Samarala News : ਇੱਕ ਸਾਲ ਤੋਂ ਨਸ਼ੇ ਦੇ ਕਾਰੋਬਾਰ 'ਚ ਲੱਗੀਆਂ 2 ਕੁੜੀਆਂ ਹੈਰੋਇਨ ਸਮੇਤ ਗ੍ਰਿਫਤਾਰ ,ਮੋਹਾਲੀ -ਚੰਡੀਗੜ੍ਹ ਕਰਨੀ ਸੀ ਸਪਲਾਈ
Samarala News : ਸਥਾਨਕ ਪੁਲਿਸ ਵੱਲੋਂ ਦੋ ਅਜਿਹੀਆਂ ਨਸ਼ਾ ਤਸਕਰ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਹੜੀਆਂ ਪੰਜਾਬ ਦੇ ਬਾਰਡਰ ਏਰੀਏ ਤੋਂ ਹੈਰੋਇਨ ਲਿਆ ਕੇ ਮੋਹਾਲੀ ਅਤੇ ਚੰਡੀਗੜ੍ਹ ਵਿਖੇ ਕਾਲਜਾਂ ਦੇ ਨੇੜੇ ਤੇੜੇ ਨੌਜਵਾਨਾਂ ਨੂੰ ਸਪਲਾਈ ਕਰਨ ਦਾ ਕੰਮ ਕਰਦੀਆਂ ਸਨ। ਇਹਨਾਂ ਦੀ ਗ੍ਰਿਫਤਾਰੀ ਮੌਕੇ ਪੁਲਿਸ ਨੂੰ ਇਹਨਾਂ ਕੋਲੋਂ 60 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਹੈ ,ਜਿਸਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕਰੀਬ 6 ਲੱਖ ਰੁਪਏ ਕੀਮਤ ਦੱਸੀ ਜਾ ਰਹੀ ਹੈ। ਇਹਨਾਂ ਦੋਵੇਂ ਤਸਕਰ ਲੜਕੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਪੁੱਛ ਗਿੱਛ ਦੌਰਾਨ ਕਈ ਅਹਿਮ ਖੁਲਾਸੇ ਵੀ ਹੋਏ ਹਨ।
ਦੇਰ ਸ਼ਾਮ ਇੱਕ ਪ੍ਰੈਸ ਕਾਨਫਰੰਸ ਕਰਦੇ ਹੋਏ ਥਾਣਾ ਸਮਰਾਲਾ ਦੇ ਐਸਐਚ ਓ ਪਵਿੱਤਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਕਾਰਵਾਈ ਲਈ ਪੁਲਿਸ ਚੌਂਕੀ ਹੇਡੋ 'ਤੇ ਬਾਹਰ ਨਾਕਾਬੰਦੀ ਕਰਦੇ ਹੋਏ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਲੁਧਿਆਣਾ ਤੋਂ ਚੰਡੀਗੜ੍ਹ ਜਾ ਰਹੀ ਇੱਕ ਬੱਸ ਨੂੰ ਰੋਕ ਕੇ ਜਦੋਂ ਚੈਕਿੰਗ ਸ਼ੁਰੂ ਕੀਤੀ ਗਈ ਤਾਂ ਹੇਠਾਂ ਉਤਰੀਆਂ ਸਵਾਰੀਆਂ ਵਿੱਚੋਂ ਦੋ ਲੜਕੀਆਂ ਪੁਲਿਸ ਨੂੰ ਵੇਖ ਕੇ ਉਥੋਂ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗੀਆਂ। ਪੁਲਿਸ ਨੂੰ ਸ਼ੱਕ ਹੋਇਆ ਤਾਂ ਥੋੜੀ ਦੂਰ ਜਾਣ 'ਤੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਤਲਾਸ਼ੀ ਦੌਰਾਨ ਇਹਨਾਂ ਕੋਲੋਂ 60 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਦੋਂ ਇਹਨਾਂ ਦੀ ਪਹਿਚਾਨ ਪੁੱਛੀ ਗਈ ਤਾਂ ਇੱਕ ਲੜਕੀ ਨੇ ਆਪਣਾ ਨਾਮ ਇਕਬਾਲ ਕੌਰ ਪੁੱਤਰੀ ਰਾਜਾ ਸਿੰਘ ਨਿਵਾਸੀ ਹਾਕਮ ਸਿੰਘ ਵਾਲਾ ਜ਼ਿਲਾ ਬਠਿੰਡਾ ਦੱਸਿਆ ਜਦ ਕਿ ਉਸ ਦੇ ਨਾਲ ਦੀ ਦੂਜੀ ਲੜਕੀ ਨੇ ਆਪਣੀ ਪਹਿਚਾਨ ਅਮਨਪ੍ਰੀਤ ਉਰਫ ਅਨਾਮਿਕਾ ਪਤਨੀ ਹਰਪ੍ਰੀਤ ਸਿੰਘ ਵਾਸੀ ਬਰਨਾਲਾ ਵਜੋਂ ਦੱਸੀ।
ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਦੋਵੇਂ ਲੜਕੀਆਂ ਮੋਹਾਲੀ ਵਿਖੇ ਇੱਕ ਪੀਜੀ ਵਿੱਚ ਰਹਿ ਕੇ ਪਿਛਲੇ ਇੱਕ ਸਾਲ ਤੋਂ ਹੈਰੋਇਨ ਨਸ਼ਾ ਤਸਕਰੀ ਦਾ ਧੰਦਾ ਕਰ ਰਹੀਆਂ ਹਨ। ਇਹਨਾਂ ਇਹਨਾਂ ਤਸਕਰ ਲੜਕੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਕੋਲੋਂ ਬਰਾਮਦ ਹੋਈ ਹੈਰੋਇਨ ਉਹ ਫਿਰੋਜ਼ਪੁਰ ਬਾਰਡਰ ਏਰੀਏ ਤੋਂ ਖਰੀਦ ਕੇ ਲਿਆਈਆਂ ਸਨ ਅਤੇ ਅੱਗੇ ਉਹਨਾਂ ਵੱਲੋਂ ਇਸ ਦੀ ਸਪਲਾਈ ਚੰਡੀਗੜ੍ਹ ਅਤੇ ਮੋਹਾਲੀ ਦੇ ਨਾਮੀ ਕਾਲਜਾਂ ਦੇ ਨੇੜੇ ਤੇੜੇ ਕੀਤੀ ਜਾਣੀ ਸੀ।
ਨਸ਼ੇ ਦੀ ਲੱਤ ਕਾਰਨ ਦੋਵਾਂ ਦੇ ਹੋ ਚੁੱਕੇ ਹਨ ਤਲਾਕ
ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰੀ ਦੇ ਦੋਸ਼ ਵਿੱਚ ਫੜੀਆਂ ਗਈਆਂ ਇਹ ਦੋਵੇਂ ਲੜਕੀਆਂ ਖੁਦ ਵੀ ਹੈਰੋਇਨ ਦੀਆਂ ਆਦੀ ਹਨ ਅਤੇ ਇਸੇ ਨਸ਼ੇ ਦੀ ਲੱਤ ਕਾਰਨ ਇਹਨਾਂ ਦੋਵਾਂ ਦੇ ਤਲਾਕ ਹੋ ਚੁੱਕੇ ਹਨ। ਤਲਾਕ ਤੋਂ ਬਾਅਦ ਇਹ ਦੋਵੇਂ ਲੜਕੀਆਂ ਮੋਹਾਲੀ ਦੇ ਬਲੌਂਗੀ 'ਚ ਇੱਕ ਪੀਜੀ ਵਿੱਚ ਕਿਰਾਏ 'ਤੇ ਰਹਿ ਕੇ ਇਹ ਨਸ਼ੇ ਦਾ ਕਾਰੋਬਾਰ ਕਰ ਰਹੀਆਂ ਸਨ।
ਐਸ਼ਪ੍ਰਸਤੀ ਦੇ ਸ਼ੌਂਕ ਨੇ ਬਣਾ ਦਿੱਤਾ ਨਸ਼ਾ ਤਸਕਰ
ਐਸਐਚਓ ਪਵਿੱਤਰ ਸਿੰਘ ਨੇ ਦੱਸਿਆ ਕਿ, ਪੁਲਿਸ ਰਿਮਾਂਡ ਚ ਹੁਣ ਤੱਕ ਦੀ ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹ ਦੋਵੇਂ ਲੜਕੀਆਂ ਹਾਈ ਪ੍ਰੋਫਾਈਲ ਜ਼ਿੰਦਗੀ ਜਿਉਣ ਦੀਆਂ ਸ਼ੌਕੀਨ ਸਨ। ਮਹਿੰਗੇ ਕੱਪੜੇ ਅਤੇ ਲਗਜ਼ਰੀ ਜ਼ਿੰਦਗੀ ਦੇ ਸ਼ੌਂਕ ਨੇ ਇਹਨਾਂ ਨੂੰ ਨਸ਼ਾ ਤਸਕਰੀ ਵਰਗੇ ਮਾੜੇ ਧੰਦੇ ਵਿੱਚ ਧਕੇਲ ਦਿੱਤਾ। ਇਸ ਦੌਰਾਨ ਇਹਨਾਂ ਦੋਵਾਂ ਨੂੰ ਖੁਦ ਵੀ ਹੈਰੋਇਨ ਪੀਣ ਦੀ ਆਦਤ ਲੱਗ ਚੁੱਕੀ ਸੀ ਅਤੇ ਆਪਣੇ ਖਰਚੇ ਪੂਰੇ ਕਰਨ ਲਈ ਤਸਕਰੀ ਦਾ ਧੰਦਾ ਇਹਨਾਂ ਦੀ ਮਜਬੂਰੀ ਬਣ ਗਿਆ।
- PTC NEWS