Ludhiana 'ਚ ਬੇਟੀ ਦੀ ਵਿਦਾਈ ਕਰਕੇ ਵਾਪਸ ਆ ਰਹੇ ਮਾਤਾ-ਪਿਤਾ ਦੀ ਸੜਕ ਹਾਦਸੇ 'ਚ ਮੌਤ, ਨੌਸਰਬਾਜ਼ ਮ੍ਰਿਤਕਾਂ ਦੇ ਸੋਨੇ ਦੇ ਗਹਿਣੇ ਅਤੇ ਸ਼ਗਨਾਂ ਦੀ ਨਗਦੀ ਲੈ ਕੇ ਫ਼ਰਾਰ
Ludhiana Road Accident : ਲੁਧਿਆਣਾ 'ਚ ਬੇਟੀ ਦੀ ਵਿਦਾਈ ਕਰਕੇ ਵਾਪਸ ਆ ਰਹੇ ਪਰਿਵਾਰ ਦੀ ਇਨੋਵਾ ਕਾਰ ਇੱਕ ਟਰੱਕ ਨਾਲ ਟਕਰਾ ਗਈ, ਜਿਸ ਵਿੱਚ ਲਾੜੀ ਦੇ ਮਾਤਾ-ਪਿਤਾ ਸਮੇਤ 3 ਦੀ ਮੌਤ ਹੋ ਗਈ ਹੈ ਅਤੇ ਦੋ ਰਿਸ਼ਤੇਦਾਰ ਗੰਭੀਰ ਜ਼ਖਮੀ ਹੋ ਗਏ, ਜਿਨਾਂ ਨੂੰ ਇਲਾਜ ਲਈ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਉਥੇ ਹੀ ਹਾਦਸੇ ਤੋਂ ਬਾਅਦ ਕੁਝ ਮੌਕਾਪਰਸਤ ਲੋਕਾਂ ਨੇ ਮ੍ਰਿਤਕਾਂ ਦੀਆਂ ਦੇਹਾਂ ਤੋਂ ਗਹਿਣੇ ਅਤੇ ਨਗ਼ਦੀ ਚੋਰੀ ਕਰਕੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਕਾਰਾ ਕੀਤਾ ਹੈ। ਹਾਦਸੇ ਵਾਲੇ ਸਥਾਨ ਤੋਂ ਲੋਕਾਂ ਨੇ ਮ੍ਰਿਤਕਾਂ ਦੇ ਗਲੇ ਵਿੱਚੋਂ ਹਾਰ, ਮੁੰਦਰੀਆਂ, ਕੜੇ, ਇੱਕ ਐਪਲ ਦੀ ਘੜੀ, ਕੁੱਲ ਮਿਲਾ ਕੇ 15 ਤੋਲੇ ਸੋਨਾ, 3 ਲੱਖ ਰੁਪਏ ਨਕਦ ਅਤੇ ਵਿਆਹ ਵਿੱਚ ਮਿਲੇ ਲਗਭਗ 2 ਲੱਖ ਰੁਪਏ ਦੇ ਸ਼ਗਨ ਸਮੇਤ ਇਸ ਸਾਰੇ ਸਮਾਨ ਨੂੰ ਨੌਸਰਬਾਜ਼ ਲੋਕ ਉਡਾ ਲੈ ਗਏ।
ਜਾਣਕਾਰੀ ਅਨੁਸਾਰ ਸਰਹਿੰਦ ਦੇ ਰਹਿਣ ਵਾਲੇ ਵਪਾਰੀ ਅਸ਼ੋਕ ਨੰਦਾ ਨੇ ਆਪਣੀ ਬੇਟੀ ਦਾ ਵਿਆਹ ਜਲੰਧਰ ਵਿੱਚ ਤੈਅ ਕੀਤਾ ਸੀ। ਵਿਆਹ ਲਈ ਲੁਧਿਆਣਾ ਦੇ ਸਟੈਲੋਨ ਮੈਨੋਰ ਪੈਲੇਸ ਬੁੱਕ ਕੀਤਾ ਗਿਆ ਸੀ। ਵਿਆਹ ਦੀ ਰਸਮ ਐਤਵਾਰ-ਸੋਮਵਾਰ ਰਾਤ ਨੂੰ ਹੋਈ। ਲਾੜੀ ਦੀ ਵਿਦਾਇਗੀ ਰਸਮ ਸੋਮਵਾਰ ਸਵੇਰੇ ਹੋਈ। ਇਸ ਤੋਂ ਬਾਅਦ ਲਾੜੀ ਦਾ ਪਰਿਵਾਰ ਖੁਸ਼ੀ ਨਾਲ ਘਰ ਵਾਪਸ ਜਾਣ ਦੀ ਤਿਆਰੀ ਕਰਨ ਲੱਗ ਪਿਆ।
ਥੋੜ੍ਹੀ ਦੇਰ ਬਾਅਦ ਲਾੜੀ ਗਜ਼ਲ ਦੇ ਪਿਤਾ ਮੋਹਨ ਕੁਮਾਰ ਨੰਦਾ ,ਮਾਂ ਕਿਰਨ ਨੰਦਾ ਅਤੇ ਚਾਚੀ ਰੇਣੂ ਬਾਲਾ ਦੇ ਨਾਲ ਮੋਹਨ ਕੁਮਾਰ ਨੰਦਾ ਅਤੇ ਸ਼ਰਮੀਲੀ ਨੰਦਾ ਇਨੇਵਾ ਕ੍ਰਿਸਟਾ ਕਾਰ ਵਿੱਚ ਬੈਠ ਕੇ ਸਰਹਿੰਦ ਘਰ ਲਈ ਰਵਾਨਾ ਹੋ ਗਏ।ਜਿਵੇਂ ਹੀ ਉਨ੍ਹਾਂ ਦੀ ਗੱਡੀ ਪਿੰਡ ਖਾਕਟ ਵਿੱਚ ਇੱਕ ਫੈਬਰਿਕ ਕੰਪਨੀ ਦੇ ਨੇੜੇ ਪਹੁੰਚੀ ਤਾਂ ਅੱਗੇ ਜਾ ਰਹੇ ਇੱਕ ਟਰੱਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ।
ਉਸ ਸਮੇਂ ਇਨੋਵਾ ਵੀ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ। ਜਿਵੇਂ ਹੀ ਟਰੱਕ ਨੇ ਬ੍ਰੇਕ ਲਗਾਈ ਤਾਂ ਇਨੋਵਾ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਤੇਜ਼ ਰਫ਼ਤਾਰ ਕਾਰਨ ਕਾਰ ਕਈ ਮੀਟਰ ਤੱਕ ਘਸੀਟਦੀ ਗਈ। ਕਾਰ ਵਿੱਚ ਸਵਾਰ ਸਾਰੇ ਪੰਜ ਲੋਕ ਜ਼ਖਮੀ ਹੋ ਗਏ। ਲਾੜੀ ਦੇ ਪਿਤਾ ਅਸ਼ੋਕ ਨੰਦਾ, ਮਾਂ ਕਿਰਨ ਨੰਦਾ ਅਤੇ ਚਾਚੀ ਰੇਣੂ ਬਾਲਾ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਇਸ ਘਟਨਾ ਵਿੱਚ ਜ਼ਖਮੀ ਹੋਏ ਮੋਹਨ ਨੰਦਾ ਅਤੇ ਸ਼ਰਮੀਲੀ ਨੰਦਾ ਦੀ ਹਾਲਤ ਗੰਭੀਰ ਬਣੀ ਹੋਈ ਹੈ।
- PTC NEWS