Mohali News : ਪੰਜਾਬ ਪੁਲਿਸ ਦੀ ਮਹਿਲਾ ਮੁਲਾਜ਼ਮ ਦੀ ਇਲਾਜ ਦੌਰਾਨ ਮੌਤ, ਪਰਿਵਾਰ ਨੇ ਡਾਕਟਰਾਂ 'ਤੇ ਅਣਗਹਿਲੀ ਦੇ ਲਾਏ ਇਲਜ਼ਾਮ
Hoshiarpur News : ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲਾ ਦੀ ਵਿਆਹੁਤਾ ਸਬ ਇੰਸਪੈਕਟਰ ਕੁੜੀ ਦੀ ਇਲਾਜ ਦੌਰਾਨ ਮੁਹਾਲੀ 'ਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਕੁੜੀ ਦੀ ਪਹਿਚਾਣ ਹਰਪ੍ਰੀਤ ਕੌਰ ਵਜੋਂ ਹੋਈ ਹੈ, ਜਿਸਦੀ ਉਮਰ 31 ਸਾਲ ਦੇ ਕਰੀਬ ਸੀ ਤੇ ਉਹ ਪੰਜਾਬ ਪੁਲਿਸ 'ਚ ਬਤੌਰ ਸਬ ਇੰਸਪੈਕਟਰ ਵਜੋਂ ਸੇਵਾਵਾਂ ਨਿਭਾਅ ਰਹੀ ਸੀ।
ਹਰਪ੍ਰੀਤ ਕੌਰ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਗੜ੍ਹਦੀਵਾਲਾ ਦੇ ਸ਼ਮਸ਼ਾਨਘਾਟ 'ਚ ਅੰਤਿਮ ਸਸਕਾਰ ਕੀਤਾ ਗਿਆ, ਜਿੱਥੇ ਕਿ ਪੁਲਿਸ ਦੇ ਸੀਨੀਅਰ ਅਫਸਰਾਂ ਵਲੋਂ ਸ਼ਰਧਾ ਦੇ ਫੁਲ ਭੇਟ ਕੀਤੇ ਗਏ। ਇਸ ਮੌਕੇ ਪਰਿਵਾਰ ਵਲੋਂ ਮੁਹਾਲੀ 'ਚ ਸਥਿਤ ਲਿਵਾਸਾ ਹਸਪਤਾਲ 'ਤੇ ਲਾਪਰਵਾਹੀ ਕਾਰਨ ਉਨ੍ਹਾਂ ਦੀ ਲੜਕੀ ਦੀ ਮੌਤ ਹੋਣ ਦੇ ਦੋਸ਼ ਲਾਏ ਹਨ ਤੇ ਕਿਹਾ ਹੈ ਕਿ ਹਸਪਤਾਲ ਦੇ ਪ੍ਰਬੰਧਕਾਂ ਅਤੇ ਡਾਕਟਰਾਂ ਦੀ ਅਣਗਹਿਲੀ ਕਾਰਨ ਹਰਪ੍ਰੀਤ ਕੌਰ ਦੀ ਮੌਤ ਹੋਈ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕਾ ਦੇ ਭਰਾ ਦਾ ਕਹਿਣਾ ਹੈ ਕਿ ਉਸਦੀ ਭੈਣ ਨੂੰ ਕਿਡਨੀ ਦੀ ਮਾਮੂਲੀ ਜਿਹੀ ਦਿੱਕਤ ਸੀ ਤੇ ਲਿਵਾਸਾ ਹਸਪਤਾਲ ਮੁਹਾਲੀ ਵਲੋਂ ਇਕ ਛੋਟੇ ਜਿਹੇ ਆਪ੍ਰੇਸ਼ਨ ਦੀ ਗੱਲ ਕਹੀ ਸੀ ਤੇ ਕੁੱਲ ਖਰਚ 40 ਹਜ਼ਾਰ ਦੇ ਕਰੀਬ ਦੱਸਿਆ ਸੀ। ਉਨ੍ਹਾਂ ਕਿਹਾ ਕਿ ਹਰਪ੍ਰੀਤ ਕੌਰ ਦਾ ਪਹਿਲਾਂ ਆਪ੍ਰੇ਼ਸ਼ਨ 6 ਨਵੰਬਰ ਨੂੰ ਹੋਇਆ ਸੀ ਤੇ ਅਪ੍ਰੇਸ਼ਨ ਠੀਕ ਨਾ ਹੋਣ ਕਾਰਨ ਮੁੜ ਉਸਦਾ ਆਪ੍ਰੇ਼ਸਨ, 9 ਨਵੰਬਰ ਤੇ ਫਿਰ 11 ਨਵੰਬਰ ਨੂੰ ਕੀਤਾ ਗਿਆ ਸੀ।
ਉਸਨੇ ਦੱਸਿਆ ਕਿ ਫਿਰ ਵੀ ਉਸਦੀ ਭੈਣ ਦੀ ਸਿਹਤ ਵਿਗੜਦੀ ਗਈ ਤੇ ਡਾਕਟਰਾਂ ਵਲੋਂ ਚੌਥਾ ਆਪ੍ਰੇਸ਼ਨ 24 ਨਵੰਬਰ ਨੂੰ ਕੀਤਾ ਗਿਆ ਤੇ 25 ਨਵੰਬਰ ਨੂੰ ਹਰਪ੍ਰ਼ੀਤ ਕੌਰ ਦੀ ਮੌਤ ਹੋ ਗਈ। ਇਸ ਮੌਕੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਾਉਂਦਿਆਂ ਹੋਇਆਂ ਹਸਪਤਾਲ ਦੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
- PTC NEWS