ਜਾਪਾਨ ਵਿੱਚ ਲੱਗੇ ਗੰਭੀਰ ਦੋਸ਼ਾਂ ਤੋਂ ਬਾਅਦ ਭਾਰਤ ਵਾਪਸ ਭੇਜਿਆ ਪੈਰਾ ਤੈਰਾਕ ਮੁਹੰਮਦ ਸ਼ਮਸ ਆਲਮ ਸ਼ੇਖ
Indian para swimmer Mohammad Shams Alam Sheikh : ਜਾਪਾਨ ਵਿੱਚ ਇੱਕ ਮਹਿਲਾ ਹੋਟਲ ਕਰਮਚਾਰੀ ਨਾਲ ਕਥਿਤ ਜਿਨਸੀ ਦੁਰਵਿਹਾਰ ਅਤੇ ਛੇੜਛਾੜ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਪੈਰਾ ਤੈਰਾਕ ਮੁਹੰਮਦ ਸ਼ਮਸ ਆਲਮ ਸ਼ੇਖ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਭਾਰਤੀ ਖੇਡ ਦਲ ਵਿੱਚ ਹਲਚਲ ਮਚ ਗਈ ਹੈ। ਭਾਰਤੀ ਪੈਰਾ ਓਲੰਪਿਕ ਕਮੇਟੀ (PCI) ਵੱਲੋਂ ਵੀ ਇਸ ਮਾਮਲੇ ਵਿੱਚ ਸਖ਼ਤ ਅਨੁਸ਼ਾਸਨੀ ਕਾਰਵਾਈ ਕਰਨ ਅਤੇ ਤੈਰਾਕ ’ਤੇ ਉਮਰ ਭਰ ਦੀ ਪਾਬੰਦੀ ਲਗਾਉਣ ਦੀ ਸੰਭਾਵਨਾ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
ਹੋਟਲ ਵਿੱਚ ਵਾਪਰੀ ਕਥਿਤ ਘਟਨਾ
ਜਾਣਕਾਰੀ ਮੁਤਾਬਕ ਇਹ ਕਥਿਤ ਘਟਨਾ ਸੋਮਵਾਰ ਨੂੰ ਨਾਗੋਆ ਦੇ ਉਸ ਹੋਟਲ ਵਿੱਚ ਵਾਪਰੀ, ਜਿੱਥੇ ਭਾਰਤੀ ਪੈਰਾ ਤੈਰਾਕੀ ਟੀਮ ਠਹਿਰੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਇੱਕ ਮਹਿਲਾ ਹਾਊਸਕੀਪਿੰਗ ਕਰਮਚਾਰੀ ਸ਼ੇਖ ਦੇ ਕਮਰੇ ਵਿੱਚ ਆਪਣੀ ਡਿਊਟੀ ਨਿਭਾ ਰਹੀ ਸੀ, ਜਦੋਂ ਉਸ ਨਾਲ ਕਥਿਤ ਤੌਰ ’ਤੇ ਦੁਰਵਿਹਾਰ ਕੀਤਾ ਗਿਆ।
ਮਹਿਲਾ ਵੱਲੋਂ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਮਾਮਲਾ ਸਥਾਨਕ ਆਯੋਜਨ ਕਮੇਟੀ ਅਤੇ ਭਾਰਤੀ ਦਲ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ। ਇਸ ਤੋਂ ਬਾਅਦ ਜਾਪਾਨੀ ਪੁਲੀਸ ਨੇ ਦਖ਼ਲ ਦਿੱਤਾ ਅਤੇ ਸ਼ੇਖ ਨੂੰ ਹਿਰਾਸਤ ਵਿੱਚ ਲੈ ਲਿਆ। ਜਾਣਕਾਰੀ ਅਨੁਸਾਰ ਕਥਿਤ ਘਟਨਾ ਤੋਂ ਅਗਲੇ ਦਿਨ ਮੰਗਲਵਾਰ ਨੂੰ ਉਸ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ :
ਸੋਨੀਆ ਗਾਂਧੀ ਨੇ ਸ਼ੁਰੂ ਕੀਤਾ Instagram , ਆਪਣੀ ਕਿਤਾਬ 'ਬੈਲੌਂਗਿੰਗ' ਨਾਲ ਪਹਿਲੀ ਪੋਸਟ ਕੀਤੀ ਸਾਂਝੀ
ਹਾਲਾਂਕਿ, ਇਨ੍ਹਾਂ ਦੋਸ਼ਾਂ ਸਬੰਧੀ ਅੰਤਿਮ ਕਾਨੂੰਨੀ ਨਤੀਜੇ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਘਟਨਾ ਤੋਂ ਬਾਅਦ ਭਾਰਤੀ ਪੈਰਾ ਓਲੰਪਿਕ ਕਮੇਟੀ ਵੱਲੋਂ ਮਾਮਲੇ ਦੀ ਸਮੀਖਿਆ ਕੀਤੇ ਜਾਣ ਦੀ ਉਮੀਦ ਹੈ। ਰਿਪੋਰਟਾਂ ਮੁਤਾਬਕ ਸ਼ੇਖ ਵਿਰੁੱਧ ਅਨੁਸ਼ਾਸਨੀ ਕਾਰਵਾਈ ਦੇ ਤਹਿਤ ਉਮਰ ਭਰ ਦੀ ਪਾਬੰਦੀ ਲਗਾਉਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਹਾਲਾਂਕਿ, ਇਸ ਸਬੰਧੀ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ। ਸ਼ੇਖ ਨੇ ਏਸ਼ੀਆਈ ਪੈਰਾ ਖੇਡਾਂ ਵਿੱਚ ਆਪਣੇ ਨਿਰਧਾਰਤ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸੀ, ਪਰ ਉਹ ਮੁਕਾਬਲਿਆਂ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਭਾਰਤ ਵਾਪਸ ਆ ਗਿਆ।
ਦਰਅਸਲ 40 ਸਾਲਾ ਮੁਹੰਮਦ ਸ਼ਮਸ ਆਲਮ ਸ਼ੇਖ ਬਿਹਾਰ ਨਾਲ ਸਬੰਧਤ ਇੱਕ ਪੈਰਾ ਤੈਰਾਕ ਹੈ, ਜਿਸ ਨੇ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਉਹ ਪੈਰਾ ਤੈਰਾਕੀ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਆਪਣੀਆਂ ਪ੍ਰਾਪਤੀਆਂ ਕਾਰਨ ਜਾਣਿਆ ਜਾਂਦਾ ਹੈ।
ਵਰਲਡ ਪੈਰਾ ਸਵਿਮਿੰਗ ਦੇ ਰਿਕਾਰਡਾਂ ਅਨੁਸਾਰ ਸ਼ੇਖ ਪੁਰਸ਼ਾਂ ਦੀਆਂ 100 ਮੀਟਰ ਬਟਰਫਲਾਈ S5 ਅਤੇ 50 ਮੀਟਰ ਬ੍ਰੈਸਟਸਟ੍ਰੋਕ SB4 ਸ਼੍ਰੇਣੀਆਂ ਵਿੱਚ ਵਿਸ਼ਵ ਦੀ ਨੰਬਰ ਇੱਕ ਰੈਂਕਿੰਗ ਵੀ ਹਾਸਲ ਕਰ ਚੁੱਕਾ ਹੈ।
ਮੁਹੰਮਦ ਸ਼ਮਸ ਆਲਮ ਸ਼ੇਖ ਨੇ ਸਾਲ 2018 ਵਿੱਚ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਹੋਈਆਂ ਏਸ਼ੀਆਈ ਪੈਰਾ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਉਸ ਨੇ ਇਨ੍ਹਾਂ ਖੇਡਾਂ ਦੌਰਾਨ 200 ਮੀਟਰ ਅਤੇ 50 ਮੀਟਰ ਬ੍ਰੈਸਟਸਟ੍ਰੋਕ ਮੁਕਾਬਲਿਆਂ ਵਿੱਚ ਸੋਨੇ ਦੇ ਤਗਮੇ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਸੀ।
ਇਸ ਤੋਂ ਇਲਾਵਾ ਸਾਲ 2025 ਵਿੱਚ ਆਈਸਲੈਂਡ ਦੇ ਰੇਕਿਆਵਿਕ ਵਿੱਚ ਹੋਈਆਂ ਇੰਟਰਨੈਸ਼ਨਲ ਗੇਮਜ਼ ਦੌਰਾਨ ਉਸ ਨੇ 200 ਮੀਟਰ ਬ੍ਰੈਸਟਸਟ੍ਰੋਕ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਜਿੱਤਿਆ ਸੀ। ਇਸ ਪ੍ਰਦਰਸ਼ਨ ਦੌਰਾਨ ਉਸ ਵੱਲੋਂ ਭਾਰਤੀ ਅਤੇ ਏਸ਼ੀਆਈ ਰਿਕਾਰਡ ਬਣਾਉਣ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਨਾਗੋਆ ਵਿੱਚ ਹੋ ਰਹੀਆਂ 2026 ਦੀਆਂ ਏਸ਼ੀਆਈ ਪੈਰਾ ਖੇਡਾਂ ਸ਼ੇਖ ਦੀ ਇਸ ਮੁਕਾਬਲੇ ਵਿੱਚ ਲਗਾਤਾਰ ਤੀਜੀ ਹਾਜ਼ਰੀ ਹੋਣੀ ਸੀ। ਪਰ ਜਾਪਾਨ ਵਿੱਚ ਵਾਪਰੀ ਕਥਿਤ ਘਟਨਾ ਅਤੇ ਉਸ ਤੋਂ ਬਾਅਦ ਭਾਰਤ ਵਾਪਸ ਭੇਜੇ ਜਾਣ ਕਾਰਨ ਉਹ ਇਸ ਵਾਰ ਆਪਣੇ ਨਿਰਧਾਰਤ ਮੁਕਾਬਲਿਆਂ ਵਿੱਚ ਹਿੱਸਾ ਨਹੀਂ ਲੈ ਸਕਿਆ।
ਇੱਕ ਪਾਸੇ ਸ਼ੇਖ ਦੀਆਂ ਪਿਛਲੀਆਂ ਖੇਡ ਪ੍ਰਾਪਤੀਆਂ ਚਰਚਾ ਵਿੱਚ ਹਨ, ਉੱਥੇ ਹੀ ਦੂਜੇ ਪਾਸੇ ਉਸ ਵਿਰੁੱਧ ਲੱਗੇ ਗੰਭੀਰ ਦੋਸ਼ਾਂ ਨੇ ਭਾਰਤੀ ਖੇਡ ਜਗਤ ਵਿੱਚ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਹੁਣ ਸਾਰਿਆਂ ਦੀ ਨਜ਼ਰ ਇਸ ਮਾਮਲੇ ਦੀ ਅਗਲੀ ਜਾਂਚ ਅਤੇ PCI ਵੱਲੋਂ ਕੀਤੀ ਜਾਣ ਵਾਲੀ ਸੰਭਾਵੀ ਕਾਰਵਾਈ ’ਤੇ ਹੈ।
- PTC NEWS