1947 ਦੀ ਵੰਡ ਦੇ ਸ਼ਹੀਦਾਂ ਦੀ ਯਾਦ ’ਚ ਅਰਦਾਸ ਸਮਾਗਮ; ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਸੰਗਤ ਨੂੰ ਕੀਤਾ ਸੰਬੋਧਨ
Amritsar News : ਅਗਸਤ 1947 ਦੀ ਕਤਲੋਗਾਰਤ ਤੇ ਪੰਜਾਬ ਦੀ ਵੰਡ ਸਮੇਂ ਸ਼ਹੀਦ ਹੋਏ ਸਮੂਹ ਪੰਜਾਬੀਆਂ ਦੀ ਯਾਦ ਵਿੱਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ।
10 ਲੱਖ ਤੋਂ ਵੱਧ ਪੰਜਾਬੀਆਂ ਦੀ ਕਤਲੋਗਾਰਤ ਹੋਈ - ਜਥੇਦਾਰ ਸਾਹਿਬ
ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਾਡੇ ਬਜ਼ੁਰਗਾਂ ਨੇ 1947 ਦੀ ਵੰਡ ਨੂੰ ਪੰਜਾਬ ਦਾ ਉਜਾੜਾ ਕਿਹਾ ਹੈ, ਜਿਸ ਦੌਰਾਨ 10 ਲੱਖ ਤੋਂ ਵੱਧ ਪੰਜਾਬੀਆਂ ਦੀ ਕਤਲੋਗਾਰਤ ਹੋਈ ਹੈ। ਗਿਆਨੀ ਸੋਹਨ ਸਿੰਘ ਸੀਤਲ ਜੀ ਦੀ ਪੁਸਤਕ ਪੰਜਾਬ ਦਾ ਉਜਾੜਾ ਵਿੱਚ ਵੰਡ ਦੇ ਸਮੇਂ ਦੀਆਂ ਬਹੁਤ ਘਟਨਾਵਾਂ ਦਰਜ ਹਨ, ਜਿਨ੍ਹਾਂ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਉਦੋਂ ਕੀ ਕੁਝ ਵਾਪਰਿਆ।
ਉਨ੍ਹਾਂ ਕਿਹਾ ਕਿ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 1947 ਦੀ ਕਤਲੋਗਾਰਤ ਵਿੱਚ ਸ਼ਹੀਦ ਹੋਏ ਸਮੂਹ ਪੰਜਾਬੀਆਂ ਦੀ ਯਾਦ ਵਿੱਚ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਕੀਤੀ ਗਈ ਹੈ, ਕਿ ਅਜਿਹਾ ਸਮਾਂ ਦੁਬਾਰਾ ਕਦੇ ਨਾ ਆਵੇ।
'ਸਿੱਖ ਸੰਗਤ ਨੂੰ ਗੁਰੂਧਾਮਾਂ ਦੇ ਹੋਣ ਖੁੱਲ੍ਹੇ ਦਰਸ਼ਨ ਦੀਦਾਰ'
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖ ਰੋਜ਼ਾਨਾ ਅਰਦਾਸ ਕਰਦੇ ਹਨ ਕਿ ਜਿਹੜੇ ਪਾਵਨ ਗੁਰੂਧਾਮ ਖ਼ਾਲਸਾ ਪੰਥ ਤੋਂ ਵਿਛੜੇ ਉਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਹੋਣ। ਉਨ੍ਹਾਂ ਕਿਹਾ ਕਿ 1947 ਵਿੱਚ ਸਾਡੇ ਜਾਨ ਤੋਂ ਪਿਆਰੇ ਗੁਰੂਧਾਮ ਵਿਛੜੇ, ਸਾਨੂੰ ਆਪਣੇ ਘਰ ਤੇ ਜ਼ਮੀਨਾਂ ਛੱਡਣੀਆਂ ਪਈਆਂ। ਸਿੱਖਾਂ ਦੀ ਅੱਜ ਵੀ ਇਹੀ ਭਾਵਨਾ ਹੈ ਕਿ ਆਪਣੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਦੇ ਰਹਿਣ, ਸਾਨੂੰ ਪੂਰਾ ਭਰੋਸਾ ਹੈ ਕਿ ਗੁਰੂ ਸਾਹਿਬ ਇਹ ਅਰਦਾਸ ਜ਼ਰੂਰ ਪੂਰੀ ਕਰਨਗੇ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਵੀ ਪਿਛਲੇ ਲਗਭਗ ਡੇਢ ਸਾਲ ਤੋਂ ਬੰਦ ਪਿਆ ਹੈ, ਜਿਸ ਨੂੰ ਸਿੱਖ ਭਾਵਨਾਵਾਂ ਅਨੁਸਾਰ ਭਾਰਤ ਤੇ ਪਾਕਿਸਤਾਨ ਸਰਕਾਰਾਂ ਨੂੰ ਆਪਸ ਵਿੱਚ ਗੱਲਬਾਤ ਕਰਕੇ ਬਿਨਾਂ ਦੇਰੀ ਖੋਲ੍ਹਣਾ ਚਾਹੀਦਾ ਹੈ।
'ਸਿੱਖ ਜਥਿਆਂ ਵਿੱਚ ਸ਼ਰਧਾਲੂਆਂ ਦੀ ਗਿਣਤੀ ਤੋ ਕੋਟਾ ਵਧਾਉਣ'
ਉਨ੍ਹਾਂ ਕਿਹਾ ਕਿ ਜਦੋਂ ਸਿੱਖ ਸੰਗਤ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸਮਝੌਤੇ ਤਹਿਤ ਜਥਿਆਂ ਰਾਹੀਂ ਜਾਂਦੀਆਂ ਹਨ, ਤਾਂ ਵੱਧ ਤੋਂ ਵੱਧ ਸੰਗਤ ਦਰਸ਼ਨ ਲਈ ਜਾਣਾ ਚਾਹੁੰਦੀ ਹੈ। ਪਿਛਲੇ ਸਮੇਂ ਸਿੱਖ ਜਥਿਆਂ ਲਈ ਸ਼੍ਰੋਮਣੀ ਕਮੇਟੀ ਪਾਸ ਰਿਕਾਰਡ ਗਿਣਤੀ ਵਿੱਚ ਪਾਸਪੋਰਟ ਪੁੱਜ ਰਹੇ ਹਨ। ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਸਿੱਖ ਜਥਿਆਂ ਵਿੱਚ ਸ਼ਰਧਾਲੂਆਂ ਦੀ ਗਿਣਤੀ ਤੋ ਕੋਟਾ ਵਧਾਉਣ ਲਈ ਗੰਭੀਰਤਾ ਨਾਲ ਗੌਰ ਕਰਨੀ ਚਾਹੀਦੀ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਈ ਮੁੱਦਿਆਂ ’ਤੇ ਰੱਖੇ ਵਿਚਾਰ
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਉਨ੍ਹਾਂ ਨਾਲ ਸਬੰਧਤ ਮਸਲੇ ਹੱਲ ਕਰਨ ਦੀ ਗੱਲ ਵੀ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲੀ ਦਾ ਮਾਮਲਾ ਹੋਵੇ ਜਾਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਅਤੇ ਉਨ੍ਹਾਂ ਦੀ ਬਜ਼ੁਰਗ ਤੇ ਬੀਮਾਰ ਮਾਤਾ ਬੀਬੀ ਨਰਿੰਦਰ ਕੌਰ ਜੀ ਦੀ ਮੁਲਾਕਾਤ ਦਾ ਮਾਮਲਾ ਹੋਵੇ, ਸਿੱਖਾਂ ਨਾਲ ਸਰਕਾਰਾਂ ਵੱਲੋਂ ਵਿਤਕਰਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ 1947 ਤੋਂ ਪਹਿਲਾਂ ਵੀ ਸਿੱਖਾਂ ਨੇ ਜੇਲ੍ਹਾਂ ਕੱਟੀਆਂ, ਫਾਂਸੀਆਂ ਝੱਲੀਆਂ ਅਤੇ ਅੱਜ ਵੀ ਸਿੱਖ ਜੇਲ੍ਹਾਂ ਕੱਟ ਰਹੇ ਹਨ।
ਜਥੇਦਾਰ ਗੜਗੱਜ ਨੇ ਕਿਹਾ ਕਿ ਅਖੌਤੀ ਡੇਰੇਦਾਰ ਗੁਰਮੀਤ ਰਾਮ ਰਹੀਮ ਨੂੰ ਸਾਲ ਵਿੱਚ ਕਈ-ਕਈ ਪੈਰੋਲਾਂ ਦੇ ਕੇ ਛੱਡਿਆ ਜਾਂਦਾ ਹੈ ਜਦਕਿ ਜੇਕਰ ਬੰਦੀ ਸਿੰਘਾਂ ਦੀ ਗੱਲ ਹੋਵੇ ਤਾਂ ਉਨ੍ਹਾਂ ਨਾਲ ਵਿਤਕਰੇ ਤਹਿਤ ਦੋਹਰੀ ਨੀਤੀ ਅਪਣਾਈ ਜਾਂਦੀ ਹੈ।
ਸਿੱਖ ਸੰਗਤ ਨੂੰ ਆਖੀ ਇਹ ਗੱਲ
ਜਥੇਦਾਰ ਗੜਗੱਜ ਨੇ ਕਿਹਾ ਇਹ ਗੱਲ ਗਲਤ ਪ੍ਰਚਾਰੀ ਜਾਂਦੀ ਹੈ ਕਿ ਸਿੱਖਾਂ ਵਿੱਚ ਆਪਸੀ ਵਖਰੇਵੇਂ ਹਨ, ਮਿਸਲਾਂ ਵੇਲੇ ਵੀ ਮਤਭੇਦ ਹੁੰਦੇ ਸਨ, ਪਰੰਤੂ ਜਦੋਂ ਗੱਲ ਕੌਮ ਤੇ ਗੁਰੂ ਸਾਹਿਬ ਦੀ ਹੁੰਦੀ ਸੀ ਤਾਂ ਸਮੂਹ ਜਥੇਬੰਦੀਆਂ ਇਕਜੁੱਟ ਹੋ ਜਾਂਦੀਆਂ ਸਨ। ਉਨ੍ਹਾਂ ਕਿਹਾ ਕਿ ਅੱਜ ਇਹ ਗਲਤ ਪਿਰਤ ਹੈ ਜੋ ਗੁਰਦੁਆਰਾ ਸਾਹਿਬਾਨ ਵਿੱਚ ਹਮਲੇ ਕੀਤੇ ਜਾ ਰਹੇ ਹਨ, ਇਹ ਖ਼ਾਲਸਾ ਪੰਥ ਹਿੱਤਾਂ ਵਿੱਚ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਿੱਖੀ ਦੇ ਉੱਚੇ ਅਸੂਲ ਅਤੇ ਕਿਰਦਾਰ ਹਨ। ਸਾਨੂੰ ਲੋੜ ਹੈ ਕਿ ਅਸੀਂ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ ਇਹ ਅਸੂਲ ਧਾਰਨ ਕਰੀਏ ਅਤੇ ਕੌਮ ਆਪਸੀ ਖਾਨਾਜੰਗੀ ਤੋਂ ਬਚ ਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਉਸਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਮਿਲਜੁਲ ਕੇ ਚੱਲੇ।
ਇਹ ਵੀ ਪੜ੍ਹੋ : ਕਿਸਾਨਾਂ ਦਾ ਅੱਜ ਦਿੱਲੀ ਵੱਲ ਮਾਰਚ ਦਾ ਐਲਾਨ, ਹਰਿਆਣਾ-ਪੰਜਾਬ ਸਰਹੱਦ ਸੀਲ; ਪੁਲਿਸ ਨੇ ਲਗਾਏ ਗਏ ਬੈਰੀਕੇਡ
- PTC NEWS