮਪਤਨੀ (ਮਿਸੀਜ਼ ਮਨਮੋਹਨ ਸਿੰਘ) ਤੋਂ ਆਸ਼ੀਰਵਾਦ ਲਿਆ।
ਡਾ. ਮਨਮੋਹਨ ਸਿੰਘ ਜੀ ਪੰਜਾਬੀਅਤ, ਸਿੱਖੀ ਅਤੇ ਦੇਸ਼ ਦੇ ਅਜਿਹੇ ਮਹਾਨ ਸਤੰਭ (ਸਟਾਲਵਰਟ) ਹਨ, ਜਿਨ੍ਹਾਂ ਨੇ ਨਾ ਸਿਰਫ਼ ਆਰਥਿਕ ਤੌਰ 'ਤੇ ਦੇਸ਼ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ, ਬਲਕਿ ਇਮਾਨਦਾਰੀ ਅਤੇ ਇਨਸਾਨੀਅਤ ਦੀ ਇੱਕ ਮਿਸਾਲ ਕਾਇਮ ਕੀਤੀ। ਮੈਨੂੰ ਲੱਗਦਾ ਸੀ ਕਿ ਆਪਣੀ ਨਵੀਂ ਪਾਰਟੀ ਜ਼ਿੰਮੇਵਾਰੀ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰ ਦਾ ਆਸ਼ੀਰਵਾਦ ਲੈ ਕੇ ਅੱਗੇ ਵਧਿਆ ਜਾਵੇ। ਡਾ. ਮਨਮੋਹਨ ਸਿੰਘ ਜੀ ਨੇ ਦੇਸ਼ ਵਿੱਚ ਜਿਹੜੀਆਂ ਸੰਸਥਾਵਾਂ ਖੜ੍ਹੀਆਂ ਕੀਤੀਆਂ ਸਨ, ਅੱਜ ਦੇ ਰਾਜਨੀਤਿਕ ਪ੍ਰਬੰਧ ਨੇ ਉਨ੍ਹਾਂ ਨੂੰ ਕਮਜ਼ੋਰ ਕਰ ਦਿੱਤਾ ਹੈ। ਸਾਡਾ ਮਕਸਦ ਉਸੇ ਭਾਵਨਾ (Spirit) ਨੂੰ ਪੰਜਾਬ ਅਤੇ ਦੇਸ਼ ਵਿੱਚ ਮੁੜ ਸੁਰਜੀਤ ਕਰਨਾ ਹੈ ਤਾਂ ਜੋ ਪੰਜਾਬ ਤਰੱਕੀ ਦੇ ਰਾਹ 'ਤੇ ਅੱਗੇ ਵਧ ਸਕੇ।
ਅਮ੍ਰਿਤਸਰ ਘਟਨਾ ਅਤੇ ਲਾਅ ਐਂਡ ਆਰਡਰ 'ਤੇ ਘੇਰਿਆ
ਅੰਮ੍ਰਿਤਸਰ ਵਿੱਚ ਹੋਈ ਹੱਤਿਆ ਦੀ ਘਟਨਾ ਅਤੇ ਗੈਂਗਸਟਰਾਂ ਵੱਲੋਂ ਜ਼ਿੰਮੇਵਾਰੀ ਲਏ ਜਾਣ ਦੇ ਸਵਾਲ 'ਤੇ ਬੋਲਦਿਆਂ ਪ੍ਰਗਟ ਸਿੰਘ ਨੇ ਮੌਜੂਦਾ ਸਰਕਾਰ ਅਤੇ ਪੰਜਾਬ ਪੁਲਿਸ ਦੀ ਅਗਵਾਈ 'ਤੇ ਸਵਾਲ ਚੁੱਕੇ।
ਜਦੋਂ ਸੰਸਥਾਵਾਂ ਢਹਿ-ਢੇਰੀ ਹੋ ਜਾਂਦੀਆਂ ਹਨ, ਤਾਂ ਅਜਿਹੇ ਹਾਲਾਤ ਪੈਦਾ ਹੁੰਦੇ ਹਨ। ਪੰਜਾਬ ਪੁਲਿਸ ਬਹੁਤ ਸਮਰੱਥ ਹੈ, ਪਰ ਮੌਜੂਦਾ ਸਿਆਸੀ ਅਤੇ ਪੁਲਿਸ ਲੀਡਰਸ਼ਿਪ ਦੀ ਘਾਟ ਕਾਰਨ ਸਥਿਤੀ ਨੂੰ ਪੇਸ਼ੇਵਰ ਤਰੀਕੇ ਨਾਲ ਨਹੀਂ ਸੰਭਾਲਿਆ ਜਾ ਰਿਹਾ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੀਡਰਸ਼ਿਪ ਦੇ ਸਿਸਟਮ ਨੂੰ ਖ਼ਤਮ ਕਰ ਦਿੱਤਾ ਹੈ, ਜਿਸ ਦਾ ਸਭ ਤੋਂ ਵੱਡਾ ਨੁਕਸਾਨ ਸੂਬੇ ਨੂੰ ਹੋ ਰਿਹਾ ਹੈ। ਪੰਜਾਬ ਦਾ ਚਰਿੱਤਰ ਅਤੇ ਪੰਜਾਬੀਅਤ ਅਜਿਹੀ ਹੈ ਜੋ ਨਾ ਤਾਂ ਧਾੜਵੀਆਂ ਨੂੰ ਪਸੰਦ ਕਰਦੀ ਹੈ ਅਤੇ ਨਾ ਹੀ ਨਫ਼ਰਤ ਫੈਲਾਉਣ ਵਾਲਿਆਂ ਨੂੰ। ਆਉਣ ਵਾਲੇ ਸਮੇਂ ਵਿੱਚ ਅਸੀਂ ਪੰਜਾਬ ਦੇ ਵੱਕਾਰ ਅਤੇ ਸ਼ਾਨ ਨੂੰ ਮੁੜ ਬਹਾਲ ਕਰਾਂਗੇ।
- PTC NEWS