Rahul Gandhi ਦਾ ਡਰੱਗ ਟੈਸਟ ਹੋਣਾ ਚਾਹੀਦੈ : ਕੰਗਨਾ ਰਣੌਤ
Kangana Ranaut : ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਬਾਰੇ ਵਿਵਾਦਿਤ ਬਿਆਨ ਦਿੱਤਾ ਹੈ। ਕੰਗਣਾ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਹਮੇਸ਼ਾ ਸ਼ਰਾਬੀ ਰਹਿੰਦੇ ਹਨ, ਉਨ੍ਹਾਂ ਦਾ ਡਰੱਗ ਟੈਸਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਹਮੇਸ਼ਾ ਸੰਵਿਧਾਨ ਨੂੰ ਠੇਸ ਪਹੁੰਚਾਉਂਦੇ ਹਨ। ਕੰਗਨਾ ਰਣੌਤ ਨੇ ਕਿਹਾ ਕਿ ਰਾਹੁਲ ਗਾਂਧੀ ਜਿਸ ਹਾਲਤ 'ਚ ਸੰਸਦ 'ਚ ਪਹੁੰਚਦੇ ਹਨ ਅਤੇ ਜਿਸ ਤਰ੍ਹਾਂ ਦੀਆਂ ਦਲੀਲਾਂ ਦਿੰਦੇ ਹਨ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਹਮੇਸ਼ਾ ਸ਼ਰਾਬੀ ਰਹਿੰਦੇ ਹਨ।
ਕੰਗਨਾ ਰਣੌਤ ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ 'ਤੇ ਹਮਲਾ ਕਰ ਚੁੱਕੀ ਹੈ। ਕੰਗਨਾ ਨੇ 1 ਜੁਲਾਈ ਨੂੰ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 'ਤੇ ਤਿੱਖਾ ਹਮਲਾ ਕੀਤਾ ਸੀ। ਉਨ੍ਹਾਂ ਸੁਝਾਅ ਦਿੱਤਾ ਕਿ ਕਾਂਗਰਸੀ ਆਗੂ ਨੂੰ ਤੁਰੰਤ ਕੋਈ ਥੈਰੇਪੀ ਲੈਣੀ ਚਾਹੀਦੀ ਹੈ। 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਚਰਚਾ ਦੌਰਾਨ ਕੰਗਨਾ ਰਣੌਤ ਨੇ ਰਾਹੁਲ ਗਾਂਧੀ ਦੇ ਭਾਸ਼ਣਾਂ ਨੂੰ ਗੈਰ-ਜ਼ਿੰਮੇਵਾਰਾਨਾ ਕਿਹਾ ਸੀ।
ਦੱਸ ਦਈਏ ਕਿ ਪਿਛਲੇ ਦੋ ਦਿਨਾਂ ਤੋਂ ਰਾਹੁਲ ਗਾਂਧੀ ਲੋਕ ਸਭਾ 'ਚ ਕੇਂਦਰ ਸਰਕਾਰ 'ਤੇ ਲਗਾਤਾਰ ਹਮਲਾ ਬੋਲ ਰਹੇ ਹਨ। ਬਜਟ 'ਤੇ ਚਰਚਾ ਦੌਰਾਨ ਉਨ੍ਹਾਂ ਨੇ ਭਾਜਪਾ ਦੇ ਚੋਣ ਨਿਸ਼ਾਨ ਨੂੰ ਚੱਕਰਵਿਊ ਦਾ ਪ੍ਰਤੀਕ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਕੇਂਦਰ ਸਰਕਾਰ ਚੱਕਰਵਿਊ ਬਣਾ ਕੇ ਦੇਸ਼ ਦੇ ਲੋਕਾਂ ਨੂੰ ਘੇਰਨ ਅਤੇ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਸਾਨਾਂ, ਆਮ ਆਦਮੀ, ਅਗਨੀਵੀਰ ਅਤੇ ਔਰਤਾਂ ਦੇ ਮੁੱਦੇ ਉਠਾਏ।
ਓਲੰਪਿਕ ਉਦਘਾਟਨੀ ਸਮਾਰੋਹ 'ਤੇ ਵੀ ਵਿਅੰਗ ਕਸਿਆ
ਕੰਗਨਾ ਰਣੌਤ ਨੇ ਸ਼ਨੀਵਾਰ 27 ਜੁਲਾਈ ਨੂੰ ਪੈਰਿਸ ਓਲੰਪਿਕ 2024 ਦੇ ਉਦਘਾਟਨੀ ਸਮਾਰੋਹ ਵਿੱਚ ਪ੍ਰਦਰਸ਼ਨ ਦੀ ਸਖ਼ਤ ਆਲੋਚਨਾ ਕੀਤੀ ਸੀ। ਉਸਨੇ ਸਮਾਰੋਹ ਵਿੱਚ ਇੱਕ ਪ੍ਰਦਰਸ਼ਨ ਨੂੰ ਬਹੁਤ ਜ਼ਿਆਦਾ ਜਿਨਸੀ ਦੱਸਿਆ। ਕੰਗਨਾ ਨੇ ਕਿਹਾ ਸੀ ਕਿ ਅਸ਼ਲੀਲਤਾ ਦਾ ਪ੍ਰਦਰਸ਼ਨ ਖੱਬੇਪੱਖੀਆਂ ਵੱਲੋਂ ਓਲੰਪਿਕ ਖੇਡਾਂ ਨੂੰ ਹਾਈਜੈਕ ਕਰਨ ਦਾ ਨਤੀਜਾ ਹੈ।
ਮੁਹੱਰਮ 'ਤੇ ਟਿੱਪਣੀਆਂ ਨਾਲ ਪਰੇਸ਼ਾਨੀ
ਕੰਗਨਾ ਰਣੌਤ ਨੇ ਇੱਕ ਦਿਨ ਪਹਿਲਾਂ ਹੀ ਆਪਣੇ ਸੋਸ਼ਲ ਮੀਡੀਆ ਪੋਸਟ 'ਤੇ ਮੁਹੱਰਮ ਦੇ ਸੋਗ ਦਾ ਇੱਕ ਵੀਡੀਓ ਦੁਬਾਰਾ ਪੋਸਟ ਕੀਤਾ ਸੀ। ਇਸ ਨੂੰ ਰੀਪੋਸਟ ਕਰਦੇ ਹੋਏ ਕੰਗਨਾ ਨੇ ਲਿਖਿਆ ਸੀ- “ਇਹ ਅਜੀਬ ਅਤੇ ਡਰਾਉਣਾ ਹੈ।"
ਇਸ 'ਤੇ ਕੰਗਨਾ ਰਣੌਤ ਨੂੰ ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਟ੍ਰੋਲ ਕੀਤਾ ਗਿਆ ਸੀ। ਯੂਜ਼ਰਸ ਨੇ ਕੰਗਨਾ 'ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਸਨ।
- PTC NEWS