Amritsar Bus Accident : ਪੰਜਾਬ 'ਚ ਵੱਡਾ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਟਿੱਪਰ 'ਚ ਵੱਜੀ, ਮੱਚਿਆ ਚੀਕ-ਚਿਹਾੜਾ, ਕਈ ਮੌਤਾਂ ਦਾ ਖਦਸ਼ਾ
Amritsar Bus Accident : ਪੰਜਾਬ ਦੇ ਅੰਮ੍ਰਿਤਸਰ 'ਚ ਵੱਡਾ ਹਾਦਸਾ ਵਾਪਰਨ ਦੀ ਸੂਚਨਾ ਹੈ। ਗੋਪਾਲਪੁਰਾ ਨੇੜੇ ਬਟਾਲਾ ਰੋਡ 'ਤੇ ਸਵਾਰੀਆਂ ਨਾਲ ਭਰੀ ਇੱਕ ਤੇਜ਼ ਰਫ਼ਤਾਰ ਬੱਸ ਦੇ ਟਿੱਪਰ 'ਚ ਵੱਜਣ ਕਾਰਨ 5 ਤੋਂ ਵੱਧ ਸਵਾਰੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਜਦਕਿ 12 ਤੋਂ ਵੱਧ ਸਵਾਰੀਆਂ ਦੇ ਜ਼ਖ਼ਮੀ ਹੋਣ ਬਾਰੇ ਦੱਸਿਆ ਜਾ ਰਿਹਾ ਹੈ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਬੱਸ ਹਾਦਸਾ ਤੇਜ਼ ਰਫ਼ਤਾਰ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਬੱਸ ਗੁਰਦਾਸਪੁਰ ਤੋਂ ਅੰਮ੍ਰਿਤਸਰ ਜਾ ਰਹੀ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਟੁੱਟ ਗਿਆ। ਕਈ ਸੀਟਾਂ ਉੱਖੜ ਕੇ ਬੱਸ ਤੋਂ ਬਾਹਰ ਡਿੱਗ ਗਈਆਂ।
ਜ਼ਖਮੀ ਯਾਤਰੀਆਂ ਦੇ ਅਨੁਸਾਰ, ਹਾਦਸਾ ਕੱਥੂਨੰਗਲ ਨੇੜੇ ਵਾਪਰਿਆ। ਜਿਵੇਂ ਹੀ ਬੱਸ ਟਿੱਪਰ 'ਚ ਵੱਜੀ ਤਾਂ ਲੋਕਾਂ ਵਿੱਚ ਚੀਕ-ਚਿਹਾੜਾ ਮੱਚ ਗਿਆ ਅਤੇ ਰੋਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਮੌਕੇ 'ਤੇ ਆਸ-ਪਾਸ ਦੇ ਲੋਕਾਂ ਨੇ ਤੁਰੰਤ ਜ਼ਖ਼ਮੀਆਂ ਨੂੰ ਬੱਸ 'ਚੋਂ ਕੱਢਿਆ ਅਤੇ ਐਂਬੂਲੈਂਸ ਨੂੰ ਫੋਨ ਕਰਕੇ ਹਸਪਤਾਲ ਦਾਖਲ ਕਰਵਾਇਆ।
ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਸੀ ਅਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਟਿੱਪਰ ਨੂੰ ਕਬਜ਼ੇ 'ਚ ਲੈ ਲਿਆ ਹੈ, ਜਦਕਿ ਟਿੱਪਰ ਡਰਾਈਵਰ ਦੇ ਫਰਾਰ ਦੱਸਿਆ ਗਿਆ।
ਖਬਰ ਅਪਡੇਟ ਜਾਰੀ...
- PTC NEWS