Wed, Feb 8, 2023
Whatsapp

ਸਿੱਖ ਜਗਤ ਵੀਰ ਬਾਲ ਦਿਵਸ ਨਹੀਂ ਸਾਹਿਬਜ਼ਾਦੇ ਸ਼ਹਾਦਤ ਦਿਵਸ ਮਨਾਏ: ਐਡਵੋਕੇਟ ਧਾਮੀ

Written by  Pardeep Singh -- December 25th 2022 03:03 PM
ਸਿੱਖ ਜਗਤ ਵੀਰ ਬਾਲ ਦਿਵਸ ਨਹੀਂ ਸਾਹਿਬਜ਼ਾਦੇ ਸ਼ਹਾਦਤ ਦਿਵਸ ਮਨਾਏ: ਐਡਵੋਕੇਟ ਧਾਮੀ

ਸਿੱਖ ਜਗਤ ਵੀਰ ਬਾਲ ਦਿਵਸ ਨਹੀਂ ਸਾਹਿਬਜ਼ਾਦੇ ਸ਼ਹਾਦਤ ਦਿਵਸ ਮਨਾਏ: ਐਡਵੋਕੇਟ ਧਾਮੀ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਵੱਲੋਂ ਮਨਾਏ ਜਾ ਰਹੇ ਵੀਰ ਬਾਲ ਦਿਵਸ ਨੂੰ ਰੱਦ ਕਰਦਿਆਂ ਸਿੱਖ ਇਤਿਹਾਸ ਛੁਟਿਆਉਣ ਵਾਲੀ ਸਰਕਾਰੀ ਚਾਲ ਤੋਂ ਸੰਗਤ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ  ਭਾਰਤ ਸਰਕਾਰ ਸਿੱਖਾਂ ਦੇ ਇਤਿਹਾਸ ਨੂੰ ਰਲਗੱਡ ਕਰਨ ਦੇ ਰਾਹ ਤੁਰੀ ਹੋਈ ਹੈ ਅਤੇ ਦੁੱਖ ਦੀ ਗੱਲ ਹੈ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਇਸ ਵਿਚ ਸਹਿਯੋਗ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀਆਂ ਪਰੰਪਰਾਵਾਂ ਦੇ ਵਿਰੁੱਧ ਜਾ ਕੇ ਭਾਰਤ ਸਰਕਾਰ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਵਸ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣਾ ਦੁਨੀਆ ਦੇ ਧਰਮ ਇਤਿਹਾਸ ਅੰਦਰ ਸਭ ਤੋਂ ਵੱਡੀ ਸ਼ਹਾਦਤ ਤੇ ਮੁੱਲਵਾਨ ਵਿਰਾਸਤ ਨੂੰ ਖੋਰਾ ਲਗਾਉਣ ਦੀ ਕੋਝੀ ਸਾਜ਼ਿਸ਼ ਹੈ।  


ਐਡਵੋਕੇਟ ਧਾਮੀ ਨੇ ਆਖਿਆ ਕਿ ਜੇਕਰ ਸਰਕਾਰ ਸਾਹਿਬਜ਼ਾਦਿਆਂ ਨੂੰ ਸੱਚਮੁੱਚ ਹੀ ਸ਼ਰਧਾ ਤੇ ਸਤਿਕਾਰ ਭੇਟ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਇਹ ਦਿਹਾੜਾ ਮਨਾਉਣ ਵਿੱਚ ਕੀ ਪ੍ਰੇਸ਼ਾਨੀ ਹੈ? ਉਨ੍ਹਾਂ ਆਖਿਆ ਕਿ ਇਤਿਹਾਸ ਗਵਾਹ ਹੈ ਕਿ ਮੁਗਲਾਂ ਦੀਆਂ ਇਸ ਖਿੱਤੇ ਵਿੱਚੋਂ ਜੜ੍ਹਾਂ ਪੁੱਟਣ ਵਿਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਹਿਮ ਸੀ, ਪਰ ਜਿਸ ਤਰ੍ਹਾਂ ਸਰਕਾਰ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦੀ ਜ਼ਿੱਦ ਕੀਤੀ ਜਾ ਰਹੀ ਹੈ ਉਸ ਤੋਂ ਸਾਫ ਜਾਹਿਰ ਹੈ ਕਿ ਇਹ ਖੇਡ ਸਰਕਾਰ ਵੱਲੋਂ ਪੰਥ ਵਿਰੋਧੀ ਸ਼ਕਤੀਆਂ ਦੇ ਇਸ਼ਾਰੇ 'ਤੇ ਖੇਡੀ ਜਾ ਰਹੀ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਵੀ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਵੀਰ ਬਾਲ ਦਿਵਸ ਨਾਮ ਕੌਮ ਨੂੰ ਪ੍ਰਵਾਨ ਨਾ ਹੁੰਦੀਆਂ ਵੀ ਕਾਲਕਾ ਕੇਂਦਰ ਸਰਕਾਰ ਦਾ ਮੋਹਰਾ ਬਣੇ ਹੋਏ ਹਨ।  ਉਨ੍ਹਾਂ ਕਾਲਕਾ ਨੂੰ ਸੁਆਲ ਕੀਤਾ ਕਿ ਕੀ ਉਸ ਦੀ ਇਹ ਹਰਕਤ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਮੰਨਣ ਤੋਂ ਇਨਕਾਰੀ ਹੋਣਾ ਨਹੀਂ ਹੈ? ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ 'ਤੇ ਸਿੱਖ ਵਿਦਵਾਨਾਂ ਦੀ ਕਮੇਟੀ ਵੱਲੋਂ ਵੀਰ ਬਾਲ ਦਿਵਸ ਦੀ ਥਾਂ 'ਤੇ ਸਾਹਿਬਜ਼ਾਦੇ ਸ਼ਹਾਦਤ ਦਿਵਸ ਨਾਮ ਸੁਝਾਇਆ ਗਿਆ ਹੈ ਅਤੇ ਇਸ ਸਬੰਧ ਵਿਚ ਭਾਰਤ ਦੇ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਅਤੇ ਸਭਿਆਚਾਰਕ ਮੰਤਰਾਲੇ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪੱਤਰ ਵੀ ਭੇਜਿਆ ਜਾ ਚੁੱਕਾ ਹੈ। ਪਰ ਫੇਰ ਵੀ ਸਰਕਾਰ ਵੱਲੋਂ ਨਾਮ ਨਾ ਬਦਲਣਾ ਅਤੇ ਦਿੱਲੀ ਕਮੇਟੀ ਪ੍ਰਧਾਨ ਕਾਲਕਾ ਵੱਲੋਂ ਸਰਕਾਰੀ ਸਮਾਗਮਾਂ ਦਾ ਹਿੱਸਾ ਬਣਨਾ ਕੌਮ ਲਈ ਦੁਖਦਾਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਹਰਮੀਤ ਸਿੰਘ ਕਾਲਕਾ ਸਿੱਖ ਇਤਿਹਾਸ ਵਿਗਾੜਨ ਦੀਆਂ ਸਰਕਾਰੀ ਚਾਲਾਂ ਵਿੱਚ ਆਪਣੀ ਸ਼ਮੂਲੀਅਤ ਬਾਰੇ ਜਰੂਰ ਸਪਸ਼ਟ ਕਰਨ। ਉਨ੍ਹਾਂ ਦਿੱਲੀ ਕਮੇਟੀ ਦੇ ਬਾਕੀ ਅਹੁਦੇਦਾਰਾਂ ਅਤੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸਿੱਖ ਵਿਚਾਰਧਾਰਾ ਦਾ ਘਾਣ ਨਾ ਹੋਣ ਦੇਣ।

ਐਡਵੋਕੇਟ ਧਾਮੀ ਨੇ ਕਿਹਾ ਕਿ  ਸਿੱਖ ਕੌਮ ਆਪਣੇ ਇਤਿਹਾਸ ਦੀ ਮੌਲਿਕਤਾ ਅਤੇ ਮਹੱਤਤਾ ਨੂੰ ਕਦੇ ਵੀ ਘੱਟ ਨਹੀਂ ਹੋਣ ਦੇਵੇਗੀ ਅਤੇ ਆਪਣੇ ਇਤਿਹਾਸ ਦੀ ਭਾਵਨਾ ਅਨੁਸਾਰ ਹੀ ਸਾਹਿਬਜ਼ਾਦਿਆਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰੇਗੀ।

- PTC NEWS

adv-img

Top News view more...

Latest News view more...