Newlywed couple Accident : ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ , ਹਨੀਮੂਨ 'ਤੇ ਗਏ ਨਵ-ਵਿਆਹੇ ਜੋੜੇ ਦੀ ਕਾਰ ਦਾ ਹੋਇਆ ਐਕਸੀਡੈਂਟ, ਪਤੀ ਦੀ ਮੌਤ
Newlywed couple Accident in Kiratpur Sahib : ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ 'ਤੇ ਕੀਰਤਪੁਰ ਸਾਹਿਬ ਵਿੱਚ ਐਤਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਇੱਕ ਨਵ-ਵਿਆਹੇ ਪਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਉਸਦੀ ਪਤਨੀ ਸਮੇਤ ਚਾਰ ਹੋਰ ਗੰਭੀਰ ਜ਼ਖਮੀ ਹੋ ਗਏ ਹਨ। ਇਸ ਸੜਕ ਹਾਦਸੇ ਵਿੱਚ ਨਵੀਂ ਵਿਆਹੀ ਦੁਲਹਨ ਦਾ ਸੁਹਾਗ ਉਜੜ ਗਿਆ ਹੈ। ਵਿਆਹ ਤੋਂ ਬਾਅਦ ਹਿਮਾਚਲ ਘੁੰਮਣ ਗਏ ਇਸ ਨਵ-ਵਿਆਹੇ ਜੋੜੇ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਨ੍ਹਾਂ ਦਾ ਸਾਥ ਸਿਰਫ਼ ਕੁਝ ਦਿਨਾਂ ਦਾ ਹੀ ਹੋਵੇਗਾ।
ਦਰਅਸਲ 'ਚ ਕਾਰ ਵਿੱਚ ਪੰਜ ਲੋਕ ਸਵਾਰ ਸਨ ,ਜਿਨ੍ਹਾਂ 'ਚ ਦੋ ਨਵ-ਵਿਆਹੇ ਜੋੜੇ ਅਤੇ ਇੱਕ ਡਰਾਈਵਰ ਸ਼ਾਮਿਲ ਸੀ। ਇਹ ਸਾਰੇ ਯੂਪੀ ਤੋਂ ਹਿਮਾਚਲ ਘੁੰਮਣ ਲਈ ਗਏ ਹੋਏ ਸੀ ਅਤੇ ਵਾਪਸ ਆ ਰਹੇ ਸਨ। ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਹਾਦਸੇ ਤੋਂ ਬਾਅਦ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਟੁਕੜੇ-ਟੁਕੜੇ ਹੋ ਗਏ। ਇਹ ਹਾਦਸਾ ਸਵੇਰੇ 4 ਵਜੇ ਦੇ ਕਰੀਬ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ 'ਤੇ ਕੀਰਤਪੁਰ ਸਾਹਿਬ ਇਲਾਕੇ ਵਿੱਚ ਵਾਪਰਿਆ।
ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਪਰਿਵਾਰ
ਹਾਦਸੇ ਵਿੱਚ ਮ੍ਰਿਤਕ ਦੀ ਪਛਾਣ ਨੀਰਜ (30 ਸਾਲ) ਵਜੋਂ ਹੋਈ ਹੈ, ਜੋ ਕਿ ਉੱਤਰ ਪ੍ਰਦੇਸ਼ ਦੇ ਅਜੈਪੁਰ ਦਾ ਰਹਿਣ ਵਾਲਾ ਹੈ। ਉਸਦੀ ਪਤਨੀ ਸ਼ਿਲਪੀ (21) ਗੰਭੀਰ ਜ਼ਖਮੀ ਹੋ ਗਈ ਸੀ ਅਤੇ ਉਸਨੂੰ ਸੈਕਟਰ 32, ਚੰਡੀਗੜ੍ਹ ਦੇ ਜੀਐਮਸੀਐਚ ਵਿੱਚ ਦਾਖਲ ਕਰਵਾਇਆ ਗਿਆ। ਨੀਰਜ ਅਤੇ ਸ਼ਿਲਪੀ ਨੇ ਹਾਲ ਹੀ ਵਿੱਚ ਵਿਆਹ ਕਰਵਾਇਆ ਸੀ ਅਤੇ ਵਿਆਹ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਸਫ਼ਰ ਸੀ।
ਦੂਜਾ ਜੋੜਾ ਵੀ ਗੰਭੀਰ ਜ਼ਖਮੀ
ਕਾਰ ਵਿੱਚ ਸਵਾਰ ਦੂਜੇ ਨਵ-ਵਿਆਹੇ ਜੋੜੇ - ਸਾਹਿਲ (30) ਅਤੇ ਉਸਦੀ ਪਤਨੀ ਸਲੋਨੀ (20) - ਦੀ ਪਛਾਣ ਵੀ ਉੱਤਰ ਪ੍ਰਦੇਸ਼ ਦੇ ਅਜੈਪੁਰ ਪਿੰਡ ਦੇ ਰਹਿਣ ਵਾਲੇ ਵਜੋਂ ਹੋਈ ਹੈ। ਦੋਵਾਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਹਨ। ਇਸ ਦੌਰਾਨ ਕਾਰ ਚਾਲਕ ਆਸ਼ੀਸ਼, ਜੋ ਕਿ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੀ ਸੁਭਾਸ਼ ਕਲੋਨੀ ਦਾ ਰਹਿਣ ਵਾਲਾ ਹੈ, ਜ਼ਖਮੀ ਹੋ ਗਿਆ ਹੈ। ਸਾਰੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਪੁਲਿਸ ਜਾਂਚ ਕਰ ਰਹੀ ਹੈ
ਹਾਦਸੇ ਦੀ ਸੂਚਨਾ ਮਿਲਦੇ ਹੀ ਗਡਮੌੜਾ ਟੋਲ ਪਲਾਜ਼ਾ ਦੇ ਕਰਮਚਾਰੀ ਅਤੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਏ ਅਤੇ ਜ਼ਖਮੀਆਂ ਨੂੰ ਤੁਰੰਤ ਕਾਰ 'ਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਪਹੁੰਚਾਇਆ ਗਿਆ। ਜਾਂਚ ਅਧਿਕਾਰੀ ਏਐਸਆਈ ਖੁਸ਼ਹਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਜੇਬ ਵਿੱਚੋਂ ਮੋਬਾਈਲ ਫੋਨ ਅਤੇ ਏਟੀਐਮ ਕਾਰਡ ਬਰਾਮਦ ਹੋਇਆ ਹੈ, ਜਿਸ ਦੀ ਮਦਦ ਨਾਲ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਪੁਲਿਸ ਹੁਣ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਸਕੈਨ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਪੀੜਤ ਨੂੰ ਕਿਸ ਵਾਹਨ ਨੇ ਟੱਕਰ ਮਾਰੀ ਸੀ।
ਮਾਤਮ ਵਿੱਚ ਬਦਲ ਗਈ ਵਿਆਹ ਦੀ ਖੁਸ਼ੀ
ਹਾਦਸੇ ਤੋਂ ਪਹਿਲਾਂ ਇਨ੍ਹਾਂ ਜੋੜਿਆਂ ਦੇ ਚਿਹਰਿਆਂ 'ਤੇ ਨਵੀਂ ਜ਼ਿੰਦਗੀ ਦੀ ਮੁਸਕਰਾਹਟ ਸੀ ਪਰ ਹੁਣ ਇੱਕ ਨਵੀਂ ਵਿਆਹੀ ਪਤਨੀ ਸ਼ਿਲਪੀ ਲਈ ਉਹ ਮੁਸਕਰਾਹਟ ਹਮੇਸ਼ਾ ਲਈ ਖੋਹ ਲਈ ਗਈ ਹੈ। ਨੀਰਜ ਦੀ ਮੌਤ ਨੇ ਸ਼ਿਲਪੀ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ। ਸਲੋਨੀ ਅਤੇ ਸਾਹਿਲ ਦਾ ਵੀ ਹਾਲ ਹੀ ਵਿੱਚ ਵਿਆਹ ਹੋਇਆ ਸੀ ਅਤੇ ਇਹ ਯਾਤਰਾ ਉਨ੍ਹਾਂ ਦੀ ਹਨੀਮੂਨ ਟ੍ਰਿਪ ਸੀ ਪਰ ਇਸ ਦੁਖਦਾਈ ਹਾਦਸੇ ਨੇ ਸਾਰੇ ਪਰਿਵਾਰਾਂ ਦੀਆਂ ਖੁਸ਼ੀਆਂ ਨੂੰ ਦੁੱਖ ਵਿੱਚ ਬਦਲ ਦਿੱਤਾ।
- PTC NEWS