ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਿਲਿਆ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ, ਇਸ ਮਾਮਲੇ 'ਚ ਸਿੰਘ ਸਾਹਿਬ ਨੂੰ ਕੀਤੀ ਅਰਜੋਈ
Sukhbir Singh Badal : ਸ਼੍ਰੋਮਣੀ ਅਕਾਲੀ ਦਲ ਦੇ ਵਫਦ ਵੱਲੋਂ ਮੰਗਲਵਾਰ ਸ਼ਾਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ ਗਈ ਸੀ। ਮੁਲਾਕਾਤ ਦੌਰਾਨ ਵਫ਼ਦ ਵੱਲੋਂ ਜਥੇਦਾਰ ਸਾਹਿਬ ਨੂੰ ਦੱਸਿਆ ਗਿਆ ਕਿ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵੱਲੋਂ ਕਿਸੇ ਵੀ ਪ੍ਰੋਗਰਾਮ 'ਚ ਹਿੱਸਾ ਨਹੀਂ ਲਿਆ ਗਿਆ ਹੈ ਅਤੇ ਹੁਣ ਪੰਜਾਬ ਦੀਆਂ ਵਿਧਾਨ ਸਭਾ ਦੀਆਂ 4 ਜ਼ਿਮਨੀ ਚੋਣਾਂ ਨੂੰ ਲੈ ਕੇ ਅਰਜੋਈ ਕੀਤੀ ਗਈ ਹੈ।
ਸਿੰਘ ਸਾਹਿਬ ਨਾਲ ਮੁਲਾਕਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਸਮੇਤ ਸੀਨੀਅਰ ਆਗੂ ਗੁਲਜ਼ਾਰ ਸਿੰਘ ਰਣੀਕੇ, ਇਕਬਾਲ ਸਿੰਘ ਝੂੰਦਾਂ, ਹੀਰਾ ਸਿੰਘ ਗਾਬੜੀਆ, ਡਾਕਟਰ ਦਲਜੀਤ ਸਿੰਘ ਚੀਮਾ, ਅਰਸ਼ਦੀਪ ਸਿੰਘ ਕਲੇਰ ਅਤੇ ਜਨਮੇਜਾ ਸਿੰਘ ਸੇਖੋਂ ਹਾਜ਼ਰ ਸਨ।
ਮੀਟਿੰਗ ਉਪਰੰਤ ਮੀਡੀਆ ਨੂੰ ਸੰਬੋਧਨ ਦੌਰਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਹ ਅੱਜ ਪੰਜਾਬ ਵਿਧਾਨ ਸਭਾ ਦੀਆਂ ਅਚਾਨਕ ਐਲਾਨੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਜਥੇਦਾਰ ਸਾਹਿਬ ਨੂੰ ਮਿਲੇ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਨੂੰ ਦੱਸਿਆ ਗਿਆ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤਨਖਾਇਆ ਕਰਾਰ ਹੋਣ ਤੋਂ ਬਾਅਦ ਘਰ ਹਨ ਅਤੇ ਕਿਸੇ ਪ੍ਰੋਗਰਾਮ 'ਚ ਹਿੱਸਾ ਨਹੀਂ ਲਿਆ, ਪਰ ਸਾਰੇ ਪੰਜਾਬ ਵਾਸੀ ਚਾਹੁੰਦੇ ਹਨ ਕਿ ਇਹ ਸਰਕਾਰੀ ਤੰਤਰ ਦੀਆਂ ਚਾਲਾਂ ਖਿਲਾਫ਼ ਲੜਿਆ ਜਾਵੇ। ਕਿਉਂਕਿ SAD ਇੰਨਾ ਸਾਜਿਸ਼ਾਂ ਦੇ ਖਿਲਾਫ਼ ਲੜਦਾ ਰਿਹਾ ਹੈ ਅਤੇ ਅੱਜ ਵੀ ਅਸੀਂ ਸਾਜਿਸ਼ਾ ਦੇ ਖਿਲਾਫ ਲੜ ਰਹੇ ਹਾਂ।
ਉਨ੍ਹਾਂ ਕਿਹਾ ਕਿ SAD ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ ਅਤੇ ਸਾਨੂੰ ਇਹ ਦਿੱਕਤ ਆ ਰਹੀ ਹੈ ਕਿ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਹੈ, ਜਿਸ ਕਰਕੇ ਜ਼ਿਮਨੀ ਚੋਣ ਲੜਨ ਲਈ ਵੀ ਬੇਨਤੀ ਕੀਤੀ ਹੈ ਕਿਉਂਕਿ ਜਦੋਂ ਜਰਨੈਲ ਪਿੱਛੇ ਹੋਵੇ ਤਾਂ ਪੂਰੀ ਪਾਰਟੀ ਡਾਵਾਂ-ਡੋਲ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਨੂੰ ਇੱਕ ਵਾਰ ਮੁੜ ਇਸ ਮਸਲੇ 'ਤੇ ਫੇਰ ਸਾਨੂੰ ਅਸ਼ੀਰਵਾਦ ਦੇਣ ਦੀ ਅਰਜੋਈ ਕੀਤੀ ਗਈ ਹੈ, ਕਿਉਂਕਿ SAD ਦਾ ਜਨਮ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਇਆ ਸੀ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਬੇਨਤੀ ਰੱਖੀ ਹੈ ਅਤੇ ਬਾਕੀ ਹੁਣ ਸਿੰਘ ਸਾਹਿਬ ਦਾ ਜੋ ਆਦੇਸ਼ ਆਵੇਗਾ ਉਸ ਉਪਰੰਤ ਹੀ ਪਤਾ ਲੱਗੇਗਾ।
ਉਨ੍ਹਾਂ ਕਿਹਾ ਕਿ ਕਿਉਂਕਿ ਗਿੱਦੜਬਾਹਾ ਸੁਖਬੀਰ ਸਿੰਘ ਬਾਦਲ ਦਾ ਪੁਰਾਣਾ ਹਲਕਾ ਹੈ ਅਤੇ ਸਾਰਾ ਸਾਰਾ ਗਿੱਦੜਬਾਹਾ ਹਲਕਾ ਇੱਛੁਕ ਹੈ ਕਿ ਸੁਖਬੀਰ ਬਾਦਲ ਚੋਣ ਲੜਨ। ਇਸ ਲਈ ਅਸੀਂ ਐਮਰਜੰਸੀ ਮੁਲਾਕਾਤ ਕਰਕੇ ਸਮੁੱਚੇ ਗਿੱਦੜਬਾਹਾ ਹਲਕੇ ਦੀ ਸੰਗਤ ਦੀ ਮੰਗ ਸਿੰਘ ਸਾਹਿਬ ਅੱਗੇ ਰੱਖੀ ਹੈ।
- PTC NEWS