ਆਇਰਿਸ਼ ਬੀਚ ਬਾਰ 'ਚ ਦੇਰ ਰਾਤ ਪੁਲਿਸ ਨੇ ਕੀਤੀ ਰੇਡ, ਨਾਬਾਲਿਗਾਂ ਨੂੰ ਪਰੋਸਿਆ ਜਾ ਰਿਹਾ ਸੀ ਹੁੱਕਾ
ਅੰਮ੍ਰਿਤਸਰ : ਅੰਮ੍ਰਿਤਸਰ 'ਚ ਪੁਲਿਸ ਨੇ ਸ਼ਹਿਰ ਦੇ ਮਸ਼ਹੂਰ ਆਇਰਿਸ਼ ਬੀਚ ਡਿਸਕ 'ਤੇ ਕਾਰਵਾਈ ਕੀਤੀ ਹੈ। ਜਿਸ ਸਮੇਂ ਇਹ ਕਾਰਵਾਈ ਹੋਈ, ਉਸ ਸਮੇਂ ਦੋ ਨਾਬਾਲਗ ਆਇਰਿਸ਼ ਬੀਚ 'ਤੇ ਹੁੱਕਾ ਪੀ ਰਹੇ ਸਨ। ਇੰਨਾ ਹੀ ਨਹੀਂ ਇੱਥੇ ਬਿਨਾਂ ਲਾਇਸੈਂਸ ਤੋਂ ਸ਼ਰਾਬ ਵੀ ਪਰੋਸੀ ਜਾ ਰਹੀ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਮਾਲਕ ਪ੍ਰਿੰਸ ਮਲਹੋਤਰਾ ਸਮੇਤ ਚਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਇਹ ਕਾਰਵਾਈ ਐਕਸਾਈਜ਼ ਵਿਭਾਗ ਤੇ ਪੁਲਿਸ ਵੱਲੋਂ ਸਾਂਝੇ ਤੌਰ ਉਤੇ ਕੀਤੀ ਗਈ ਹੈ। ਆਬਕਾਰੀ ਵਿਭਾਗ ਦੇ ਰਾਜੀਵ ਕੁਮਾਰ ਨੇ ਦੱਸਿਆ ਕਿ ਆਇਰਿਸ਼ ਬੀਚ ਪੱਬ ਵਿਖੇ ਬੱਚਿਆਂ ਨੂੰ ਹੁੱਕਾ ਪਰੋਸਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਟੀਮ ਆਇਰਿਸ਼ ਬੀਚ ਪਹੁੰਚੀ। ਬੇਸਮੈਂਟ ਵਿੱਚ ਲੋਕਾਂ ਨੂੰ ਹੁੱਕਾ ਤੇ ਸਿਗਰਟਾਂ ਦਿੱਤੀਆਂ ਜਾ ਰਹੀਆਂ ਸਨ। ਇਸ ਦੌਰਾਨ ਦੋ ਨਾਬਾਲਗ ਬੱਚਿਆਂ ਨੂੰ ਹੁੱਕਾ ਪਿਲਾਇਆ ਜਾ ਰਿਹਾ ਸੀ, ਜਿਨ੍ਹਾਂ ਦੀ ਉਮਰ ਮਹਿਜ਼ 15 ਸਾਲ ਸੀ। ਇਸ ਦੌਰਾਨ ਉਸ ਕੋਲੋਂ ਸ਼ਰਾਬ ਦੀਆਂ 8 ਬੋਤਲਾਂ ਬਰਾਮਦ ਹੋਈਆਂ, ਜੋ ਲੋਕਾਂ ਨੂੰ ਪਿਲਾਈ ਜਾ ਰਹੀ ਸੀ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੇ ਸਾਬਕਾ ਜੱਜ ਅਬਦੁਲ ਨਜ਼ੀਰ ਬਣੇ ਰਾਜਪਾਲ, ਅਯੁੱਧਿਆ ਮਾਮਲੇ 'ਚ ਫ਼ੈਸਲਾ ਸੁਣਾਉਣ ਵਾਲੇ ਬੈਂਚ ਦਾ ਸੀ ਹਿੱਸਾ
ਇਸ ਤੋਂ ਇਲਾਵਾ ਬੀਅਰ ਦੀਆਂ 20 ਬੋਤਲਾਂ ਵੀ ਜ਼ਬਤ ਕੀਤੀਆਂ ਗਈਆਂ। ਆਇਰਿਸ਼ ਬੀਚ ਕੋਲ ਸੇਵਾਵਾਂ ਦੇਣ ਲਈ ਲਾਇਸੈਂਸ ਨਹੀਂ ਆਇਆ। ਪੁਲਿਸ ਨੇ ਇਸ ਦੌਰਾਨ 17 ਹੁੱਕੇ ਅਤੇ 5 ਹੁੱਕਾ ਫਲੇਵਰ ਵੀ ਬਰਾਮਦ ਕੀਤੇ ਹਨ। ਇਸ ਦੌਰਾਨ ਕਾਰਵਾਈ ਕਰਦਿਆਂ ਪੁਲਿਸ ਨੇ ਡਿਸਕ ਦੇ ਮਾਲਕ ਪ੍ਰਿੰਸ ਮਲਹੋਤਰਾ, ਮੈਨੇਜਰ ਗਿਰੀਸ਼ ਅਰੋੜਾ ਤੇ ਸਰਵਰ ਪ੍ਰਿੰਸ ਮਲਹੋਤਰਾ ਅਤੇ ਜਤਿੰਦਰ ਵਰਮਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਜੁਵੇਨਾਈਲ ਐਕਟ 77, ਸਿਗਰਟ ਐਂਡ ਤੰਬਾਕੂ ਐਕਟ 21-24 ਤੇ ਪੰਜਾਬ ਆਬਕਾਰੀ ਐਕਟ 61 ਤਹਿਤ ਕੇਸ ਦਰਜ ਕਰ ਲਿਆ ਹੈ।
- PTC NEWS