Sat, Jul 27, 2024
Whatsapp

Patiala Lok Sabha Seat: ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸ ਨੂੰ ਛੱਡ ਬਾਕੀ ਪਾਰਟੀਆਂ ਨੇ ਐਲਾਨੇ ਉਮੀਦਵਾਰ, ਜਾਣੋ ਇਸ ਸੀਟ ਦਾ ਪਿਛੋਕੜ ਤੇ ਉਮੀਦਵਾਰਾਂ ਦਾ ਸਿਆਸੀ ਸਫ਼ਰ

ਪੰਜਾਬ ’ਚ ਲੋਕ ਸਭਾ ਦੀਆਂ 13 ਸੀਟਾਂ ਹਨ। ਇਨ੍ਹਾਂ ਸੀਟਾਂ ਚੋਂ ਸਭ ਤੋਂ ਚਰਚਾ ਚ ਰਹਿਣ ਵਾਲੀ ਸੀਟ ਹੈ ਪਟਿਆਲਾ। ਇਸ ਸੀਟ ਲਈ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ,ਭਾਰਤੀ ਜਨਤਾ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਨੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ

Reported by:  PTC News Desk  Edited by:  Aarti -- April 14th 2024 03:25 PM -- Updated: April 14th 2024 03:29 PM
Patiala Lok Sabha Seat: ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸ ਨੂੰ ਛੱਡ ਬਾਕੀ ਪਾਰਟੀਆਂ ਨੇ ਐਲਾਨੇ ਉਮੀਦਵਾਰ, ਜਾਣੋ ਇਸ ਸੀਟ ਦਾ ਪਿਛੋਕੜ ਤੇ ਉਮੀਦਵਾਰਾਂ ਦਾ ਸਿਆਸੀ ਸਫ਼ਰ

Patiala Lok Sabha Seat: ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸ ਨੂੰ ਛੱਡ ਬਾਕੀ ਪਾਰਟੀਆਂ ਨੇ ਐਲਾਨੇ ਉਮੀਦਵਾਰ, ਜਾਣੋ ਇਸ ਸੀਟ ਦਾ ਪਿਛੋਕੜ ਤੇ ਉਮੀਦਵਾਰਾਂ ਦਾ ਸਿਆਸੀ ਸਫ਼ਰ

Patiala Lok Sabha Seat: ਇੱਕ ਪਾਸੇ ਜਿੱਥੇ ਮੌਸਮ ’ਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਮੀਂਹ ਮਗਰੋਂ ਪੰਜਾਬ ’ਚ ਮੌਸਮ ਠੰਢਾ ਹੋ ਗਿਆ ਹੈ ਪਰ ਸਿਆਸੀ ਪਾਰਾ ਵਧਦਾ ਜਾ ਰਿਹਾ ਹੈ। ਜੀ ਹਾਂ 19 ਅਪ੍ਰੈਲ ਤੋਂ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੀ ਵੋਟਿੰਗ ਸ਼ੁਰੂ ਹੋਵੇਗੀ। ਪਰ ਪੰਜਾਬ ’ਚ ਸਿਆਸੀ ਪਾਰਾ ਹੁਣੇ ਤੋਂ ਵਧਦਾ ਹੋਇਆ ਨਜ਼ਰ ਆ ਰਿਹਾ ਹੈ। ਸਿਆਸੀ ਆਗੂ ਰੈਲੀਆਂ  ਕਰ ਲੋਕਾਂ ਨਾਲ ਰੁਬਰੂ ਹੋ ਰਹੇ ਹਨ। ਦੱਸ ਦਈਏ ਕਿ ਪੰਜਾਬ ’ਚ 1 ਜੂਨ ਨੂੰ ਵੋਟਿੰਗ ਹੋਵੇਗੀ। ਜਿਸਦੇ ਨਤੀਜੇ 4 ਜੂਨ ਨੂੰ ਆਉਣਗੇ।

ਪੰਜਾਬ ’ਚ ਲੋਕ ਸਭਾ ਦੀਆਂ 13 ਸੀਟਾਂ ਹਨ। ਇਨ੍ਹਾਂ ਸੀਟਾਂ ਚੋਂ ਸਭ ਤੋਂ ਚਰਚਾ ਚ ਰਹਿਣ ਵਾਲੀ ਸੀਟ ਹੈ ਪਟਿਆਲਾ। ਇਸ ਸੀਟ ਲਈ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ,ਭਾਰਤੀ ਜਨਤਾ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਨੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਪਰ ਅਜੇ ਤੱਕ ਕਾਂਗਰਸ ਵੱਲੋਂ ਐਲਾਨ ਨਹੀਂ ਕੀਤਾ ਗਿਆ ਹੈ। 


ਪਟਿਆਲਾ ਸੀਟ ’ਤੇ ਇੱਕ ਝਾਤ

ਪਟਿਆਲਾ ਸੀਟ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਇੱਕ ਹੈ। ਇਸ ਸੀਟ ਅਧੀਨ ਕੁੱਲ 9 ਵਿਧਾਨ ਸਭਾ ਸੀਟਾਂ ਆਉਂਦੀਆਂ ਹਨ। ਇਹ 9 ਸੀਟਾਂ ਹਨ- ਨਾਭਾ, ਪਟਿਆਲਾ ਦਿਹਾਤੀ, ਰਾਜਪੁਰਾ, ਡੇਰਾਬਸੀ, ਘਨੌਰ, ਸਨੌਰ, ਪਟਿਆਲਾ, ਸਮਾਣਾ ਅਤੇ ਸ਼ੁਤਰਾਣਾ। ਇਨ੍ਹਾਂ 9 ਵਿਧਾਨ ਸਭਾ ਸੀਟਾਂ ਵਿੱਚੋਂ ਨਾਭਾ ਅਤੇ ਸ਼ੁਤਰਾਣਾ ਸੀਟਾਂ ਐਸਸੀ ਭਾਈਚਾਰੇ ਦੇ ਲੋਕਾਂ ਲਈ ਰਾਖਵੀਆਂ ਹਨ।

ਸਾਲ 2019 ਦੀਆਂ ਲੋਕ ਸਭਾ ਚੋਣਾਂ 

ਦੇਸ਼ 'ਚ ਹੋਈਆਂ ਪਿਛਲੀਆਂ ਲੋਕ ਸਭਾ ਚੋਣਾਂ, ਯਾਨੀ ਲੋਕ ਸਭਾ ਚੋਣਾਂ 2019 'ਚ ਇਸ ਸੀਟ 'ਤੇ ਕੁੱਲ 1739600 ਵੋਟਰ ਸਨ। ਕਾਂਗਰਸ ਦੀ ਉਮੀਦਵਾਰ ਪਰਨੀਤ ਕੌਰ ਨੇ 532027 ਵੋਟਾਂ ਹਾਸਲ ਕੀਤੀਆਂ ਸਨ। ਇਸ ਚੋਣ ਵਿੱਚ ਪਰਨੀਤ ਕੌਰ ਨੂੰ ਲੋਕ ਸਭਾ ਸੀਟ ’ਤੇ ਮੌਜੂਦ ਕੁੱਲ ਵੋਟਰਾਂ ਵਿੱਚੋਂ 30.58 ਫ਼ੀਸਦੀ ਵੋਟਰਾਂ ਦਾ ਸਮਰਥਨ ਪ੍ਰਾਪਤ ਹੋਇਆ, ਜਦੋਂ ਕਿ ਇਸ ਸੀਟ ’ਤੇ ਪਈਆਂ ਵੋਟਾਂ ਵਿੱਚੋਂ 45.13 ਫ਼ੀਸਦੀ ਵੋਟਾਂ ਉਸ ਨੂੰ ਪਈਆਂ। ਲੋਕ ਸਭਾ ਚੋਣਾਂ 2019 ਦੌਰਾਨ ਇਸ ਸੀਟ 'ਤੇ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ 369309 ਵੋਟਾਂ ਲੈ ਕੇ ਦੂਜੇ ਸਥਾਨ 'ਤੇ ਰਹੇ, ਜੋ ਕਿ ਸੰਸਦੀ ਸੀਟ ਦੇ ਕੁੱਲ ਵੋਟਰਾਂ ਦਾ 21.23 ਫੀਸਦੀ ਸੀ ਅਤੇ ਉਨ੍ਹਾਂ ਨੂੰ ਕੁੱਲ ਪੋਲ ਹੋਈਆਂ ਵੋਟਾਂ ਦਾ 31.33 ਫੀਸਦੀ ਮਿਲਿਆ ਸੀ ਮਿਲੇ ਆਮ ਚੋਣਾਂ 2019 ਵਿਚ ਇਸ ਸੀਟ 'ਤੇ ਜਿੱਤ ਦਾ ਅੰਤਰ 162718 ਸੀ।

ਸ਼੍ਰੋਮਣੀ ਅਕਾਲੀ ਦਲ ਨੇ ਐਨ.ਕੇ ਸ਼ਰਮਾ ਨੂੰ ਐਲਾਨਿਆ ਉਮੀਦਵਾਰ

ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਲੋਕ ਸਭਾ ਹਲਕੇ ਤੋਂ ਐਨਕੇ ਸ਼ਰਮਾ ਨੂੰ ਉਮੀਦਵਾਰ ਐਲਾਨਿਆ ਹੈ, ਜਿਨ੍ਹਾਂ ਨੇ ਆਪਣੀ ਤਾਕਤ, ਸੰਘਰਸ਼ ਅਤੇ ਮਿਹਨਤ ਦੇ ਬਲਬੂਤੇ ਆਪਣੇ ਸਿਆਸੀ ਜੀਵਨ ਦੇ ਥੋੜ੍ਹੇ ਸਮੇਂ ਵਿੱਚ ਵੱਡੀਆਂ ਉਚਾਈਆਂ ਹਾਸਲ ਕੀਤੀਆਂ ਹਨ। ਉਨ੍ਹਾਂ ਨੇ ਆਪਣੀ ਜਵਾਨੀ ਤੋਂ ਹੀ ਇਮਾਨਦਾਰੀ ਅਤੇ ਦ੍ਰਿੜ ਇਰਾਦੇ ਨਾਲ ਸਮਾਜ ਸੇਵਾ ਸ਼ੁਰੂ ਕਰ ਦਿੱਤੀ। ਉਨ੍ਹਾਂ ਦਾ ਜਨਮ 7 ਅਪ੍ਰੈਲ 1970 ਨੂੰ ਪਿੰਡ ਲੋਹਗੜ੍ਹ ਵਿਖੇ ਵਿਸ਼ਵਨਾਥ ਸ਼ਰਮਾ ਅਤੇ ਰਕਸ਼ਾ ਸ਼ਰਮਾ ਦੇ ਘਰ ਹੋਇਆ। ਨਰਿੰਦਰ ਸ਼ਰਮਾ ਨੇ ਮੁੱਢਲੀ ਪੜਾਈ ਪਿੰਡ ਭਬਾਤ ਨੇੜੇ ਸਰਕਾਰੀ ਹਾਈ ਸਕੂਲ ਤੋਂ ਪ੍ਰਾਪਤ ਕੀਤੀ।ਉਸ ਦਾ ਗੋਤਰ ਭਾਰਦਵਾਜ ਬ੍ਰਾਹਮਣ ਹੈ। ਇਸ ਤੋਂ ਬਾਅਦ ਉਸਨੇ ਡੀਏਵੀ ਕਾਲਜ ਚੰਡੀਗੜ੍ਹ ਤੋਂ ਬੀਐਸਸੀ ਅਤੇ ਸ਼ਿਮਲਾ ਯੂਨੀਵਰਸਿਟੀ ਤੋਂ ਐਮਐਸਸੀ ਦੀ ਡਿਗਰੀ ਪ੍ਰਾਪਤ ਕੀਤੀ।



  • ਇਸ ਤਰ੍ਹਾਂ ਦਾ ਰਿਹਾ ਸਿਆਸੀ ਸਫ਼ਰ

ਐਨ ਕੇ ਸ਼ਰਮਾ ਨੇ ਪਿੰਡ ਲੋਹਗੜ੍ਹ ਦੀਆਂ ਪੰਚਾਇਤੀ ਚੋਣਾਂ ਵਿੱਚ ਇੱਕ ਹਜ਼ਾਰ ਵੋਟਾਂ ਦੇ ਰਿਕਾਰਡ ਫਰਕ ਨਾਲ ਜਿੱਤ ਦਰਜ ਕਰਕੇ ਸਭ ਤੋਂ ਘੱਟ ਉਮਰ ਦੇ ਸਰਪੰਚ ਬਣ ਕੇ ਸਿਆਸਤ ਵਿੱਚ ਪਹਿਲਾ ਕਦਮ ਰੱਖਿਆ। ਉਹ ਸਰਪੰਚ ਸੰਘ ਦਾ ਪ੍ਰਧਾਨ ਬਣ ਗਏ। ਇਸ ਦੌਰਾਨ ਸਰਕਾਰ ਨੇ ਤੁਰੰਤ ਲੋਹਗੜ੍ਹ ਸਮੇਤ ਜ਼ੀਰਕਪੁਰ ਦੇ ਸੱਤ ਪਿੰਡਾਂ ਨੂੰ ਮਿਲਾ ਕੇ ਨਗਰ ਪੰਚਾਇਤ ਬਣਾ ਦਿੱਤਾ। ਜਿਸ ਵਿੱਚ ਸ਼ਰਮਾ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ। ਜ਼ੀਰਕਪੁਰ ਵਿੱਚ ਨਗਰ ਕੌਂਸਲ ਚੋਣਾਂ ਦੌਰਾਨ ਨਰਿੰਦਰ ਸ਼ਰਮਾ ਦੀ ਅਗਵਾਈ ਵਿੱਚ ਅਕਾਲੀ ਦਲ ਨੇ ਪੰਦਰਾਂ ਵਿੱਚੋਂ ਤੇਰ੍ਹਾਂ ਵਾਰਡ ਜਿੱਤੇ ਅਤੇ 4 ਅਪ੍ਰੈਲ 2003 ਨੂੰ ਜ਼ੀਰਕਪੁਰ ਨਗਰ ਪੰਚਾਇਤ ਦੇ ਪਹਿਲੇ ਪ੍ਰਧਾਨ ਬਣੇ।

ਇਸੇ ਦੌਰਾਨ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੀ ਅਚਨਚੇਤ ਹੋਈ ਮੌਤ ਨੇ ਸਿਆਸੀ ਹਾਲਾਤ ਬਦਲ ਦਿੱਤੇ ਅਤੇ ਅਕਾਲੀ ਦਲ ਨੇ ਉਨ੍ਹਾਂ ਨੂੰ ਬਨੂੜ ਵਿਧਾਨ ਸਭਾ ਹਲਕੇ ਦਾ ਇੰਚਾਰਜ ਬਣਾ ਦਿੱਤਾ। ਉਨ੍ਹਾਂ ਨੂੰ ਅਕਾਲੀ ਦਲ ਵੱਲੋਂ ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਦਾ ਚੇਅਰਮੈਨ ਨਾਮਜ਼ਦ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਮੁਹਾਲੀ ਸਮੇਤ ਸਮੁੱਚੇ ਜ਼ਿਲ੍ਹੇ ਵਿੱਚ ਵੱਡੇ ਵਿਕਾਸ ਕਾਰਜ ਕਰਵਾਏ। 

  • 2012 ਦੀ ਵਿਧਾਨਸਭਾ ਚੋਣਾਂ ’ਚ ਕੀਤੀ ਸੀ ਜਿੱਤ ਹਾਸਿਲ
2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਡੇਰਾਬੱਸੀ ਸੀਟ ਤੋਂ ਐਨ ਕੇ ਸ਼ਰਮਾ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ। ਸ਼ਰਮਾ 12 ਹਜ਼ਾਰ ਤੋਂ ਵੱਧ ਵੋਟਾਂ ਨਾਲ ਜੇਤੂ ਰਹੇ। ਸਰਕਾਰ ਨੇ ਉਨ੍ਹਾਂ ਨੂੰ ਸੰਸਦੀ ਸਕੱਤਰ (ਉਦਯੋਗ ਅਤੇ ਵਣਜ ਵਿਭਾਗ) ਦੀ ਜ਼ਿੰਮੇਵਾਰੀ ਦਿੱਤੀ ਸੀ। ਸਾਲ 2017 ਦੌਰਾਨ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਐਨ ਕੇ ਸ਼ਰਮਾ ਦੂਜੀ ਵਾਰ ਜਿੱਤੇ ਅਤੇ ਵਿਧਾਇਕ ਚੁਣੇ ਗਏ।

  • 2022 ਦੀਆਂ ਚੋਣਾਂ ’ਚ ਹਾਰ ਦਾ ਕਰਨਾ ਪਿਆ ਸਾਹਮਣਾ  
ਪਿਛਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਐਨਕੇ ਸ਼ਰਮਾ ਨੂੰ ਆਪਣੀ ਜ਼ਿੰਦਗੀ ਦੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਆਮ ਆਦਮੀ ਪਾਰਟੀ ਦੇ ਕੁਲਜੀਤ ਸਿੰਘ ਰੰਧਾਵਾ ਵਿਧਾਇਕ ਬਣੇ।

ਬੀਜੇਪੀ ਨੇ ਪਰਨੀਤ ਕੌਰ ’ਤੇ ਖੇਡਿਆ ਦਾਅ  

ਦੱਸ ਦਈਏ ਕਿ ਬੀਜੇਪੀ ਨੇ ਲੋਕ ਸਭਾ ਚੋਣਾਂ ਦੇ ਲਈ ਪਰਨੀਤ ਕੌਰ  ਨੂੰ ਪਟਿਆਲਾ ਤੋਂ ਉਮੀਦਵਾਰ ਐਲਾਨਿਆ ਹੈ।  ਹੁਣ ਤੱਕ ਜਾਰੀ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੀ ਸੂਚੀ ’ਚ ਪਰਨੀਤ ਅਜੇ ਤੱਕ ਇਕਲੌਤੀ ਮਹਿਲਾ ਉਮੀਦਵਾਰ ਹਨ। 


  • ਪਰਨੀਤ ਕੌਰ ਦਾ ਪਟਿਆਲਾ ਸੀਟ ’ਤੇ ਦਬਦਬਾ   
ਪਟਿਆਲਾ ਸੀਟ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦੁਆਲੇ ਹੀ ਘੁੰਮਦੀ ਰਹੀ। ਜੇਕਰ ਹਾਲ ਹੀ ਦੀਆਂ ਆਮ ਚੋਣਾਂ 'ਤੇ ਰੌਸ਼ਨੀ ਪਾਈਏ ਤਾਂ 1999 ਤੋਂ ਲਗਾਤਾਰ ਇਸ ਸੀਟ 'ਤੇ ਕਾਂਗਰਸ ਦਾ ਕਬਜ਼ਾ ਰਿਹਾ ਹੈ। ਜੀ ਹਾਂ, ਇਸ ਵਿਚਾਲੇ ਇਕ ਵਾਰ ਧਰਮਵੀਰ ਗਾਂਧੀ 2014 ਵਿਚ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਸੰਸਦ ਮੈਂਬਰ ਚੁਣੇ ਗਏ ਸੀ, ਪਰ ਫਿਰ 2019 ਵਿਚ ਪਰਨੀਤ ਕੌਰ ਇੰਡੀਅਨ ਨੈਸ਼ਨਲ ਕਾਂਗਰਸ ਦੀ ਟਿਕਟ 'ਤੇ ਚੁਣੇ ਗਏ ਸਨ। ਪਰਨੀਤ ਕੌਰ 1999, 2004, 2009 ਅਤੇ 2019 ਦੀਆਂ ਆਮ ਚੋਣਾਂ ਵਿੱਚ ਪਟਿਆਲਾ ਸੀਟ ਤੋਂ ਲਗਾਤਾਰ ਚੁਣੀ ਗਈ ਸੀ।

  • ਪਟਿਆਲਾ ਅਤੇ 2019 ਦੀਆਂ ਚੋਣਾਂ
2019 ਦੀਆਂ ਆਮ ਚੋਣਾਂ ਦੀ ਗੱਲ ਕਰੀਏ ਤਾਂ ਪਰਨੀਤ ਕੌਰ ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਦੇ ਖਿਲਾਫ ਚੋਣ ਲੜ ਰਹੀ ਸੀ। ਇਸ ਚੋਣ ਵਿੱਚ ਪਰਨੀਤ ਕੌਰ ਨੂੰ ਕਰੀਬ 5 ਲੱਖ 32 ਹਜ਼ਾਰ ਵੋਟਾਂ ਮਿਲੀਆਂ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਨੂੰ 3 ਲੱਖ 69 ਹਜ਼ਾਰ ਵੋਟਾਂ ਮਿਲੀਆਂ। ਇਸ ਤਰ੍ਹਾਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ ਪਟਿਆਲਾ ਸੀਟ ਤੋਂ ਲਗਭਗ 1 ਲੱਖ 63 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ। ਚੋਣ ਲੜਾਈ ਵਿੱਚ ਪਰਨੀਤ ਕੌਰ ਅਤੇ ਸੁਰਜੀਤ ਸਿੰਘ ਤੋਂ ਇਲਾਵਾ ਐਨਪੀਪੀ ਯਾਨੀ ਨਵਾਂ ਪੰਜਾਬ ਪਾਰਟੀ ਦੇ ਧਰਮਵੀਰ ਗਾਂਧੀ ਸਨ। ਗਾਂਧੀ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪਟਿਆਲਾ ਸੀਟ ਤੋਂ ਲਗਭਗ 1 ਲੱਖ 62 ਹਜ਼ਾਰ ਵੋਟਾਂ ਮਿਲੀਆਂ ਸੀ।

ਆਮ ਆਦਮੀ ਪਾਰਟੀ ਨੇ ਡਾ. ਬਲਬੀਰ ਸਿੰਘ ਨੂੰ ਬਣਾਇਆ ਉਮੀਦਵਾਰ

ਆਮ ਆਦਮੀ ਪਾਰਟੀ ਨੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੂੰ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਬਣਾਇਆ ਹੈ। ਅੱਖਾਂ ਦੇ ਮਾਹਿਰ ਅਤੇ ਸਾਬਕਾ ਸਹਾਇਕ ਪ੍ਰੋਫੈਸਰ ਡਾ: ਬਲਬੀਰ ਸਿੰਘ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ 2017 ਦੀ ਵਿਧਾਨ ਸਭਾ ਚੋਣ ਹਾਰ ਗਏ ਸਨ, ਪਰ ਡਾ: ਬਲਬੀਰ ਜ਼ੋਰਦਾਰ ਢੰਗ ਨਾਲ ਵਾਪਸ ਆਏ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਪਟਿਆਲਾ ਦਿਹਾਤੀ ਹਲਕੇ ਤੋਂ ਵੱਡੇ ਫਰਕ ਨਾਲ ਜਿੱਤ ਗਏ। 


  • ਜਾਣੋ ਇਨ੍ਹਾਂ ਦਾ ਸਿਆਸੀ ਸਫਰ 
ਇਸ ਤੋਂ ਬਾਅਦ ਪਾਰਟੀ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਸੀ ਪਰ ਆਖਰੀ ਸਮੇਂ ਵਿੱਚ ਆਪਣਾ ਫੈਸਲਾ ਬਦਲ ਕੇ ਸਮਾਜਿਕ ਕਾਰਕੁਨ ਡਾਕਟਰ ਧਰਮਵੀਰ ਗਾਂਧੀ ਨੂੰ ਮੈਦਾਨ ਵਿੱਚ ਉਤਾਰਿਆ, ਜਿਨ੍ਹਾਂ ਨੇ ਕਾਂਗਰਸ ਦੀ ਉਸ ਸਮੇਂ ਦੀ ਸੰਸਦ ਮੈਂਬਰ ਪਰਨੀਤ ਕੌਰ ਨੂੰ ਹਰਾਇਆ ਸੀ। 

ਪਟਿਆਲਾ ਤੋਂ ਬਸਪਾ ਨੇ ਪੰਥਕ ਚਿਹਰੇ ਨੂੰ ਦਿੱਤਾ ਮੌਕਾ  

ਬਹੁਜਨ ਸਮਾਜ ਪਾਰਟੀ ਪੰਜਾਬ ਨੇ ਜਗਜੀਤ ਛੜਬੜ ਨੂੰ ਪਟਿਆਲਾ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ। ਹਾਟ ਸੀਟ ਪਟਿਆਲਾ ’ਤੇ ਬਸਪਾ ਨੇ ਪੰਥਕ ਚਿਹਰੇ ਨੂੰ ਮੌਕਾ ਦਿੱਤਾ ਹੈ। ਦੱਸ ਦਈਏ ਕਿ ਛੜਬੜ ਨੇ 2012 ਅਤੇ 2017 ਵਿੱਚ ਰਾਜਪੁਰਾ ਅਤੇ ਘਨੌਰ ਦੇ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜੀ ਸੀ। 


  • ਛੜਬੜ ਦਾ ਧਾਰਮਿਕ ਪਿਛੋਕੜ 

ਜਗਜੀਤ ਛੜਬੜ ਧਾਰਮਿਕ ਅਤੇ ਸਮਾਜਿਕ ਪਿਛੋਕੜ ਤੋਂ ਹਨ। ਉਹ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਹਨ ਅਤੇ ਇਸ ਸਮੇਂ ਸੂਬਾ ਜਨਰਲ ਸਕੱਤਰ ਹਨ। ਉਹ 2012 ਵਿੱਚ ਰਾਜਪੁਰਾ ਤੋਂ ਅਤੇ 2017 ਵਿੱਚ ਘਨੌਰ ਵਿਧਾਨ ਸਭਾ ਤੋਂ ਬਹੁਜਨ ਸਮਾਜ ਪਾਰਟੀ ਤੋਂ ਚੋਣ ਲੜ ਚੁੱਕੇ ਹਨ। ਉਨ੍ਹਾਂ ਨੇ ਸਾਲ 2020 ਦੇ ਕਿਸਾਨ ਅੰਦੋਲਨ ਦੌਰਾਨ ਸੰਤ ਸਮਾਜ ਦੀ ਅਗਵਾਈ ਹੇਠ ਟੋਲ ਪਲਾਜ਼ਾ ਅਜ਼ੀਜ਼ਪੁਰ, ਚੰਡੀਗੜ੍ਹ ਪਟਿਆਲਾ ਰੋਡ 'ਤੇ ਸੰਘਰਸ਼ਸ਼ੀਲ ਕਿਸਾਨਾਂ ਲਈ ਲਗਾਤਾਰ ਲੰਗਰ ਅਤੇ ਹੋਰ ਗਤੀਵਿਧੀਆਂ ਦਾ ਪ੍ਰਬੰਧ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਈ।

ਕਾਂਗਰਸ ਨੇ ਨਹੀਂ ਐਲਾਨਿਆ ਉਮੀਦਵਾਰ 

ਖੈਰ ਲੋਕ ਸਭਾ ਚੋਣਾਂ ਲਈ ਕਈ ਪਾਰਟੀਆਂ ਨੇ ਪੰਜਾਬ ਦੀਆਂ ਅੱਧੀਆਂ ਤੋਂ ਵੱਧ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪਰ ਇਸ ਮਾਮਲੇ 'ਚ ਕਾਂਗਰਸ ਪਛੜ ਰਿਹਾ ਹੈ। ਜਿੱਥੋਂ ਤੱਕ ਕਾਂਗਰਸ ਦਾ ਸਵਾਲ ਹੈ, ਇਹ ਸਾਹਮਣੇ ਆਇਆ ਹੈ ਕਿ ਆਗੂਆਂ ਦੇ ਪਾਰਟੀ ਛੱਡਣ ਦੇ ਡਰ ਕਾਰਨ ਉਮੀਦਵਾਰਾਂ ਦੇ ਐਲਾਨ ਵਿੱਚ ਦੇਰੀ ਕੀਤੀ ਜਾ ਰਹੀ ਹੈ। ਨਾਲ ਹੀ ਕਿਧਰੇ ਕਿਧਰੇ ਉਨ੍ਹਾਂ ਨੂੰ ਡਰ ਵੀ ਸਤਾ ਰਿਹਾ ਹੈ। ਕਿਉਂਕਿ ਬੀਜੇਪੀ ਅਤੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਆਗੂਆਂ ਨੂੰ ਪਾਰਟੀਆਂ ਨੇ ਆਪਣਾ ਉਮੀਦਵਾਰ ਬਣਾ ਲਿਆ ਹੈ।  

- PTC NEWS

Top News view more...

Latest News view more...

PTC NETWORK