ਅੰਮ੍ਰਿਤਪਾਲ ਨੂੰ ਵਕੀਲਾਂ ਨਾਲ ਨਾ ਮਿਲਣ ਦੇਣ ਦੇ ਇਲਜ਼ਾਮਾਂ ਖ਼ਿਲਾਫ਼ ਹਾਈਕੋਰਟ ਦਾ ਵੱਡਾ ਫੈਸਲਾ
ਚੰਡੀਗੜ੍ਹ: ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਸਣੇ ਉਨ੍ਹਾਂ ਦੇ ਸਾਥੀਆਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਵਕੀਲ ਨਾਲ ਮਿਲਣ ਦੀ ਇਜ਼ਾਜਤ ਦੀ ਮੰਗ ਨੂੰ ਲੈ ਕੇ ਪਟੀਸ਼ਨ ਪਾਈ ਗਈ ਜਿਸ ‘ਤੇ ਹਾਈਕੋਰਟ ਵੱਲੋਂ ਫੈਸਲਾ ਸੁਣਾ ਦਿੱਤਾ ਗਿਆ ਹੈ। ਹਾਈਕੋਰਟ ਨੇ ਸੁਣਵਾਈ ਦੌਰਾਨ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਅੰਮ੍ਰਿਤਪਾਲ ਸਿੰਘ ਸਣੇ ਉਨ੍ਹਾਂ ਦੇ ਚਾਚਾ ਹਰਜੀਤ ਸਿੰਘ, ਵਰਿੰਦਰ ਫੌਜੀ ਅਤੇ ਦਲਜੀਤ ਕਲਸੀ ਵਕੀਲ ਨਾਲ ਮੁਲਾਕਾਤ ਕਰ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਲਿਖਤ ‘ਚ ਦੇਣਾ ਹੋਵੇਗਾ ਕਿ ਉਹ ਕਿਸ ਵਕੀਲ ਨੂੰ ਮਿਲਣਾ ਚਾਹੁੰਦੇ ਹਨ। ਉਸੀ ਵਕੀਲ ਨਾਲ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ।
ਐਡਵੋਕੇਟ ਨੀਰਵ ਸਿੰਘ ਨੇ ਕਿਹਾ ਕਿ "ਉਸਨੂੰ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਨਾਲ ਮਿਲਣ ਦੀ ਆਗਿਆ ਨਹੀਂ ਦਿਤੀ ਜਾ ਰਹੀ ਸੀ, ਜਿਸ ਕਰਕੇ ਅੰਮ੍ਰਿਤਪਾਲ ਅਤੇ ਉਨ੍ਹਾਂ ਦੇ ਸਾਥੀਆਂ ਦੁਆਰਾ ਕੋਰਟ 'ਚ ਪਟੀਸ਼ਨ ਫਾਈਲ ਕੀਤੀ ਗਈ।"
ਹਾਈਕੋਰਟ ਨੇ ਕੀਤਾ ਪਟੀਸ਼ਨਾਂ ਦਾ ਨਿਪਟਾਰਾ
ਅੰਮ੍ਰਿਤਪਾਲ ਅਤੇ ਸਾਥੀਆਂ ਦੁਆਰਾ ਦਰਜ਼ ਕੀਤੀਆਂ ਗਈਆਂ ਪਟੀਸ਼ਨਾਂ ਦਾ ਨਿਪਟਾਰਾ ਕਰਦੇ ਹੋਏ ਹਾਈਕੋਰਟ ਨੇ ਕਿਹਾ ਕਿ ਅੰਮ੍ਰਿਤਪਾਲ ਅਤੇ ਉਸਦੇ ਸਾਥੀ ਜਿਸ ਵੀ ਵਕੀਲ ਨੂੰ ਮਿਲਣਾ ਚਾਹੁੰਦੇ ਹਨ ਉਨ੍ਹਾਂ ਦਾ ਨਾਮ ਖ਼ੁਦ ਲਿਖਤੀ ਰੂਪ ਵਿਚ ਦੇ ਦੇਣ, ਉਸ ਵਕੀਲ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ।
ਐੱਨ.ਐੱਸ.ਏ ਨੂੰ ਦੇ ਚੁੱਕੇ ਹਨ ਚੁਣੌਤੀ :
ਦੱਸ ਦੇਈਏ ਕਿ ਇੰਨ੍ਹਾਂ ਵਿੱਚੋਂ ਗੁਰਮੀਤ ਸਿੰਘ ਬੁੱਕਣਵਾਲਾ, ਕੁਲਵੰਤ ਸਿੰਘ ਰਾਓਕੇ, ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ ਅਤੇ ਬਸੰਤ ਸਿੰਘ ਪਹਿਲਾਂ ਹੀ ਆਪਣੇ ਖ਼ਿਲਾਫ਼ ਲਗੇ ਐੱਨ.ਐੱਸ.ਏ ਨੂੰ ਚੁਣੌਤੀ ਦੇ ਚੁਕੇ ਹਨ। ਉੱਥੇ ਹੀ ਗੁਰੀ ਔਜਲਾ ਨੇ ਅੰਮ੍ਰਿਤਸਰ ਦੇ ਡੀ.ਸੀ ਦੇ ਖ਼ਿਲਾਫ਼ ਅਪਮਾਨ ਦੀ ਪਟੀਸ਼ਨ ਦਰਜ਼ ਕਾਰਵਾਈ ਹੈ, ਜਿਸ ਉੱਤੇ ਹਾਈਕੋਰਟ ਅੰਮ੍ਰਿਤਸਰ ਦੇ ਡੀ.ਸੀ ਨੂੰ ਨੋਟਿਸ ਜਾਰੀ ਕਰ ਚੁਕਿਆ ਹੈ।
ਅੰਮ੍ਰਿਤਪਾਲ ਦੁਆਰਾ ਨਹੀਂ ਕੀਤੀ ਗਈ ਮੰਗ- ਪੰਜਾਬ ਸਰਕਾਰ
ਇਸ ਮਾਮਲੇ ਉੱਤੇ ਪੰਜਾਬ ਸਰਕਾਰ ਨੇ ਵੀ ਕਿਹਾ ਕਿ ਵਕੀਲ ਨੂੰ ਮਿਲਣ ਦੀ ਮੰਗ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਦੁਆਰਾ ਨਹੀਂ ਬਲਕਿ ਵਕੀਲ ਦੁਆਰਾ ਰੱਖੀ ਗਈ ਹੈ, ਹੁਣ ਤੱਕ ਜਿਸ ਵੀ ਵਕੀਲ ਨਾਲ ਲਿਖਤੀ ਰੂਪ ਵਿਚ ਮਿਲਣ ਦੀ ਮੰਗ ਕੀਤੀ ਗਈ ਹੈ, ਓਹਨਾ ਨੂੰ ਇਜਾਜ਼ਤ ਦਿੱਤੀ ਗਈ ਹੈ।
- PTC NEWS