Land Pooling Policy : ਕਿਸਾਨਾਂ ਵੱਲੋਂ ਮਹਾਂਪੰਚਾਇਤਾਂ ਦਾ ਐਲਾਨ, ਕਿਹਾ- ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨਾਂ ਸੌਂਪ ਰਹੀ ਪੰਜਾਬ ਸਰਕਾਰ
SKM News : ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (jagjit Singh Dallewal) ਅਤੇ ਕਿਸਾਨ ਆਗੂ ਸਤਨਾਮ ਸਿੰਘ ਬਾਗੜੀਆ ਦੀ ਅਗਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧਪੁਰ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ।
ਕਿਸਾਨ ਜਥੇਬੰਦੀਆਂ ਨੇ ਅੱਜ ਪ੍ਰੈਸ ਕਾਨਫਰੰਸ 'ਚ ਕੇਂਦਰ ਅਤੇ ਪੰਜਾਬ ਸਰਕਾਰ 'ਤੇ ਦੋਸ਼ ਲਗਾਇਆ ਕਿ ਉਹ ਕਿਸਾਨਾਂ ਦੀ ਜ਼ਮੀਨ ਕਾਰਪੋਰੇਟ ਘਰਾਨਿਆਂ ਨੂੰ ਸੌਂਪ ਰਹੀ ਹੈ। ਆਗੂਆਂ ਨੇ ਕਿਹਾ ਕਿ ਲੈਂਡ ਪੂਲਿੰਗ ਪਾਲਸੀ ਕਿਸਾਨਾਂ ਦੇ ਹਿੱਤਾਂ ਖਿਲਾਫ ਹੈ ਅਤੇ ਇਸ ਦਾ ਮਕਸਦ ਬਹੁਰਾਸ਼ਟਰੀ ਕੰਪਨੀਆਂ ਨੂੰ ਲਾਭ ਪਹੁੰਚਾਉਣਾ ਹੈ।
ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਭਾਰਤ ਸਰਕਾਰ ਅਮਰੀਕਾ ਨਾਲ ਫ੍ਰੀ ਟਰੇਡ ਐਗਰੀਮੈਂਟ ਕਰਨ ਦੀ ਜਲਦੀ ਵਿੱਚ ਹੈ, ਜਿਸ ਲਈ ਕਿਸਾਨਾਂ ਦੀ ਜ਼ਮੀਨ ਹੜਪੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਬੀਜੇਪੀ ਸਰਕਾਰ ਬਿਨਾ ਮੁਆਵਜ਼ੇ ਕਿਸਾਨਾਂ ਦੀ ਜ਼ਮੀਨ ਲੈਣ ਦਾ ਕਾਨੂੰਨ ਲਿਆਈ ਹੈ, ਜੋ ਕਿਸਾਨਾਂ ‘ਤੇ ਸਿੱਧਾ ਹਮਲਾ ਹੈ।
ਅੰਦੋਲਨ ਨੂੰ ਲੈ ਕੇ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ 16 ਅਗਸਤ ਨੂੰ ਕਿਸਾਨ ਮਹਾਪੰਚਾਇਤ ਹੋਵੇਗੀ, ਜਿਸ ‘ਚ ਦਿੱਲੀ ਸਰਕਾਰ ਨੂੰ ਵੀ ਕਿਸਾਨਾਂ ਦੀ ਆਵਾਜ਼ ਸੁਣਾਈ ਜਾਵੇਗੀ। ਨਾਲ ਹੀ 25 ਅਗਸਤ ਨੂੰ ਦਿੱਲੀ ‘ਚ ਹੋਣ ਵਾਲੇ ਵਿਸ਼ਾਲ ਕਿਸਾਨ ਪ੍ਰਦਰਸ਼ਨ ‘ਚ ਉੱਤਰ, ਦੱਖਣ, ਪੱਛਮ ਅਤੇ ਮੱਧ ਭਾਰਤ ਤੋਂ ਲੱਖਾਂ ਕਿਸਾਨ ਇਕੱਠੇ ਹੋਣਗੇ। ਆਗੂਆਂ ਨੇ ਕਿਹਾ ਕਿ ਇਸ ਵਾਰੀ ਪ੍ਰਦਰਸ਼ਨਕਾਰੀਆਂ ਦਾ ਇੱਕ ਜਥਾ ਰੇਲਾਂ ਰਾਹੀਂ ਦਿੱਲੀ ਪਹੁੰਚੇਗਾ।
ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜਦ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਤਦ ਤੱਕ ਆੰਦੋਲਨ ਜਾਰੀ ਰਹੇਗਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਤੋਂ ਸਵਾਲ ਕੀਤਾ ਕਿ ਜੇ ਉਹ ਸੱਚਮੁੱਚ ਕਿਸਾਨਾਂ ਦੇ ਹਿਤੈਸ਼ੀ ਹਨ, ਤਾਂ ਜ਼ਮੀਨ ਕਾਰਪੋਰੇਟ ਨੂੰ ਦੇਣ ਵਾਲੀਆਂ ਨੀਤੀਆਂ ‘ਤੇ ਰੋਕ ਕਿਉਂ ਨਹੀਂ ਲਗਾਉਂਦੇ।
- PTC NEWS