NPK Fertilizer : ਕਿਸਾਨਾਂ ਸਿਰ ਪੈ ਗਈ ਇੱਕ ਹੋਰ ਮੁਸੀਬਤ ! ਖਾਦ ਦੀ ਕੀਮਤ 'ਚ 1100 ਰੁਪਏ ਦਾ ਭਾਰੀ ਵਾਧਾ
NPK Fertilizer : ਖਾਦ ਕੰਪਨੀਆਂ ਵਲੋਂ ਕਿਸਾਨਾਂ ਨੂੰ ਇੱਕ ਹੋਰ ਆਰਥਿਕ ਝਟਕਾ ਦਿੰਦਿਆਂ ਦੇਸ਼ 'ਚ ਸਭ ਤੋਂ ਵੱਧ ਵਰਤੀ ਜਾਂਦੀ ਐੱਨ.ਪੀ.ਕੇ ਖਾਦ 'ਚ 1100 ਰੁਪਏ ਪ੍ਰਤੀ ਕੁਇੰਟਲ (550 ਰੁਪਏ ਪ੍ਰਤੀ ਗੱਟਾ 50 ਕਿਲੋ) ਵਾਧਾ ਕਰਕੇ ਕਿਸਾਨਾਂ 'ਤੇ ਵਾਧੂ ਬੋਝ ਪਾ ਦਿੱਤਾ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਰਨਲ ਸਕੱਤਰ ਸਰੂਪ ਸਿੰਘ ਰਾਮਾ ਨੇ ਦੱਸਿਆ ਕੇ ਖਾਦ ਕੰਪਨੀਆਂ ਨੇ ਐੱਨ.ਪੀ.ਕੇ. ਖਾਦ ਗਰੇਡ 12:32:16 ਦੀ ਕੀਮਤ 2250 ਰੁਪਏ ਪ੍ਰਤੀ ਗੱਟਾ ਕਰ ਦਿੱਤੀ ਹੈ। ਜਦੋਂ ਕਿ ਪਹਿਲਾਂ ਅਕਤੂਬਰ 2025 'ਚ 1700 ਰੁਪਏ ਪ੍ਰਤੀ ਗੱਟਾ ਸੀ।
ਉਹਨਾਂ ਨੇ ਕਿਹਾ ਕਿ ਦੇਸ਼ ਦੇ ਕਿਸਾਨ ਡੀ ਏ ਪੀ ਖਾਦ ਨਾਲੋਂ ਵੱਧ ਐੱਨ ਪੀ ਕੇ ਖਾਦ ਦੀ ਵਰਤੋਂ ਕਰਦੇ ਹਨ, ਹੁਣ ਪੰਜਾਬ ਦੇ ਕਿਸਾਨ ਵੀ ਇਸ ਖਾਦ ਦੀ ਵੱਡੀ ਮਾਤਰਾ ਵਿੱਚ ਵਰਤੋਂ ਕਰਦੇ ਹਨ। ਪੰਜਾਬ ਦੇ ਕਿਸਾਨਾਂ ਨੇ ਨਵੰਬਰ 2024 'ਚ ਡੀ ਏ ਪੀ ਦੀ ਘਾਟ ਕਾਰਨ ਐੱਨ ਪੀ ਕੇ ( ਗਰੇਡ 12:32:16 ) ਖਾਦ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕਰਦੇ ਆ ਰਹੇ ਹਨ। ਉਹਨਾਂ ਨੇ ਕਿਹਾ ਕਿ ਦੇਸ਼ 'ਚ ਡੀਜ਼ਲ, ਵਧਦੀ ਮਹਿੰਗਾਈ ਦੀ ਵਜ੍ਹਾ ਕਰਕੇ ਪਹਿਲਾਂ ਹੀ ਕਿਸਾਨ ਪਰਿਵਾਰ ਆਪਣੀ ਫਸਲ ਅਤੇ ਉਪਜ ਨੂੰ ਲੈ ਕੇ ਕਾਫ਼ੀ ਚਿੰਤਤ ਸੀ। ਹੁਣ ਖਾਦਾਂ ਬੀਜ਼, ਖੇਤੀ ਦੀ ਲਾਗਤ ਵਧਣ ਦੇ ਕਾਰਨ ਕਿਸਾਨਾਂ ਨੂੰ ਦੁੱਗਣੀ ਮਾਰ ਝੱਲਣੀ ਪਵੇਗੀ ਅਤੇ ਦੂਸਰੇ ਪਾਸੇ ਕਿਸਾਨਾਂ ਨੂੰ ਫ਼ਸਲਾਂ ਦਾ ਉਚਿੱਤ ਮੁੱਲ ਵੀ ਨਹੀਂ ਮਿਲ ਰਿਹਾ ਹੈ।

ਉਹਨਾਂ ਨੇ ਦੱਸਿਆ ਕਿ ਦੇਸ਼ 'ਚ ਲਗਭਗ ਐੱਨ ਪੀ ਕੇ ਖਾਦ ਦੀ 106 ਲੱਖ ਟਨ, ਡੀਏਪੀ ਦੀ ਸਲਾਨਾ ਖਪਤ 103 ਲੱਖ ਟਨ, ਪੋਟਾਸ਼ 38 ਲੱਖ ਟਨ ਅਤੇ ਯੂਰੀਆਂ 325 ਲੱਖ ਟਨ ਦੀ ਵਰਤੋਂ ਕੀਤੀ ਜਾਂਦੀ ਹੈ।
ਕਿਸਾਨ ਆਗੂ ਸਰੂਪ ਸਿੰਘ ਰਾਮਾ ਨੇ ਦੱਸਿਆ ਕਿ ਜੇਕਰ ਕੇਂਦਰ ਸਰਕਾਰ ਨੇ ਖਾਦ ਸਬਸਿਡੀ ਵਿੱਚ ਵਾਧਾ ਨਾ ਕੀਤਾ ਤਾਂ ਆਉਣ ਵਾਲੇ ਸੀਜ਼ਨ ਦੌਰਾਨ ਖਾਦ ਕੰਪਨੀਆਂ ਐੱਨਪੀਕੇ ਖਾਦ ਦੇ ਰੇਟਾਂ ਵਿੱਚ 500 ਰੁਪਏ ਪ੍ਰਤੀ ਕੁਇੰਟਲ ਤੱਕ ਵਾਧਾ ਕਰ ਸਕਦੀਆਂ ਹਨ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖਾਦਾਂ ਦੀ ਸਬਸਿਡੀ ਵਿੱਚ ਹੋਰ ਵਾਧਾ ਕਰਕੇ ਖਾਦਾਂ ਦੇ ਰੇਟਾਂ ਨੂੰ ਘਟਾ ਕੇ ਦੇਸ਼ ਦੇ ਕਿਸਾਨਾਂ ਨੂੰ ਰਾਹਤ ਦੇਵੇ।
- PTC NEWS