Smuggling kidnapping Case : ਫਿਲਮੀ ਸਟਾਈਲ 'ਚ ਵਾਪਰਿਆ ਤਸਕਰੀ ਅਤੇ ਅਗਵਾ ਕਾਂਡ ! ਪੇਟ 'ਚੋਂ ਨਿਕਲੇ 20 ਸੋਨੇ ਦੇ ਕੈਪਸੂਲ, ਮੁੱਠਭੇੜ 'ਚ 2 ਬਦਮਾਸ਼ ਜ਼ਖਮੀ
Smuggling kidnapping Case : ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਸ਼ੁੱਕਰਵਾਰ ਰਾਤ ਨੂੰ ਇੱਕ ਹੈਰਾਨ ਕਰਨ ਵਾਲੀ ਵਾਰਦਾਤ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਰਾਮਪੁਰ ਟਾਂਡਾ ਦੇ ਰਹਿਣ ਵਾਲੇ 6 ਲੋਕ ਸਾਊਦੀ ਅਤੇ ਦੁਬਈ ਤੋਂ ਹੁੰਦੇ ਹੋਏ ਮੁੰਬਈ ਅਤੇ ਦਿੱਲੀ ਦੇ ਰਸਤੇ ਆਪਣੀ ਅਰਟਿਗਾ ਕਾਰ ਵਿੱਚ ਰਾਮਪੁਰ ਵਾਪਸ ਆ ਰਹੇ ਸਨ। ਜਿਵੇਂ ਹੀ ਉਨ੍ਹਾਂ ਦੀ ਕਾਰ ਮੁਰਾਦਾਬਾਦ ਦੇ ਮੁੰਡਾਪਾਂਡੇ ਇਲਾਕੇ ਵਿੱਚ ਪੁਰਾਣੇ ਟੋਲ ਟੈਕਸ ਕੋਲ ਪਹੁੰਚੀ ਤਾਂ ਕੁਝ ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਜ਼ਬਰਦਸਤੀ ਕਾਰ ਰੋਕ ਲਈ ਅਤੇ ਬੰਦੂਕ ਦੀ ਨੋਕ 'ਤੇ ਸਾਰਿਆਂ ਨੂੰ ਅਗਵਾ ਕਰ ਲਿਆ।
ਦਰਅਸਲ, ਬਦਮਾਸ਼ਾਂ ਨੂੰ ਇੱਕ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਇਹ ਲੋਕ ਸੋਨੇ ਦੀ ਤਸਕਰੀ ਕਰ ਰਹੇ ਹਨ ਅਤੇ ਉਨ੍ਹਾਂ ਦੇ ਪੇਟ ਵਿੱਚ ਸੋਨੇ ਦੇ ਕੈਪਸੂਲ ਲੁਕਾਏ ਗਏ ਹਨ। ਅਗਵਾ ਕਰਨ ਤੋਂ ਬਾਅਦ ਸਾਰਿਆਂ ਨੂੰ ਇੱਕ ਫਾਰਮ ਹਾਊਸ ਵਿੱਚ ਲਿਜਾਇਆ ਗਿਆ, ਜਿੱਥੇ ਅਪਰਾਧੀ ਜ਼ਬਰਦਸਤੀ ਉਨ੍ਹਾਂ ਦੇ ਪੇਟ ਵਿੱਚੋਂ ਕੈਪਸੂਲ ਕੱਢਣ ਦੀ ਤਿਆਰੀ ਕਰ ਰਹੇ ਸਨ। ਫਿਰ ਪੀੜਤਾਂ ਦੀਆਂ ਚੀਕਾਂ ਸੁਣ ਕੇ ਪਿੰਡ ਵਾਸੀ ਸੁਚੇਤ ਹੋ ਗਏ ਅਤੇ ਪੁਲਿਸ ਨੂੰ ਸੂਚਿਤ ਕੀਤਾ।
ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਫਾਰਮ ਹਾਊਸ ਨੂੰ ਘੇਰ ਲਿਆ ਅਤੇ ਬਦਮਾਸ਼ਾਂ ਨਾਲ ਮੁੱਠਭੇੜ ਹੋ ਗਈ। ਇਸ ਮੁਕਾਬਲੇ ਵਿੱਚ ਦੋ ਬਦਮਾਸ਼ਾਂ ਦੀਆਂ ਲੱਤਾਂ ਵਿੱਚ ਗੋਲੀ ਲੱਗੀ ਹੈ ਅਤੇ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਾਰੇ ਅਗਵਾ ਕੀਤੇ ਗਏ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਅਤੇ ਡਾਕਟਰੀ ਜਾਂਚ ਲਈ ਭੇਜਿਆ ਗਿਆ। ਜਾਂਚ ਦੌਰਾਨ ਪੁਲਿਸ ਨੂੰ ਪੀੜਤਾਂ 'ਤੇ ਸ਼ੱਕ ਹੋਇਆ ਅਤੇ ਜਦੋਂ ਉਨ੍ਹਾਂ ਦੇ ਸਰੀਰ ਦੀ ਸਕੈਨਿੰਗ ਕੀਤੀ ਗਈ ਤਾਂ ਇੱਕ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ। 6 ਲੋਕਾਂ ਵਿੱਚੋਂ ਚਾਰ ਦੇ ਪੇਟ ਵਿੱਚੋਂ ਕੁੱਲ 20 ਸੋਨੇ ਦੇ ਕੈਪਸੂਲ ਬਰਾਮਦ ਹੋਏ, ਜਿਨ੍ਹਾਂ ਵਿੱਚੋਂ ਹਰੇਕ ਦਾ ਭਾਰ ਲਗਭਗ 30 ਗ੍ਰਾਮ ਹੋ ਸਕਦਾ ਹੈ।
ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਮੁਹੰਮਦ ਨਵੀਦ, ਸ਼ਾਨੇ ਆਲਮ, ਮੁਤਾਵੱਲੀ, ਜ਼ਾਹਿਦ ਅਤੇ ਜ਼ੁਲਫਿਕਾਰ ਵਜੋਂ ਕੀਤੀ ਹੈ। ਇਨ੍ਹਾਂ ਸਾਰਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਐਸਪੀ ਸਿਟੀ ਦੇ ਅਨੁਸਾਰ ਜਦੋਂ ਤੱਕ ਸਾਰੇ ਕੈਪਸੂਲ ਬਰਾਮਦ ਨਹੀਂ ਹੋ ਜਾਂਦੇ, ਓਦੋਂ ਤੱਕ ਕੈਪਸੂਲਾਂ ਦੇ ਕੁੱਲ ਭਾਰ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ।
- PTC NEWS