Sun, Oct 4, 2026
Whatsapp

ਪੰਜਾਬ 'ਚ ਸੋਸ਼ਲ ਮੀਡੀਆ ਤੋਂ ਗੈਂਗਵਾਰ ਤੱਕ ਦਾ ਖ਼ੂਨੀ ਸਫ਼ਰ, ਲਾਈਵ ਵੀਡੀਓ ਤੇ ਧਮਕੀਆਂ ਤੋਂ ਬਾਅਦ ਵਾਪਰ ਰਹੇ ਨੇ ਚਰਚਿਤ ਕਤਲਕਾਂਡ!

Punjab News: ਅੰਮ੍ਰਿਤਸਰ ‘ਚ ਸੋਸ਼ਲ ਮੀਡੀਆ ਇਨਫਲੂਐਂਸਰ ਤੇ ਮੇਕਅੱਪ ਆਰਟਿਸਟ ਮੈਡ ਸੰਧੂ ਦੇ ਕਤਲ ਨੇ ਇੱਕ ਵਾਰ ਫਿਰ ਪੰਜਾਬ ‘ਚ ਚਰਚਿਤ ਚਿਹਰਿਆਂ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

Reported by:  PTC News Desk  Edited by:  Amritpal Singh -- October 04th 2026 11:39 AM
ਪੰਜਾਬ 'ਚ ਸੋਸ਼ਲ ਮੀਡੀਆ ਤੋਂ ਗੈਂਗਵਾਰ ਤੱਕ ਦਾ ਖ਼ੂਨੀ ਸਫ਼ਰ, ਲਾਈਵ ਵੀਡੀਓ ਤੇ ਧਮਕੀਆਂ ਤੋਂ ਬਾਅਦ ਵਾਪਰ ਰਹੇ ਨੇ ਚਰਚਿਤ ਕਤਲਕਾਂਡ!

ਪੰਜਾਬ 'ਚ ਸੋਸ਼ਲ ਮੀਡੀਆ ਤੋਂ ਗੈਂਗਵਾਰ ਤੱਕ ਦਾ ਖ਼ੂਨੀ ਸਫ਼ਰ, ਲਾਈਵ ਵੀਡੀਓ ਤੇ ਧਮਕੀਆਂ ਤੋਂ ਬਾਅਦ ਵਾਪਰ ਰਹੇ ਨੇ ਚਰਚਿਤ ਕਤਲਕਾਂਡ!

Punjab News: ਅੰਮ੍ਰਿਤਸਰ ‘ਚ ਸੋਸ਼ਲ ਮੀਡੀਆ ਇਨਫਲੂਐਂਸਰ ਤੇ ਮੇਕਅੱਪ ਆਰਟਿਸਟ ਮੈਡ ਸੰਧੂ ਦੇ ਕਤਲ ਨੇ ਇੱਕ ਵਾਰ ਫਿਰ ਪੰਜਾਬ ‘ਚ ਚਰਚਿਤ ਚਿਹਰਿਆਂ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। 3 ਅਕਤੂਬਰ 2026 ਨੂੰ ਲੋਹਾਰਕਾ ਰੋਡ ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਮੈਡ ਸੰਧੂ ਤੇ ਗੋਲੀਆਂ ਚਲਾਈਆਂ। ਹਸਪਤਾਲ ‘ਚ ਉਨ੍ਹਾਂ ਦੀ ਮੌਤ ਹੋ ਗਈ।


ਮੈਡ ਸੰਧੂ ਦੇ ਕਤਲ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋਣ ਲੱਗੀ, ਜਿਸ ‘ਚ ਇਸ ਕਤਲ ਦੀ ਜ਼ਿਮੇਮਵਾਰੀ ਗੋਲਡੀ ਢਿੱਲੋਂ ਤੇ ਜੱਗਾ ਤਰਨਤਾਰਨ ਵੱਲੋਂ ਲਏ ਜਾਣ ਦਾ ਦਾਅਵਾ ਕੀਤਾ ਗਿਆ।


ਮੈਡ ਸੰਧੂ ਦੇ ਕਤਲ ਨੇ ਲੋਕਾਂ ਨੂੰ ਕਮਲ ਕੌਰ ਭਾਬੀ, ਮਨਜੀਤ ਕੌਰ, ਸੰਦੀਪ ਨੰਗਲ ਅੰਬੀਆਂ, ਰਾਣਾ ਬਲਾਚੌਰੀਆ, ਸਿੱਧੂ ਮੂਸੇਵਾਲਾ ਅਤੇ ਅਮਰ ਸਿੰਘ ਚਮਕੀਲਾ ਵਰਗੇ ਮਾਮਲਿਆਂ ਦੀ ਯਾਦ ਦਿਵਾ ਦਿੱਤੀ ਹੈ। ਹਾਲਾਂਕਿ ਇਨ੍ਹਾਂ ਸਾਰੀਆਂ ਘਟਨਾਵਾਂ ਦੀ ਪਿਛੋਕੜ ਅਤੇ ਕਾਰਨ ਵੱਖ-ਵੱਖ ਰਹੇ ਹਨ, ਪਰ ਇਨ੍ਹਾਂ ਮਾਮਲਿਆਂ ਵਿੱਚ ਇੱਕ ਗੱਲ ਸਾਂਝੀ ਰਹੀ ਕਿ ਇਹ ਸਾਰੇ ਆਪਣੇ-ਆਪਣੇ ਖੇਤਰਾਂ ‘ਚ ਚਰਚਿਤ ਨਾਮ ਸਨ।


ਮੈਡ ਸੰਧੂ- ਸੋਸ਼ਲ ਮੀਡੀਆ ਇਨਫਲੂਐਂਸਰ ਦਾ ਕਤਲ

ਮੈਡ ਸੰਧੂ, ਜਿਨ੍ਹਾਂ ਦਾ ਅਸਲ ਨਾਮ ਮਧੂਸੁਦਨ ਸੰਧੂ ਦੱਸਿਆ ਜਾਂਦੇ ਹੈ, ਅੰਮ੍ਰਿਤਸਰ ਦੇ ਜਾਣੇ-ਪਛਾਣੇ LGBTQ ਸੋਸ਼ਲ ਮੀਡੀਆ ਇਨਫਲੂਐਂਸਰ ਤੇ ਮੇਕਅੱਪ ਆਰਟਿਸਟ ਸਨ। ਉਨ੍ਹਾਂ ਦੇ ਇੰਸਟਾਗ੍ਰਾਮ ਤੇ 2 ਲੱਖ ਤੋਂ ਵੱਧ ਫਾਲੋਅਰ ਸਨ ਤੇ ਉਹ ਸੈਲੂਨ ਤੇ ਬਿਊਟੀ ਅਕੈਡਮੀਆਂ ਵੀ ਚਲਾਉਂਦੇ ਸਨ।

3 ਅਕਤੂਬਰ ਨੂੰ ਉਨ੍ਹਾਂ ਤੇ ਗੋਲੀਆਂ ਚਲਾਈਆਂ ਗਈਆਂ। ਕੁਝ ਮਹੀਨੇ ਪਹਿਲਾਂ ਉਨ੍ਹਾਂ ਦਾ ਸੋਸ਼ਲ ਮੀਡੀਆ ਕੰਟੈਂਟ ਨੂੰ ਲੈ ਕੇ ਵਿਵਾਦ ਵੀ ਸਾਹਮਣੇ ਆਇਆ ਸੀ। ਇਸ ਤੋਂ ਇਲਾਵਾ ਵੱਖ-ਵੱਖ ਵਿਵਾਦ ਕਰਕੇ ਉਹ ਚਰਚਾ ‘ਚ ਰਹਿੰਦੇ ਸਨ।

ਕਮਲ ਕੌਰ ਭਾਬੀ- ਕੰਟੈਂਟ ਨੂੰ ਲੈ ਕੇ ਵਿਵਾਦ ਤੋਂ ਕਤਲ ਤੱਕ

2025 ‘ਚ ਪੰਜਾਬ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦਾ ਕਤਲ ਹੋਇਆ ਸੀ। ਉਨ੍ਹਾਂ ਦੀ ਲਾਸ਼ ਬਠਿੰਡਾ ‘ਚ ਇੱਕ ਕਾਰ ‘ਚੋਂ ਮਿਲੀ ਸੀ। ਪੁਲਿਸ ਮੁਤਾਬਕ ਮੌਤ ਗਲਾ ਘੁੱਟਣ ਕਾਰਨ ਹੋਈ ਸੀ। ਇਸ ਮਾਮਲੇ ‘ਚ ਕੁਝ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦਕਿ ਮੁੱਖ ਸਾਜ਼ਿਸ਼ਕਰਤਾ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਬਾਅਦ ‘ਚ ਭਗੌੜਾ ਕਰਾਰ ਦਿੱਤਾ ਗਿਆ ਸੀ। ਬਾਅਦ ‘ਚ ਉਸ ਨੂੰ ਯੂਏਈ ਤੋਂ ਭਾਰਤ ਲਿਆਂਦਾ ਗਿਆ ਸੀ। ਇਸ ਮਾਮਲੇ ‘ਚ ਪੁਲਿਸ ਜਾਂਚ ਦੌਰਾਨ ਕਥਿਤ ਤੌਰ ਤੇ ਕੰਚਨ ਕੁਮਾਰੀ ਦੇ ਸੋਸ਼ਲ ਮੀਡੀਆ ਕੰਟੈਂਟ ਤੇ ਉਸ ਨਾਲ ਜੁੜੇ ਵਿਵਾਦ ਨੂੰ ਵੀ ਜਾਂਚ ਦਾ ਹਿੱਸਾ ਬਣਾਇਆ ਗਿਆ ਸੀ।

ਮਨਜੀਤ ਕੌਰ- ਅਗਵਾ, ਹਮਲਾ ਤੇ ਫਿਰ ਮੌਤ

ਇਸੇ ਸਾਲ, 2026 ‘ਚ ਸੋਸ਼ਲ ਮੀਡੀਆ ਇਨਫਲੂਐਂਸਰ ਮਨਜੀਤ ਕੌਰ ਦੀ ਮੌਤ ਦਾ ਮਾਮਲਾ ਵੀ ਸਾਹਮਣੇ ਆਇਆ। ਪਰਿਵਾਰ ਦੇ ਇਲਜ਼ਾਮਾਂ ਮੁਤਾਬਕ ਉਨ੍ਹਾਂ ਨੂੰ ਕਥਿਤ ਤੌਰ ਤੇ ਅਗਵਾ ਕਰਕੇ ਹਮਲਾ ਕੀਤਾ ਗਿਆ ਤੇ ਬਾਅਦ ‘ਚ ਅੱਗ ਲਗਾ ਦਿੱਤੀ ਗਈ। ਗੰਭੀਰ ਰੂਪ ‘ਚ ਝੁਲਸਣ ਤੋਂ ਬਾਅਦ ਚੰਡੀਗੜ੍ਹ ਦੇ ਹਸਪਤਾਲ ‘ਚ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਨੇ ਘਟਨਾ ਦੀ ਕੜੀ ਜੋੜਨ ਲਈ CCTV ਤੇ ਹੋਰ ਸਬੂਤਾਂ ਦੀ ਜਾਂਚ ਕੀਤੀ। ਇਸ ਮਾਮਲੇ ਦੀ ਜਾਂਚ ਜਾਰੀ ਹੈ।


ਚੀਨੀ ਕੁੱਬਾਹੇੜੀ- ਜ਼ਮੀਨੀ ਵਿਵਾਦ ਤੋਂ ਕਾਂਟਰੈਕਟ ਕਿਲਿੰਗ ਤੱਕ

2026 ‘ਚ ਚੰਡੀਗੜ੍ਹ ਦੇ ਪ੍ਰਾਪਰਟੀ ਡੀਲਰ ਚਰਨਪ੍ਰੀਤ ਸਿੰਘ ਉਰਫ਼ ਚੀਨੀ ਕੁੱਬਾਹੇੜੀ ਦਾ ਸੈਕਟਰ-9 ਦੇ ਇੱਕ ਜਿਮ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਜਾਂਚ ਮੁਤਾਬਕ ਮਾਮਲਾ ਨਿਊ ਚੰਡੀਗੜ੍ਹ ਦੀ ਜਾਇਦਾਦ ਨਾਲ ਜੁੜੇ ਵਿਵਾਦ ਤੱਕ ਪਹੁੰਚਿਆ। ਜਾਂਚ ‘ਚ ਇਲਜ਼ਾਮ ਲਗਾਇਆ ਗਿਆ ਕਿ ਅਮਰੀਨ ਨਾਮ ਦੀ ਮਹਿਲਾ ਨੇ ਕਥਿਤ ਤੌਰ ਤੇ ਗੈਂਗਸਟਰ ਲੱਕੀ ਪਟਿਆਲ ਨਾਲ ਸੰਪਰਕ ਕਰਕੇ ਕਤਲ ਦੀ ਸਾਜ਼ਿਸ਼ ਰਚੀ।


ਰਾਣਾ ਬਲਾਚੌਰੀਆ- ਕਬੱਡੀ ਦੇ ਮੈਦਾਨ ਚ ਗੋਲੀਆਂ

ਕੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ਕਬੱਡੀ ਨਾਲ ਜੁੜੇ ਪ੍ਰਮੋਟਰ ਸਨ। ਦਸੰਬਰ 2025 ‘ਚ ਮੋਹਾਲੀ ਦੇ ਸੋਹਾਣਾ ‘ਚ ਕਬੱਡੀ ਟੂਰਨਾਮੈਂਟ ਦੌਰਾਨ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਸ਼ੁਰੂਆਤੀ ਜਾਂਚ ‘ਚ ਕਤਲ ਨੂੰ ਕਬੱਡੀ ਟੂਰਨਾਮੈਂਟਾਂ ‘ਤੇ ਕੰਟਰੋਲ ਤੇ ਦਬਦਬੇ ਦੀ ਕਥਿਤ ਲੜਾਈ ਨਾਲ ਜੋੜਿਆ ਸੀ। ਬਾਅਦ ‘ਚ ਕਈ ਸ਼ੂਟਰ ਤੇ ਸਹਿਯੋਗੀ ਗ੍ਰਿਫ਼ਤਾਰ ਕੀਤੇ ਗਏ। ਇੱਕ ਸੋਸ਼ਲ ਮੀਡੀਆ ਪੋਸਟ ‘ਚ ਕਤਲ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਦੱਸਣ ਦਾ ਦਾਅਵਾ ਵੀ ਕੀਤਾ ਗਿਆ ਸੀ।


ਸਿੱਧੂ ਮੂਸੇਵਾਲਾ- ਪੰਜਾਬ ਦਾ ਸਭ ਤੋਂ ਚਰਚਿਤ ਕਤਲ

29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਨਸਾ ਜ਼ਿਲ੍ਹੇ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜਾਂਚ ‘ਚ ਗੈਂਗਸਟਰ ਨੈੱਟਵਰਕ, ਸ਼ੂਟਰਾਂ ਤੇ ਕਥਿਤ ਸਾਜ਼ਿਸ਼ਕਰਤਾਵਾਂ ਦੇ ਨਾਮ ਸਾਹਮਣੇ ਆਏ। 2026 ‘ਚ ਵੀ ਇਹ ਕੇਸ ਅਦਾਲਤੀ ਕਾਰਵਾਈ ਤੇ ਜਾਂਚ ਪ੍ਰਕਿਰਿਆ ਚਰਚਾ ‘ਚ ਹੈ।


ਸੰਦੀਪ ਨੰਗਲ ਅੰਬੀਆਂ- ਕਬੱਡੀ ਜਗਤ ਦਾ ਵੱਡਾ ਘਾਟਾ

ਪੰਜਾਬ ‘ਚ ਚਰਚਿਤ ਕਤਲਾਂ ‘ਚ ਸੰਦੀਪ ਨੰਗਲ ਅੰਬੀਆਂ ਦਾ ਨਾਮ ਵੀ ਮਹੱਤਵਪੂਰਨ ਹੈ। ਮਾਰਚ 2022 ‘ਚ ਜਲੰਧਰ ਦੇ ਮੱਲੀਆਂ ਖੁਰਦ ਵਿੱਚ ਕਬੱਡੀ ਟੂਰਨਾਮੈਂਟ ਦੌਰਾਨ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਬਾਅਦ ਦੀਆਂ ਜਾਂਚਾਂ ‘ਚ ਕਬੱਡੀ ਨਾਲ ਜੁੜੀਆਂ ਐਸੋਸੀਏਸ਼ਨਾਂ ਤੇ ਟੂਰਨਾਮੈਂਟਾਂ ਦੇ ਕੰਟਰੋਲ ਨੂੰ ਲੈ ਕੇ ਕਥਿਤ ਰੰਜਿਸ਼ ਦਾ ਐਂਗਲ ਸਾਹਮਣੇ ਆਇਆ।

ਅਮਰ ਸਿੰਘ ਚਮਕੀਲਾ- 1988 ਦਾ ਅਣਸੁਲਝਿਆ ਕਤਲ

ਅੱਜ ਤੋਂ ਕਈ ਦਹਾਕੇ ਪਹਿਲਾਂ ਅਮਰ ਸਿੰਘ ਚਮਕੀਲਾ ਤੇ ਉਨ੍ਹਾਂ ਦੀ ਪਤਨੀ ਅਮਰਜੋਤ ਦਾ 8 ਮਾਰਚ 1988 ਨੂੰ ਮਹਿਸਮਪੁਰ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ‘ਚ ਕਈ ਚਰਚਾਵਾਂ ਸਾਹਮਣੇ ਆਈਆਂ, ਪਰ ਮਾਮਲਾ ਅੱਜ ਤੱਕ ਅਣਸੁਲਝਿਆ ਮੰਨਿਆ ਜਾਂਦਾ ਹੈ ਅਤੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਚਮਕੀਲਾ ਦੇ ਗੀਤਾਂ ਤੇ ਉਨ੍ਹਾਂ ਦੇ ਵਿਵਾਦਿਤ ਕੰਟੈਂਟ ਨੂੰ ਲੈ ਕੇ ਵੱਖ-ਵੱਖ ਦਾਅਵੇ ਕੀਤੇ ਜਾਂਦੇ ਰਹੇ ਹਨ।

ਧਮਕੀਆਂ ਤੇ ਗੋਲੀਬਾਰੀ ਤੱਕ…

ਪੰਜਾਬ ‘ਚ ਕਈ ਚਰਚਿਤ ਚਿਹਰਿਆਂ ਨੂੰ ਵੀ ਧਮਕੀਆਂ ਮਿਲਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਪੰਜਾਬੀ ਸਿੰਗਰ ਗੁਲਾਬ ਸਿੱਧੂ ਨੂੰ ਪਹਿਲਾਂ ਧਮਕੀਆਂ ਮਿਲਣ ਤੋਂ ਬਾਅਦ 2026 ‘ਚ ਉਨ੍ਹਾਂ ਦੇ ਬਰਨਾਲਾ ਸਥਿਤ ਘਰ ਤੇ ਗੋਲੀਆਂ ਵੀ ਚਲਾਈਆਂ ਗਈਆਂ। ਮਸ਼ਹੂਰ ਸਿੰਗਰ ਕਰਨ ਔਜਲਾ ਕੈਨੇਡਾ ਵਾਲੇ ਘਰ ‘ਤੇ ਗੋਲੀਬਾਰੀ ਦੀ ਘਟਨਾ ਦਾ ਜ਼ਿਕਰ ਕਰ ਚੁੱਕੇ ਹਨ। ਕਪਿਲ ਸ਼ਰਮਾ ਦੇ ਕੈਨੇਡਾ ਵਾਲੇ ‘ਕੈਪਸ ਕੈਫੇ’ ‘ਤੇ ਗੋਲੀਬਾਰੀ ਦੀਆਂ ਘਟਨਾਵਾਂ ਕਾਫ਼ੀ ਚਰਚਾਵਾਂ ‘ਚ ਰਹੀਆਂ। ਧਮਕੀਆਂ ਤੇ ਗੋਲੀਬਾਰੀ ਦੀਆਂ ਘਟਨਾਵਾਂ ਦੀ ਇਹ ਲਿਸਟ ਕਾਫ਼ੀ ਲੰਬੀ ਹੈ।


ਇਸੇ ਤਰ੍ਹਾਂ ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ ਇਨਫਲੂਐਂਸਰ ਦੀਪਿਕਾ ਲੁਥਰਾ ਤੇ ਪ੍ਰੀਤ ਜੱਟੀ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਸਨ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਚਰਚਿਤ ਚਿਹਰਿਆਂ ਨੂੰ ਵੀ ਸਮੇਂ-ਸਮੇਂ ਤੇ ਧਮਕੀਆਂ ਜਾਂ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਨੇ ਜਨਤਕ ਸ਼ਖਸੀਅਤਾਂ ਦੀ ਸੁਰੱਖਿਆ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK