ਅੰਮ੍ਰਿਤਸਰ 'ਚ 2 ਨੌਜਵਾਨਾਂ 'ਤੇ ਤਾਬੜਤੋੜ ਫਾਇਰਿੰਗ: 1 ਦੀ ਹਾਲਤ ਗੰਭੀਰ
Punjab News: ਵੀਰਵਾਰ ਨੂੰ ਅੰਮ੍ਰਿਤਸਰ ਵਿੱਚ ਦੋ ਨੌਜਵਾਨਾਂ 'ਤੇ ਗੋਲੀਆਂ ਚਲਾਈਆਂ ਗਈਆਂ। ਹਮਲਾਵਰਾਂ ਦੀ ਗਿਣਤੀ ਲਗਭਗ ਛੇ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਦੋਵਾਂ ਨੌਜਵਾਨਾਂ ਨੂੰ ਗੋਲੀਆਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਨੁਸਾਰ, ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਹ ਘਟਨਾ ਲਗਭਗ 3 ਤੋਂ 4 ਸਾਲ ਪੁਰਾਣੀ ਰੰਜਿਸ਼ ਨਾਲ ਜੁੜੀ ਹੋਈ ਹੈ।
ਪੀੜਤਾਂ ਦੀ ਪਛਾਣ ਸ਼ਰਨਦੀਪ ਅਤੇ ਆਕਾਸ਼ਦੀਪ ਵਜੋਂ ਹੋਈ ਹੈ, ਜੋ ਦੋਵੇਂ ਕੋਟਲੀ ਸਾਕਾ, ਅਜਨਾਲਾ ਦੇ ਰਹਿਣ ਵਾਲੇ ਹਨ। ਪੁਲਿਸ ਮੁਤਾਬਕ, ਇਹ ਦੋਵੇਂ ਨੌਜਵਾਨ ਤਰਨਵਾਲਾ ਪੁਲ ਦੇ ਨੇੜੇ ਸਥਿਤ ਇੱਕ ਮਜ਼ਾਰ 'ਤੇ ਮੱਥਾ ਟੇਕਣ ਗਏ ਸਨ। ਇਸੇ ਦੌਰਾਨ ਹਮਲਾਵਰ ਉੱਥੇ ਪਹੁੰਚੇ ਅਤੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਮੌਕੇ ਤੋਂ .32 ਬੋਰ ਦੇ ਤਿੰਨ ਖੋਲ ਬਰਾਮਦ ਕੀਤੇ ਹਨ।
ਇੱਕ ਚਸ਼ਮਦੀਦ ਗਵਾਹ ਅਨੁਸਾਰ, ਹਮਲਾਵਰਾਂ ਦੀ ਗਿਣਤੀ ਪੰਜ ਤੋਂ ਛੇ ਸੀ। ਮੋਟਰਸਾਈਕਲ ਤੋਂ ਚਾਬੀ ਕੱਢਣ ਨੂੰ ਲੈ ਕੇ ਬਹਿਸ ਹੋ ਗਈ, ਜਿਸ ਤੋਂ ਬਾਅਦ ਹਮਲਾਵਰਾਂ ਵਿੱਚੋਂ ਇੱਕ ਨੇ ਪਿਸਤੌਲ ਕੱਢ ਕੇ ਗੋਲੀਆਂ ਚਲਾ ਦਿੱਤੀਆਂ। ਚਸ਼ਮਦੀਦ ਨੇ ਦੱਸਿਆ ਕਿ ਗੋਲੀਆਂ ਦੋਵਾਂ ਨੌਜਵਾਨਾਂ ਨੂੰ ਲੱਗੀਆਂ।
ਚਾਰ ਸਾਲ ਪਹਿਲਾਂ ਦੋ ਧੜਿਆਂ ਵਿਚਕਾਰ ਝੜਪ ਹੋਈ ਸੀ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ, ਲਗਭਗ ਤਿੰਨ-ਚਾਰ ਸਾਲ ਪਹਿਲਾਂ ਵੀ ਦੋਵਾਂ ਧਿਰਾਂ ਵਿਚਕਾਰ ਝਗੜਾ ਹੋਇਆ ਸੀ। ਉਸ ਸਮੇਂ ਖ਼ਬਰ ਆਈ ਸੀ ਕਿ ਦੋਵਾਂ ਧੜਿਆਂ ਨੇ ਇੱਕ-ਦੂਜੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ।
ਚਾਰ ਸ਼ੱਕੀਆਂ ਵਿੱਚੋਂ ਦੋ ਦੀ ਪਛਾਣ ਹੋ ਗਈ ਹੈ
ਪੁਲਿਸ ਨੂੰ ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਵਿੱਚ ਛੇ ਹਮਲਾਵਰ ਸ਼ਾਮਲ ਸਨ। ਇਨ੍ਹਾਂ ਵਿੱਚੋਂ ਦੋ ਦੀ ਪਛਾਣ ਕਰ ਲਈ ਗਈ ਹੈ, ਜਦਕਿ ਬਾਕੀ ਚਾਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ, ਆਕਾਸ਼ਦੀਪ ਨੂੰ ਇਲਾਜ ਲਈ ਕਿਸੇ ਹੋਰ ਹਸਪਤਾਲ ਭੇਜ ਦਿੱਤਾ ਗਿਆ ਹੈ, ਜਦਕਿ ਸ਼ਰਨਦੀਪ ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਹੈ।
- PTC NEWS