Mann Ki Baat: PM ਮੋਦੀ ਨੇ 'ਮਨ ਕੀ ਬਾਤ' ’ਚ ਅੰਮ੍ਰਿਤਸਰ ਦੇ ਇਸ ਸਿੱਖ ਪਰਿਵਾਰ ਦੀ ਕੀਤੀ ਤਾਰੀਫ਼
ਮਨਿੰਦਰ ਮੋਂਗਾ (ਅਮ੍ਰਿਤਸਰ, 26 ਮਾਰਚ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਸਭ ਤੋਂ ਛੋਟੀ ਡੋਨਰ ਦਾ ਖਿਤਾਬ ਹਾਸਲ ਕਰ ਦੁਨੀਆ ਨੂੰ ਅਲਵਿਦਾ ਕਹਿਣ ਵਾਲੀ 39 ਦਿਨਾਂ ਦੀ ਅਬਾਬਤ ਕੌਰ ਦੇ ਮਾਪਿਆਂ ਦੇ ਫੈਸਲੇ ਦੀ ਸ਼ਲਾਘਾ ਕੀਤੀ। ਦੱਸ ਦਈਏ ਕਿ ਅੱਜ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀਬਾੜੀ ਵਿਕਾਸ ਅਫ਼ਸਰ ਸੁਖਬੀਰ ਸੰਧੂ ਅਤੇ ਉਨ੍ਹਾਂ ਦੀ ਪਤਨੀ ਸਾਇੰਸ ਪ੍ਰੋਫ਼ੈਸਰ ਸੁਪ੍ਰੀਤ ਕੌਰ ਨਾਲ ਫ਼ੋਨ 'ਤੇ ਗੱਲਬਾਤ ਕੀਤੀ। ਨਾਲ ਹੀ ਉਨ੍ਹਾਂ ਦੇ ਫੈਸਲੇ ਦੀ ਸ਼ਲਾਖਾ ਵੀ ਕੀਤੀ।
ਦੱਸ ਦਈਏ ਕਿ ਆਪਣੀ 39 ਦਿਨਾਂ ਦੀ ਬੱਚੀ ਦੀ ਮੌਤ ਤੋਂ ਬਾਅਦ ਸੁਖਬੀਰ ਅਤੇ ਸੁਪ੍ਰੀਤ ਨੇ ਅੰਗਦਾਨ ਦਾ ਫੈਸਲਾ ਲੈ ਕੇ ਇੱਕ ਹੋਰ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਇਹ ਫੈਸਲਾ ਆਸਾਨ ਨਹੀਂ ਸੀ, ਪਰ ਇਸ ਜੋੜੇ ਨੇ ਹਿੰਮਤ ਦਿਖਾਈ। ਉਨ੍ਹਾਂ ਦੀ ਬੱਚੀ ਦੇ ਦੋਵੇਂ ਗੁਰਦਿਆਂ ਨੂੰ ਪੀਜੀਆਈ ਚ ਕਿਸੇ ਹੋਰ ਵਿਅਕਤੀ ’ਚ ਟਰਾਂਸਪਲਾਂਟ ਕੀਤੇ ਗਏ। ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਦਿਆਂ ਜੋੜੇ ਨੇ ਕਿਹਾ ਕਿ ਉਨ੍ਹਾਂ ਦੀ ਬੱਚੀ ਕਿਸੇ ਹੋਰ ਨੂੰ ਜਾਨ ਦੇਣ ਆਈ ਸੀ।
ਦੱਸ ਦਈਏ ਕਿ ਇਸ ਬੱਚੀ ਦਾ ਜਨਮ 28 ਅਕਤੂਬਰ ਨੂੰ ਅੰਮ੍ਰਿਤਸਰ ’ਚ ਖੇਤੀਬਾੜੀ ਵਿਕਾਸ ਅਫਸਰ ਸੁਖਬੀਰ ਸਿੰਘ ਸੰਧੂ ਅਤੇ ਪ੍ਰੋਫੈਸਰ ਸੁਪ੍ਰੀਤ ਕੌਰ ਦੇ ਘਰ ਹੋਇਆ ਸੀ। ਦੋਵਾਂ ਨੇ ਪਿਆਰ ਨਾਲ ਉਸ ਦਾ ਨਾਂ ਅਬਾਬਤ ਕੌਰ ਸੰਧੂ ਰੱਖਿਆ। ਉਹ 21 ਦਿਨਾਂ ਤੱਕ ਪੂਰੀ ਤਰ੍ਹਾਂ ਠੀਕ ਸੀ। ਪਰ ਅਚਾਨਕ ਉਸ ਨੂੰ ਅਟੈਕ ਆ ਗਿਆ। ਡਾਕਟਰਾਂ ਦੀ ਸਲਾਹ 'ਤੇ ਉਹ ਬੱਚੀ ਨੂੰ ਪੀਜੀਆਈ ਚੰਡੀਗੜ੍ਹ ਲੈ ਗਏ। ਪੀਜੀਆਈ ਦੇ ਡਾਕਟਰਾਂ ਨੇ ਜਾਂਚ ਵਿੱਚ ਪਾਇਆ ਕਿ ਉਸ ਦੇ ਦਿਮਾਗ ਤੱਕ ਖੂਨ ਨਹੀਂ ਪਹੁੰਚ ਰਿਹਾ ਹੈ। ਉਹ ਜ਼ਿਆਦਾ ਦੇਰ ਜ਼ਿੰਦਾ ਨਹੀਂ ਰਹਿ ਸਕੇਗੀ ਅਤੇ ਕੁਝ ਸਮੇਂ ਬਾਅਦ ਦਸੰਬਰ 2022 ਨੂੰ ਅਬਾਬਤ ਕੌਰ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਇਸ ਦੁੱਖ ਦੀ ਘੜੀ ਵਿੱਚ ਵੀ ਇਸ ਜੋੜੇ ਨੇ ਇਨਸਾਨੀਅਤ ਦਾ ਖਿਆਲ ਕੀਤਾ। ਉਨ੍ਹਾਂ ਨੇ ਅੰਗਦਾਨ ਕਰਨ ਦਾ ਫੈਸਲਾ ਕੀਤਾ। ਪੀਜੀਆਈ ਦੀ ਟੀਮ ਵੀ ਤਿਆਰ ਹੋ ਗਈ। ਬਿਨਾਂ ਦੇਰੀ ਕੀਤੇ ਦੋ ਘੰਟੇ ਦੇ ਆਪ੍ਰੇਸ਼ਨ ਵਿਚ ਬੱਚੀ ਦਾ ਗੁਰਦਾ ਟਰਾਂਸਪਲਾਂਟ ਕਰ ਕੇ ਪ੍ਰੋ. ਅਸ਼ੀਸ਼ ਸ਼ਰਮਾ ਦੀ ਟੀਮ ਨੇ ਸਫ਼ਲਤਾ ਹਾਸਲ ਹੋਈ ਅਤੇ ਅਬਾਬਤ ਦੀ ਕਿਡਨੀ ਨੂੰ ਪਟਿਆਲਾ ਜ਼ਿਲ੍ਹੇ ਦੇ 15 ਸਾਲਾ ਲੜਕੇ ’ਚ ਟਰਾਂਸਪਲਾਂਟ ਕਰ ਦਿੱਤੀ ਗਈ।
ਇਹ ਵੀ ਪੜ੍ਹੋ: Gurdaspur: ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਕੇਂਦਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
- PTC NEWS