Special Yatra Train : ਪੰਜਾਂ ਤਖ਼ਤਾਂ ਨੂੰ ਜੋੜਨ ਲਈ ਵਿਸ਼ੇਸ਼ ਯਾਤਰਾ ਟ੍ਰੇਨ ਜਲਦ ਸ਼ੁਰੂ ਹੋਵੇਗੀ : ਡਾ. ਵਿਜੇ ਸਤਬੀਰ ਸਿੰਘ
Special Yatra Train : ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ.ਏ.ਐਸ. ਵੱਲੋਂ ਉਨ੍ਹਾਂ ਦੇ ਸਲਾਹਕਾਰ ਜਸਵੰਤ ਸਿੰਘ ਬੌਬੀ ਦਿੱਲੀ ਨੇ ਅੱਜ ਸਟੇਟ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਹ ਅਧਿਕਾਰਤ ਮੁਲਾਕਾਤ ਰੇਲਵੇ ਭਵਨ ਦਿੱਲੀ ਵਿਖੇ ਬਹੁਤ ਚੰਗੇ ਮਹੌਲ ਵਿੱਚ ਹੋਈ, ਜਿਸ ਵਿੱਚ ਕਈ ਮੁੱਦਿਆਂ ਤੇ ਸਾਰਥਿਕ ਚਰਚਾ ਹੋਈ।
ਜਸਵੰਤ ਸਿੰਘ ਬੌਬੀ ਨੇ ਦੱਸਿਆ ਕਿ ਬਹੁਤ ਛੇਤੀ ਹੀ ਡਾ. ਵਿਜੇ ਸਤਬੀਰ ਸਿੰਘ ਮੁੱਖ ਪ੍ਰਬੰਧਕ ਦੀ ਅਗਵਾਈ ਹੇਠ, ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ, ਯੂ.ਪੀ., ਕਰਨਾਟਕ, ਪੰਜਾਬ ਆਦਿ ਦੇ ਸਿਰਕੱਢ ਪਤਵੰਤੇ ਸੱਜਣਾਂ ਦਾ ਇੱਕ ਵਿਸ਼ੇਸ਼ ਪ੍ਰਤੀਨਿਧ ਮੰਡਲ, ਭਾਰਤ ਦੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਦਿੱਲੀ ਵਿਖੇ ਭੇਂਟ ਵਾਰਤਾ ਕਰੇਗਾ ।
ਇੱਥੇ ਇਹ ਜ਼ਿਕਰਯੋਗ ਹੈ ਕਿ ਹਜ਼ੂਰ ਸਾਹਿਬ ਨਾਂਦੇੜ ਤੋਂ ਸਿੱਧੀ ਤੇ ਆਸਾਨ ਯਾਤਰਾ ਦੀ ਮੰਗ ਸੰਗਤਾਂ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ, ਜਿਸ ਦਾ ਲਾਭ ਹਜ਼ੂਰ ਸਾਹਿਬ ਨਾਂਦੇੜ ਤੇ ਆਸ ਪਾਸ ਇਲਾਕੇ ਦੀਆਂ ਸੰਗਤਾਂ ਨੂੰ ਮਿਲ ਸਕੇ। ਅਜਿਹੀ ਵਿਸ਼ੇਸ਼ ਰੇਲ ਗੱਡੀ ਦੇ ਚੱਲਣ ਨਾਲ ਅੱਧੇ ਤੋਂ ਵੱਧ ਉਤਰ, ਮੱਧ ਤੇ ਦੱਖਣ ਭਾਰਤੀ ਸੂਬਿਆਂ ਵਿੱਚ ਵੱਸਦੇ ਸਿੱਖ ਭਾਈਚਾਰੇ ਨੂੰ ਵੱਡਾ ਲਾਭ ਮਿਲੇਗਾ।
ਇਸੇ ਤਰ੍ਹਾਂ ਹਜ਼ੂਰ ਸਾਹਿਬ ਨਾਂਦੇੜ ਤੋਂ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਜਾਂਦੀਆਂ ਹਨ, ਨਾਂਦੇੜ ਸਾਹਿਬ ਤੋਂ ਉਤਰਾਖੰਡ ਲਈ ਸਿੱਧੀਆਂ ਰੇਲ ਗੱਡੀਆਂ ਨਾਹ ਚੱਲਣ ਕਰਕੇ ਸ਼ਰਧਾਵਾਨ ਸਿੱਖ ਸੰਗਤਾਂ ਨੂੰ ਭਾਰੀ ਆਵਾਜਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋ, ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਦੇਹਰਾਦੂਨ ਤੇ ਪੰਜਾਂ ਤਖ਼ਤਾਂ ਲਈ ਵਿਸ਼ੇਸ਼ ਯਾਤਰਾ ਟ੍ਰੇਨ ਚਲਾਉਣ ਲਈ ਰੇਲਵੇ ਮੰਤਰੀ ਨੂੰ ਬੇਨਤੀ ਪੱਤਰ ਸੌਂਪਿਆ ਜਾਵੇਗਾ।
ਸਟੇਟ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੀਆਂ ਸੰਗਤਾਂ ਦੀ ਸੇਵਾ ਕਰਨ ਲਈ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਉਨ੍ਹਾਂ ਦੀ ਸਮੁੱਚੀ ਟੀਮ ਹਮੇਸ਼ਾਂ ਤੱਤਪਰ ਹੈ ।
- PTC NEWS