ਇਸ 'ਮਾਮੇ' ਦੇ ਕਾਰਜ ਹਰ ਪਾਸੇ ਹੋ ਰਹੀ ਸ਼ਲਾਘਾ, ਗਰੀਬ ਪਰਿਵਾਰ ਦੀ ਧੀ ਲਈ ਬਣਿਆ ਮਸੀਹਾ
ਪੰਜਾਬ ਪੁਲਿਸ ਦਾ ਆਪਣਾ ਇੱਕ ਵੱਖਰਾ ਰੁਤਬਾ ਅਤੇ ਕਈ ਵਾਰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀਆਂ ਖ਼ਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਵਿੱਚ ਇੱਕ ਥਾਣੇਦਾਰ ਦਲਜੀਤ ਸਿੰਘ ਵੀ ਹਨ, ਜੋ ਆਪਣੇ ਸਮਾਜ ਸੇਵਾ ਦੇ ਕੰਮਾਂ ਲਈ ਜਾਣੇ ਜਾਂਦੇ ਹਨ। ਹੁਣ ਇੱਕ ਵਾਰ ਫਿਰ ਉਨ੍ਹਾਂ ਨੇ ਇੱਕ ਗਰੀਬ ਪਰਿਵਾਰ ਦੀ ਧੀ ਦੇ ਵਿਆਹ ਵਿੱਚ 'ਮਾਮੇ' ਦਾ ਰੋਲ ਨਿਭਾਇਆ ਹੈ ਅਤੇ ਵਿਆਹ ਲਈ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਹੈ। ਦਲਜੀਤ ਸਿੰਘ ਦੇ ਇਸ ਕਾਰਜ ਦੀ ਇਲਾਕੇ ਦੇ ਲੋਕਾਂ ਵੱਲੋਂ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ।
ਥਾਣੇਦਾਰ ਦਲਜੀਤ ਸਿੰਘ ਨੇ ਕਿਹਾ ਕਿ ਪੀਟੀਸੀ ਨਿਊਜ਼ 'ਤੇ ਉਨ੍ਹਾਂ ਇਸ ਪਰਿਵਾਰ ਦੀ ਵੀਡੀਓ ਵੇਖੀ ਸੀ, ਜਿਸ ਤੋਂ ਬਾਅਦ ਉਹ ਇਥੇ ਪਿੰਡ ਸੁਲਤਾਨਵਿੰਡ ਵਿਚ ਗਰੀਬ ਪਰਿਵਾਰ ਦੇ ਘਰ ਆਏ ਹਨ। ਘਰ ਦੇ ਹਾਲਾਤ ਬਹੁਤ ਬੁਰੇ ਹਨ, ਘਰ ਦੇ ਕਮਰੇ ਦੀ ਡੂੰਘਾਈ 7-8 ਫੁੱਟ ਜ਼ਮੀਨ ਹੇਠਾਂ ਹੈ ਅਤੇ ਮੀਂਹ ਦੌਰਾਨ ਪਾਣੀ ਕੋਲੀਆਂ-ਗਲਾਸਾਂ ਨਾਲ ਕੱਢਣਾ ਪੈਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਪਰਿਵਾਰ ਦੀ ਧੀ ਦੇ ਵਿਆਹ ਲਈ ਹੰਭਲਾ ਮਾਰਨ ਦਾ ਸੋਚੀ। ਉਨ੍ਹਾਂ ਕਿਹਾ ਕਿ ਵਿਆਹ 'ਤੇ ਕੁੜੀ ਦੇ ਮਾਮੇ ਤੇ ਚਾਚੇ ਵਿਆਹ 'ਚ ਨਹੀਂ ਪਹੁੰਚ ਸਕੇ।
ਉਨ੍ਹਾਂ ਕਿਹਾ ਕਿ ਉਪਰਾਲੇ ਵੱਜੋਂ ਅਸੀਂ ਅੱਜ ਕੁੜੀ ਨੂੰ ਵਿਆਹ ਦਾ ਲੋੜੀਂਦਾ ਸਾਮਾਨ ਦਿੱਤਾ ਅਤੇ ਨਾਲ ਹੀ ਹੌਸਲਾ ਦਿੱਤਾ ਹੈ ਕਿ ਵਿਆਹ ਦੌਰਾਨ ਲੋੜ ਪੈਣ 'ਤੇ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਪਰਿਵਾਰ ਦੀ ਸਹਾਇਤਾ ਕਰਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ ਅਤੇ ਪਰਿਵਾਰ ਵੀ ਬਹੁਤ ਖੁਸ਼ ਨਜ਼ਰ ਆ ਰਿਹਾ ਹੈ। ਉਨ੍ਹਾਂ ਹੋਰ ਸਮਾਜ ਸੇਵੀ ਤੇ ਦਾਨੀ ਸੱਜਣਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਗਰੀਬ ਪਰਿਵਾਰ ਦੀ ਧੀ ਦੇ ਵਿਆਹ ਲਈ ਵੱਧ ਚੜ੍ਹ ਕੇ ਮਦਦ ਕਰਨ।
ਕੁੜੀ ਦੀ ਮਾਂ ਹੋਈ ਭਾਵੁਕ
ਕੁੜੀ ਦੀ ਮਾਂ ਕੁਲਵੰਤ ਕੌਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਇਸ ਔਖੇ ਸਮੇਂ ਵਿੱਚ ਮੇਰੇ ਭਰਾਵਾਂ ਨੇ ਵੀ ਸਾਥ ਨਹੀਂ ਦਿੱਤਾ ਅਤੇ ਉਨ੍ਹਾਂ ਦੀ ਇੱਛਾ ਸੀ ਕਿ ਉਨ੍ਹਾਂ ਦੀ ਧੀ ਦਾ ਕੋਈ ਮਾਮਾ ਬਣ ਕੇ ਆਵੇ, ਜੋ ਪੁਲਿਸ ਅਧਿਕਾਰੀ ਦਲਜੀਤ ਸਿੰਘ ਨੇ ਪੂਰੀ ਕਰ ਦਿੱਤੀ ਹੈ ਅਤੇ ਉਹ ਚਾਹੁੰਦੀ ਹੈ ਕਿ ਉਹ ਇਸੇ ਤਰ੍ਹਾਂ ਉਸ ਦਾ ਭਰਾ ਬਣਿਆ ਰਹੇ। ਉਸ ਨੇ ਕਿਹਾ ਕਿ ਪਹਿਲਾਂ ਪਰਿਵਾਰ ਬਹੁਤ ਹੀ ਉਦਾਸ ਸੀ, ਪਰ ਅੱਜ ਉਹ ਸਾਡੇ ਵਿਆਹ ਵਾਲੇ ਘਰ 'ਚ ਨਾਨਕਾ ਮੇਲ ਵਾਂਗ ਆ ਗਏ ਹਨ। ਕੁਲਵੰਤ ਕੌਰ ਨੇ ਕਿਹਾ ਕਿ ਉਹ ਥਾਣੇਦਾਰ ਦਲਜੀਤ ਸਿੰਘ ਦਾ ਦਿਲੋਂ ਧੰਨਵਾਦ ਕਰਦੀ ਹੈ, ਜੋ ਉਸ ਦੀ ਧੀ ਦਾ 'ਮਾਮਾ' ਬਣ ਕੇ ਬਹੁੜੇ ਹਨ।
- PTC NEWS