Special Story Charkha : ਆਧੁਨਿਕ ਯੁੱਗ ਦੀ ਚਕਾਚੌਂਧ 'ਚ ਗੁੰਮ ਹੋਈ ਪੰਜਾਬੀ ਸਭਿਆਚਾਰ ਦੇ 'ਚਰਖੇ' ਦੀ ਮਿੱਠੀ-ਮਿੱਠੀ ਘੂਕ...ਵੇਖੋ ਵੀਡੀਓ
Charkha : ਪੰਜਾਬੀ ਸੱਭਿਆਚਾਰ ਦਾ ਅੰਗ ਚਰਖਾ ਅੱਜ ਅਲੋਪ ਹੁੰਦਾ ਜਾ ਰਿਹਾ ਹੈ। ਬੇਸ਼ੱਕ ਪੁਰਾਣੇ ਸਮੇਂ ਵਿੱਚ ਪਿੰਡਾਂ ਦੀਆਂ ਔਰਤਾਂ ਫਰੀ ਸਮੇਂ ਵਿੱਚ ਦਰੱਖਤਾਂ ਹੇਠਾਂ ਜਾਂ ਘਰ ਵਿੱਚ ਚਰਖਾ ਕੱਤਦੀਆਂ ਸਨ, ਪਰ ਬਦਲਦੇ ਸਮੇਂ ਨਾਲ ਚਰਖੇ ਅਤੇ ਚਰਖੇ ਕੱਤਣ ਵਾਲੀਆਂ ਖਤਮ ਹੋ ਗਈਆਂ। ਇਸ ਦੇ ਚਲਦਿਆਂ ਚਰਖੇ ਬਣਾਉਣ ਵਾਲੇ ਵੀ ਹੁਣ ਆਪਣਾ ਚਰਖੇ ਬਣਾਉਣ ਦਾ ਕੰਮ ਛੱਡ ਚੁੱਕੇ ਹਨ।
ਅੱਜ ਗੱਲ ਕਰ ਰਹੇ ਆਂ, ਅਸੀਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਜੋਧਪੁਰ ਪਾਖਰ ਦੀ, ਜੋ ਕਿ ਕਿਸੇ ਸਮੇਂ ਵਿੱਚ ਚਰਖੇ ਬਣਾਉਣ ਵਿੱਚ ਮਸ਼ਹੂਰ ਪਿੰਡ ਵਜੋਂ ਜਾਣਿਆ ਜਾਂਦਾ ਸੀ, ਪਿੰਡ ਜੋਧਪੁਰ ਪਾਖਰ ਨੂੰ ਚਰਖਿਆਂ ਵਾਲਾ ਜੋਧਪੁਰ ਪਾਖਰ ਵੀ ਆਖਦੇ ਸਨ, ਜਿੱਥੇ ਵੱਡੀ ਗਿਣਤੀ ਵਿੱਚ ਮਿਸਤਰੀਆਂ ਦੇ ਘਰ ਸਨ ਤੇ ਸਾਰੇ ਮਿਸਤਰੀ ਚਰਖਾ ਬਣਾਉਂਦੇ ਸਨ।
ਇਸ ਸਬੰਧੀ ਗੱਲ ਕਰਦਿਆਂ ਬਜ਼ੁਰਗ ਮਿਸਤਰੀ ਨੇ ਦੱਸਿਆ ਕਿ ਇਥੋਂ ਚਰਖਾ ਪੰਜਾਬ ਹੀ ਨਹੀਂ, ਸਗੋਂ ਹਰਿਆਣਾ ਰਾਜਸਥਾਨ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਇਥੋਂ ਤਿਆਰ ਹੋ ਕੇ ਜਾਂਦਾ ਸੀ। ਵੱਡੇ ਚਰਖੇ ਦੇ ਨਾਲ-ਨਾਲ ਛੋਟੇ ਚਰਖੇ ਸ਼ੋਰੂਮ ਚ ਰੱਖਣ ਵਾਲੇ ਵੀ ਇੱਥੇ ਤਿਆਰ ਹੁੰਦੇ ਸਨ, ਪਰ ਹੁਣ ਚਰਖੇ ਕੱਤਣ ਵਾਲੀਆਂ ਔਰਤਾਂ ਨਹੀਂ, ਜਿਸ ਕਰਕੇ ਹੁਣ ਚਰਖੇ ਵਿਕਣੇ ਬੰਦ ਹੋ ਗਏ।
ਉਨ੍ਹਾਂ ਦੱਸਿਆ ਕਿ ਚਰਖਾ ਬੰਦ ਹੋਣ ਕਾਰਨ ਸਾਰੇ ਮਿਸਤਰੀਆਂ ਨੇ ਇਹ ਕੰਮ ਬੰਦ ਕਰਕੇ ਆਪਣੇ ਹੋਰ ਅਲੱਗ ਅਲੱਗ ਕੰਮ ਕਰ ਲਏ ਹਨ। ਹਾਲਾਂਕਿ, ਪਹਿਲਾਂ ਉਹਨਾਂ ਕੋਲ ਚਰਖੇ ਬਣਵਾਉਣ ਲਈ ਦੂਰ-ਦੁਰਾਡੇ ਤੋਂ ਆਰਡਰ ਮਿਲਦੇ ਸਨ ਤੇ ਉਹ ਦੋ ਦਿਨਾਂ ਵਿੱਚ ਚਰਖਾ ਤਿਆਰ ਕਰਦੇ ਸਨ। ਉਸ ਸਮੇਂ ਲੱਕੜ ਵੀ ਸਸਤੀ ਸੀ ਪਰ ਹੁਣ ਚਰਖੇ ਬਣਾਉਣ ਵਾਲੀ ਰੂੜੇ ਦੀ ਲੱਕੜ ਵੀ ਨਹੀਂ ਮਿਲਦੀ ਅਤੇ ਨਾ ਹੀ ਹੁਣ ਇਸ ਚਰਖੇ ਨੂੰ ਕੋਈ ਖਰੀਦਦਾ ਹੈ। ਉਨ੍ਹਾਂ ਕਿਹਾ ਕਿ ਕਦੇ-ਕੋਈ ਚਰਖਾ ਖਰੀਦਣ ਆਉਂਦਾ ਹੈ ਤਾਂ ਉਹ ਸਿਰਫ ਸ਼ੋ ਪੀਸ ਜਾਂ ਫਿਲਮਾਂ ਵਿੱਚ ਵਰਤਣ ਲਈ ਜ਼ਰੂਰ ਕਦੇ ਨਾ ਕਦੇ ਕੋਈ ਆਉਂਦਾ ਹੈ ਤੇ ਹੁਣ ਸਾਰੇ ਮਿਸਤਰੀਆਂ ਨੇ ਵੀ ਕੰਮ ਛੱਡ ਕੇ ਆਪਣੇ ਲੱਕੜ ਦੇ ਹੋਰ ਕੰਮ ਸ਼ੁਰੂ ਕਰ ਦਿੱਤੇ ਹਨ।
- PTC NEWS