CM ਮਾਨ ਦੇ ਬਠਿੰਡਾ ਦੌਰੇ ਤੋਂ ਪਹਿਲਾਂ ਵਾਪਰੀ ਵੱਡੀ ਵਾਰਦਾਤ; BJP ਆਗੂ ਤਰਸੇਮ ਗਰਗ ਦੇ ਕਲੀਨਿਕ ’ਤੇ ਸੁੱਟਿਆ ਗਿਆ ਪੈਟਰੋਲ ਬੰਬ
ਬਠਿੰਡਾ ਦੇ ਭਾਜਪਾ ਦੇ ਨੇਤਾ ਡਾਕਟਰ ਤਰਸੇਮ ਗਰਗ ਕਲੀਨਿਕ ਦੇ ਅੰਦਰ ਕਿਸੇ ਨੇ ਪੈਟਰੋਲ ਬੰਬ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਸੂਚਨਾ ਮਿਲਣ 'ਤੇ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਮੌਕੇ ਦਾ ਮੁਆਇਨਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਣਪਛਾਤੇ ਲੋਕਾਂ ਨੇ ਕਲੀਨਿਕ ਦੇ ਬਾਹਰ ਪੈਟਰੋਲ ਨਾਲ ਭਰੇ ਪੈਕੇਟ ਸੁੱਟ ਕੇ ਕਲੀਨਿਕ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਭੱਜ ਗਏ। ਹਾਲਾਂਕਿ, ਘਟਨਾ ਦਾ ਸਮੇਂ ਸਿਰ ਪਤਾ ਲੱਗਣ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਦੱਸਿਆ ਜਾ ਰਿਹਾ ਕਿ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੇਟ ਦੇ ਬਾਹਰ ਖੜੇ ਹੋ ਕੇ ਬੋਤਲ ਨੂੰ ਅੱਗ ਲਾਈ ਅਤੇ ਕਲੀਨਿਕ ’ਤੇ ਸੁੱਟਿਆ ਜਦਕਿ ਦੂਜਾ ਵਿਅਕਤੀ ਇਸਦੀ ਵੀਡੀਓ ਬਣਾ ਰਿਹਾ ਸੀ। ਇਸ ਮਾਮਲੇ ਮਗਰੋਂ ਹਫੜਾ ਤਫੜੀ ਮਚ ਗਈ ਅਤੇ ਕਲੀਨਿਕ ਦੇ ਅੰਦਰ ਮੌਜੂਦ ਵਿਅਕਤੀ ਨੇ ਰੌਲਾ ਪਾਇਆ ਤੇ ਉਸ ਤੋਂ ਬਾਅਦ ਲੋਕ ਇਕੱਠੇ ਹੋ ਗਏ।
ਫਿਲਹਾਲ ਇਸ ਵਾਰਦਾਤ ’ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਦੂਜੇ ਪਾਸੇ ਇਸ ਮਾਮਲੇ ’ਤੇ ਡਾ. ਤਰਸੇਮ ਗਰਗ ਨੇ ਇਸ ਘਟਨਾ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਕਾਨੂੰਨ ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਦੀਆਂ ਹਨ।
ਸੀਸੀਟੀਵੀ ਕੈਮਰੇ ਦੀ ਜਾਂਚ ਜਾਰੀ
ਪੁਲਿਸ ਨੇ ਨੇੜਲੇ ਸੀਸੀਟੀਵੀ ਕੈਮਰਿਆਂ ਤੋਂ ਫੁਟੇਜ ਜ਼ਬਤ ਕਰ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਲੀਨਿਕ ਅਤੇ ਆਲੇ ਦੁਆਲੇ ਦੇ ਅਦਾਰਿਆਂ ਦੇ ਕੈਮਰਿਆਂ ਤੋਂ ਰਿਕਾਰਡਿੰਗਾਂ ਦੀ ਜਾਂਚ ਕੀਤੀ ਜਾ ਰਹੀ ਹੈ, ਖਾਸ ਕਰਕੇ ਹਮਲਾਵਰਾਂ ਦੀ ਪਛਾਣ ਕਰਨ ਲਈ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਨਿੱਜੀ ਰੰਜਿਸ਼, ਰਾਜਨੀਤਿਕ ਵਿਵਾਦ, ਜਾਂ ਹੋਰ ਕਾਰਕ ਇਸ ਘਟਨਾ ਪਿੱਛੇ ਹਨ।
ਫਿਲਹਾਲ, ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਤੇਜ਼ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਜਲਦੀ ਹੀ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : Lucknow Building Fire : ਲਖਨਊ ਦੇ ਕੋਚਿੰਗ ਸੈਂਟਰ 'ਚ ਅੱਗ ਦਾ ਤਾਂਡਵ, 15 ਲੋਕ ਜਿਊਂਦਾ ਸੜੇ
- PTC NEWS