Hoshiarpur News : ਯੂਟਿਊਬਰ ਦੇ ਘਰ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗਈਆਂ ਗੋਲੀਆਂ
Hoshiarpur News : ਬੀਤੀ ਰਾਤ ਡੇਢ ਵਜੇ ਦੇ ਕਰੀਬ ਹੁਸ਼ਿਆਰਪੁਰ ਦੇ ਮਹੱਲਾ ਮਾਡਲ ਟਾਊਨ ਦੇ ਇਕ ਯੂਟਿਊਬਰ ਸੈਮ ਦੇ ਘਰ ਦੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਦੋ ਫਾਇਰ ਕੀਤੇ ਗਏ। ਦੱਸ ਦੇਈਏ ਕਿ ਸੈਮ ਹੁਸ਼ਿਆਰਪੁਰੀ ਦੇ ਨਾਮ ਦੇ ਯੂਟਿਊਬ ਚੈਨਲ ਚਲਾਉਣ ਵਾਲੇ ਸੈਮ ਨੂੰ ਪਹਿਲਾਂ ਵੀ ਪਾਕਿਸਤਾਨੀ ਡੋਨ ਸ਼ਹਿਜ਼ਾਦ ਭੱਟੀ ਵੱਲੋਂ ਧਮਕੀ ਦਿੱਤੀ ਗਈ ਸੀ ਕੀ ਜਲੰਧਰ ਦੀ ਤਰ੍ਹਾਂ ਉਸਦੇ ਘਰ 'ਤੇ ਵੀ ਗਰਨੇਡ ਹਮਲਾ ਕੀਤਾ ਜਾਵੇਗਾ। ਹੁਸ਼ਿਆਰਪੁਰ ਪੁਲਿਸ ਵੱਲੋਂ ਸੈਮ ਨੂੰ ਗਨਮੈਨ ਵੀ ਮੁਹੱਈਆਂ ਕਰਵਾਏ ਗਏ ਹਨ।
ਜਾਣਕਾਰੀ ਦਿੰਦੇ ਹੋਏ ਸਿਮਰਨ ਉਰਫ ਸੈਮ ਨੇ ਦੱਸਿਆ ਕੀ ਉਹ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦਾ ਕੰਮ ਕਰਦਾ ਆ ਰਿਹਾ ਹੈ ਪਰ ਬੀਤੀ ਰਾਤ ਉਹ ਆਪਣੇ ਘਰ ਮਾਡਲ ਟਾਊਨ ਵਿਖੇ ਸੁੱਤੇ ਪਏ ਸੀ ਤਾਂ ਡੇਢ ਵਜੇ ਦੇ ਕਰੀਬ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ 'ਤੇ ਆਉਂਦੇ ਹਨ ਅਤੇ ਉਹਨਾਂ ਦੇ ਗੇਟ ਦੇ ਉੱਤੇ ਦੋ ਫਾਇਰ ਕਰਦੇ ਹਨ। ਜਿਸ ਤੋਂ ਬਾਅਦ ਉਹਨਾਂ ਦੀ ਅੱਖ ਖੁੱਲੀ ਅਤੇ ਉਹਨਾਂ ਨੇ ਬਾਹਰ ਆ ਕੇ ਦੇਖਿਆ ਤਾਂ ਬਾਹਰ ਦੋ ਖੋਲ ਪਏ ਸਨ ਤਾਂ ਤੁਰੰਤ ਉਹਨਾਂ ਨੇ ਥਾਣਾ ਮਾਡਲ ਟਾਊਨ ਪੁਲਿਸ ਨੂੰ ਇਤਲਾਹ ਕੀਤੀ।
ਮਾਡਲ ਟਾਊਨ ਪੁਲਿਸ ਨੇ ਆ ਕੇ ਖੋਲ ਆਪਣੇ ਕਬਜ਼ੇ ਵਿੱਚ ਲੈ ਕੇ ਸੀਸੀਟੀਵੀ ਦੇ ਅਧਾਰ 'ਤੇ ਛਾਣਬੀਨ ਸ਼ੁਰੂ ਕਰ ਦਿੱਤੀ ਹੈ ਹੈ। ਸਿਮਰਨ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਕੁਝ ਸਮਾਂ ਪਹਿਲਾਂ ਉਸ ਨੂੰ ਪਾਕਿਸਤਾਨ ਦੇ ਮਸ਼ਹੂਰ ਡੌਨ ਸ਼ਹਿਜ਼ਾਦ ਭੱਟੀ ਵੱਲੋਂ ਧਮਕੀ ਦਿੱਤੀ ਗਈ ਸੀ ਕਿ ਜਲੰਧਰ ਵਿੱਚ ਸੁਟੇ ਗਰਨੇਡ ਦੀ ਤਰ੍ਹਾਂ ਉਸਦੇ ਘਰ 'ਤੇ ਵੀ ਗਰਨੇਡ ਨਾਲ ਹਮਲਾ ਕੀਤਾ ਜਾਵੇਗਾ।
ਸਿਮਰਨ ਅਤੇ ਉਸਦੇ ਪਰਿਵਾਰ ਨੇ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਬੇਸ਼ਕ ਪੁਲਿਸ ਵੱਲੋਂ ਉਹਨਾਂ ਨੂੰ ਦੋ ਗਨਮੈਨ ਮੁਹੱਈਆਂ ਕਰਵਾਏ ਗਏ ਹਨ ਪਰ ਉਹਨਾਂ ਵਿੱਚੋਂ ਇੱਕ ਪੁਲਿਸ ਮੁਲਾਜ਼ਮ ਦੀ ਲੱਤ ਖਰਾਬ ਹੋਣ ਕਾਰਨ ਉਹ ਸਹੀ ਤਰ੍ਹਾਂ ਆਪਣੀ ਡਿਊਟੀ ਨਹੀਂ ਕਰ ਸਕਦਾ। ਇਸ ਲਈ ਉਹਨਾਂ ਨੂੰ ਮੈਡੀਕਲ ਫਿਟ ਗਨਮੈਨ ਦਿੱਤੇ ਜਾਣ ਤਾਂ ਜੋ ਕੋਈ ਵੀ ਘਟਨਾ ਨਾ ਹੋ ਸਕੇ।
- PTC NEWS