Talwandi Sabo : ਕਰਜ਼ੇ ਨੇ ਇੱਕ ਹੋਰ ਨੌਜਵਾਨ ਕਿਸਾਨ ਦੀ ਲਈ ਜਾਨ, 10 ਲੱਖ ਰੁਪਏ ਦਾ ਕਰਜ਼ਾ ਸੀ ਗੁਰਲਾਲ ਸਿੰਘ ਦੇ ਸਿਰ
Talwandi Sabo News : ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਚੱਠੇਵਾਲਾ ਵਿਖੇ ਕਰਜ਼ੇ ਦਾ ਬੋਝ ਨਾ ਸਹਾਰਦੇ ਹੋਏ ਇੱਕ ਨੌਜਵਾਨ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੈ। ਕਿਸਾਨ ਨੌਜਵਾਨ ਦੇ ਪਰਿਵਾਰ ਸਿਰਫ ਕਰੀਬ 10 ਲੱਖ ਰੁਪਏ ਦਾ ਕਰਜਾ ਹੈ, ਜਿਸ ਦੀ ਮਾਤਾ ਦੀ ਕੁਝ ਸਮਾਂ ਪਹਿਲਾਂ ਹੀ ਕੈਂਸਰ ਕਾਰਨ ਮੌਤ ਹੋ ਗਈ ਸੀ, ਜਦੋਂ ਕਿ ਮ੍ਰਿਤਕ ਦਾ ਭਰਾ ਦਿਮਾਗੀ ਤੌਰ 'ਤੇ ਸਹੀ ਨਹੀਂ ਹੈ। ਕਿਸਾਨ ਆਗੂਆਂ ਨੇ ਹੁਣ ਮ੍ਰਿਤਕ ਦੇ ਪਰਿਵਾਰ ਦਾ ਕਰਜ਼ਾ ਮੁਆਫ ਕਰਕੇ 5 ਲੱਖ ਰੁਪਏ ਦੀ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਕਿਸਾਨ ਗੁਰਲਾਲ ਸਿੰਘ (28) ਦੀ ਮਾਤਾ ਕੈਂਸਰ ਦੀ ਪੀੜਤ ਸੀ, ਜਿਸ ਦੇ ਇਲਾਜ ਲਈ ਪਰਿਵਾਰ ਨੇ ਕਾਫੀ ਖਰਚ ਕੀਤਾ ਅਤੇ ਖਰਚੇ ਦੌਰਾਨ ਉਨ੍ਹਾਂ ਦੇ ਸਿਰ 'ਤੇ ਕਰੀਬ 10 ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਤੋਂ ਬਾਅਦ ਵੀ ਉਸ ਦੀ ਮਾਤਾ ਕੈਂਸਰ ਦੀ ਬਿਮਾਰੀ ਤੋਂ ਨਾ ਨਿਕਲ ਸਕੀ ਅਤੇ ਉਸ ਦੀ ਕੈਂਸਰ ਕਾਰਨ ਮੌਤ ਹੋ ਗਈ ਸੀ।
ਸਿਰ 'ਤੇ ਚੜੇ ਕਰਜ਼ੇ ਦਾ ਬੋਝ ਅਕਸਰ ਗੁਰਲਾਲ ਸਿੰਘ ਰੱਖਦਾ ਸੀ ਕਿਉਂਕਿ ਗੁਰਲਾਲ ਸਿੰਘ ਦਾ ਇੱਕ ਭਰਾ ਦਿਮਾਗੀ ਤੌਰ 'ਤੇ ਸਹੀ ਨਹੀਂ ਹੈ ਅਤੇ ਉਸਦਾ ਪਿਤਾ ਬੁਢਾਪੇ ਕਾਰਨ ਕੰਮ ਕਾਜ ਨਹੀਂ ਕਰ ਸਕਦਾ। ਗੁਰਲਾਲ ਸਿੰਘ ਦੇ ਪਰਿਵਾਰ ਕੋਲ ਮਹਿਜ਼ ਤਿੰਨ ਏਕੜ ਜ਼ਮੀਨ ਹੈ, ਜਿਸ 'ਤੇ ਖੇਤੀਬਾੜੀ ਕਰਕੇ ਉਹ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਹਨ। ਅੱਜ ਸਵੇਰੇ ਗੁਰਲਾਲ ਸਿੰਘ ਨੇ ਆਪਣੇ ਪਿੰਡ ਵਿੱਚ ਦਰਖੱਤ 'ਤੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।
ਪਿੰਡ ਵਾਸੀ ਅਤੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਰਜ਼ੇ ਕਾਰਨ ਜਿੱਥੇ ਉਸ ਨੂੰ ਬੈਂਕ ਅਤੇ ਆੜਤੀਆਂ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ, ਉਥੇ ਹੀ ਇੱਕ ਆੜਤੀਏ ਵੱਲੋਂ ਉਸਦੀ ਜ਼ਮੀਨ ਦੀ ਕੁਰਕੀ ਵੀ ਲਿਆਂਦੀ ਗਈ ਹੈ, ਜਿਸ ਦੀ ਪਰੇਸ਼ਾਨੀ ਕਾਰਨ ਉਸਨੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਮੰਗ ਕੀਤੀ ਕਿ ਉਕਤ ਪਰਿਵਾਰ ਦਾ ਸਾਰਾ ਕਰਜਾ ਮਾਫ ਕਰਕੇ ਕਿਸਾਨ ਪਰਿਵਾਰ 5 ਲੱਖ ਰੁਪਏ ਦੀ ਮਦਦ ਕੀਤੀ ਜਾਵੇ।
ਨੌਜਵਾਨ ਕਿਸਾਨ ਦੀ ਮ੍ਰਿਤਕ ਦੇਹ ਨੂੰ ਪੋਸਟਮਾਟਮ ਲਈ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਿਲ ਹਸਪਤਾਲ ਵਿੱਚ ਲਿਆਂਦਾ ਗਿਆ ਹੈ। ਉਧਰੋਂ ਤਲਵੰਡੀ ਸਾਬੋ ਪੁਲਿਸ ਨੇ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
- PTC NEWS