Amritsar News : ਅੰਮ੍ਰਿਤਸਰ ਦੇ ਵੇਰਕਾ -ਪਠਾਨਕੋਟ ਹਾਈਵੇ ’ਤੇ ਧੁੰਦ ਦਾ ਕਹਿਰ, ਬਜਰੀ ਨਾਲ ਭਰਿਆ ਟਰੱਕ ਪਲਟਿਆ
Amritsar News : ਅੰਮ੍ਰਿਤਸਰ ਦੇ ਵੇਰਕਾ ਤੋਂ ਪਠਾਨਕੋਟ ਜਾਣ ਵਾਲੇ ਨੈਸ਼ਨਲ ਹਾਈਵੇ ’ਤੇ ਸੰਘਣੀ ਧੁੰਦ ਕਾਰਨ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਬਜਰੀ ਨਾਲ ਭਰਿਆ ਇੱਕ ਟਰੱਕ ਅਚਾਨਕ ਸੰਤੁਲਨ ਗੁਆ ਬੈਠਾ ਅਤੇ ਸੜਕ ਦੇ ਵਿਚਕਾਰ ਪਲਟ ਗਿਆ। ਟਰੱਕ ਪਲਟਣ ਨਾਲ ਸੜਕ ’ਤੇ ਬਜਰੀ ਫੈਲ ਗਈ, ਜਿਸ ਕਾਰਨ ਦੂਰ-ਦੂਰ ਤੱਕ ਟ੍ਰੈਫਿਕ ਜਾਮ ਲੱਗ ਗਿਆ।
ਸੰਘਣੀ ਧੁੰਦ ਹੋਣ ਕਰਕੇ ਪਿੱਛੋਂ ਆ ਰਹੀਆਂ ਕਈ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਹਾਦਸੇ ਕਾਰਨ ਹਾਈਵੇ ’ਤੇ ਕੁਝ ਸਮੇਂ ਲਈ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਅਤੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਇਸ ਟੱਕਰ ਵਿੱਚ ਕਿਸੇ ਵੀ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ, ਜੋ ਕਿ ਇੱਕ ਵੱਡੀ ਰਾਹਤ ਦੀ ਗੱਲ ਹੈ।
ਸੂਚਨਾ ਮਿਲਦੇ ਹੀ ਮੌਕੇ ’ਤੇ ਪੁਲਿਸ ਪ੍ਰਸ਼ਾਸਨ ਤੁਰੰਤ ਪਹੁੰਚਿਆ ਅਤੇ ਟ੍ਰੈਫਿਕ ਨੂੰ ਕੰਟਰੋਲ ਵਿੱਚ ਲਿਆ। ਪੁਲਿਸ ਵੱਲੋਂ ਕ੍ਰੇਨ ਦੀ ਮਦਦ ਨਾਲ ਪਲਟੇ ਟਰੱਕ ਨੂੰ ਸੜਕ ਤੋਂ ਹਟਾਇਆ ਗਿਆ ਅਤੇ ਬਜਰੀ ਸਾਫ਼ ਕਰਵਾਈ ਗਈ। ਨਾਲ ਹੀ ਰਾਹਗੀਰਾਂ ਨੂੰ ਸੰਘਣੀ ਧੁੰਦ ਦੇ ਮੱਦੇਨਜ਼ਰ ਹੌਲੀ ਗੱਡੀ ਚਲਾਉਣ ਅਤੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਘਣੀ ਧੁੰਦ ਕਾਰਨ ਦਿੱਖ ਘੱਟ ਹੋਣ ਨਾਲ ਅਜਿਹੇ ਹਾਦਸੇ ਵਾਪਰ ਰਹੇ ਹਨ, ਇਸ ਲਈ ਡਰਾਈਵਰ ਸਾਵਧਾਨੀ ਵਰਤਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ।
- PTC NEWS