UP ATS ਦੀ ਵੱਡੀ ਕਾਰਵਾਈ, ਪਾਕਿਸਤਾਨ ਲਈ ਜਾਸੂਸੀ ਕਰਨ ਦੇ ਆਰੋਪ 'ਚ ਮੁਹੰਮਦ ਹਾਰੂਨ ਅਤੇ ਤੁਫੈਲ ਗ੍ਰਿਫ਼ਤਾਰ
Pakistan Spy News : ਉੱਤਰ ਪ੍ਰਦੇਸ਼ ਅੱਤਵਾਦ ਵਿਰੋਧੀ ਦਸਤੇ (UP ATS) ਨੇ ਵਾਰਾਣਸੀ ਦੇ ਵਸਨੀਕ ਤੁਫੈਲ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤਾ ਹੈ। ਤੁਫੈਲ 'ਤੇ ਪਾਕਿਸਤਾਨੀ ਮੋਬਾਈਲ ਨੰਬਰਾਂ 'ਤੇ ਭਾਰਤ ਦੀ ਅੰਦਰੂਨੀ ਸੁਰੱਖਿਆ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਦਾ ਆਰੋਪ ਹੈ। ਏਟੀਐਸ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਤੁਫੈਲ ਪਾਕਿਸਤਾਨ ਦੇ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਤਹਿਰੀਕ-ਏ-ਲਬੈਕ ਤੋਂ ਪ੍ਰੇਰਿਤ ਸੀ ਅਤੇ ਵਟਸਐਪ ਗਰੁੱਪਾਂ ਵਿੱਚ ਸੰਗਠਨ ਦੇ ਨੇਤਾ ਮੌਲਾਨਾ ਸ਼ਾਦ ਰਿਜ਼ਵੀ ਦੇ ਵੀਡੀਓ ਸਾਂਝੇ ਕਰਦਾ ਸੀ। ਉਹ ਗਜ਼ਵਾ-ਏ-ਹਿੰਦ, ਸ਼ਰੀਅਤ ਕਾਨੂੰਨ ਦੀ ਸਥਾਪਨਾ ਅਤੇ ਬਾਬਰੀ ਮਸਜਿਦ ਦਾ ਬਦਲਾ ਲੈਣ ਵਰਗੇ ਕੱਟੜਪੰਥੀ ਵਿਚਾਰਾਂ ਦਾ ਪ੍ਰਚਾਰ ਕਰ ਰਿਹਾ ਸੀ। ਓਥੇ ਹੀ ਦੂਜੀ ਗ੍ਰਿਫ਼ਤਾਰੀ ਦਿੱਲੀ ਦੇ ਸੀਲਮਪੁਰ ਇਲਾਕੇ ਤੋਂ ਹਾਰੂਨ ਦੀ ਹੋਈ ਹੈ।
ਤੁਫੈਲ ਨੇ ਦੇਸ਼ ਦੇ ਕਈ ਸੰਵੇਦਨਸ਼ੀਲ ਸਥਾਨਾਂ ਜਿਵੇਂ ਕਿ ਰਾਜਘਾਟ, ਗਿਆਨਵਾਪੀ, ਨਮੋਘਾਟ, ਜਾਮਾ ਮਸਜਿਦ, ਲਾਲ ਕਿਲ੍ਹਾ ਅਤੇ ਰੇਲਵੇ ਸਟੇਸ਼ਨਾਂ ਦੀਆਂ ਤਸਵੀਰਾਂ ਅਤੇ ਜਾਣਕਾਰੀ ਪਾਕਿਸਤਾਨੀ ਨੰਬਰਾਂ 'ਤੇ ਭੇਜੀ। ਉਹ 600 ਤੋਂ ਵੱਧ ਪਾਕਿਸਤਾਨੀ ਵਟਸਐਪ ਨੰਬਰਾਂ ਨਾਲ ਜੁੜਿਆ ਹੋਇਆ ਸੀ ਅਤੇ ਇਨ੍ਹਾਂ ਗਰੁੱਪਾਂ ਵਿੱਚ ਸਥਾਨਕ ਨੌਜਵਾਨਾਂ ਨੂੰ ਵੀ ਸ਼ਾਮਲ ਕਰ ਰਿਹਾ ਸੀ। ਇਸ ਤੋਂ ਇਲਾਵਾ ਉਹ ਪਾਕਿਸਤਾਨ ਦੀ ਇੱਕ ਔਰਤ ਨਫੀਸਾ ਦੇ ਸੰਪਰਕ ਵਿੱਚ ਸੀ, ਜਿਸਦਾ ਪਤੀ ਪਾਕਿਸਤਾਨੀ ਫੌਜ ਵਿੱਚ ਸੇਵਾ ਨਿਭਾ ਰਿਹਾ ਹੈ।
ਦਿੱਲੀ ਵਿੱਚ ਸਕ੍ਰੈਪ ਡੀਲਰ ਦੀ ਆੜ ਵਿੱਚ ਦੇਸ਼ ਵਿਰੋਧੀ ਸਾਜ਼ਿਸ਼
ਏਟੀਐਸ ਨੇ ਦਿੱਲੀ ਦੇ ਸੀਲਮਪੁਰ ਇਲਾਕੇ ਤੋਂ ਦੂਜੀ ਗ੍ਰਿਫ਼ਤਾਰੀ ਕੀਤੀ, ਜਿੱਥੋਂ ਹਾਰੂਨ ਨੂੰ ਫੜਿਆ ਗਿਆ। ਹਾਰੂਨ ਸਕ੍ਰੈਪ ਦਾ ਕੰਮ ਕਰਦਾ ਹੈ ਪਰ ਪਰਦੇ ਪਿੱਛੇ ਉਹ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਤਾਇਨਾਤ ਇੱਕ ਕਰਮਚਾਰੀ ਮੁਜ਼ਮਲ ਹੁਸੈਨ ਨਾਲ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਸੀ। ਹਾਰੂਨ ਅਤੇ ਮੁਜ਼ਮਲ ਹੁਸੈਨ ਨੇ ਆਮ ਲੋਕਾਂ ਤੋਂ ਪਾਕਿਸਤਾਨ ਦਾ ਵੀਜ਼ਾ ਦਿਵਾਉਣ ਦੇ ਬਹਾਨੇ ਪੈਸੇ ਇਕੱਠੇ ਕੀਤੇ।
ਹਾਰੂਨ ਨੇ ਭਾਰਤ ਦੀ ਸੁਰੱਖਿਆ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਮੁਜ਼ਮੂਲ ਹੁਸੈਨ ਨੂੰ ਵੀ ਪ੍ਰਦਾਨ ਕੀਤੀ, ਜਿਸਦੀ ਵਰਤੋਂ ਭਾਰਤ ਦੀ ਸਥਿਰਤਾ ਨੂੰ ਪ੍ਰਭਾਵਿਤ ਕਰਨ ਲਈ ਕੀਤੀ ਗਈ। ਭਾਰਤ ਸਰਕਾਰ ਪਹਿਲਾਂ ਹੀ ਮੁਜ਼ਮੂਲ ਹੁਸੈਨ ਨੂੰ ਪਰਸੋਨਾ ਨਾਨ ਗ੍ਰਾਟਾ ਘੋਸ਼ਿਤ ਕਰ ਚੁੱਕੀ ਹੈ ਅਤੇ ਉਸਨੂੰ ਦੇਸ਼ ਤੋਂ ਕੱਢ ਚੁੱਕੀ ਹੈ।
ਸੁਰੱਖਿਆ ਏਜੰਸੀਆਂ ਅਲਰਟ 'ਤੇ
ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਯੂਪੀ ਏਟੀਐਸ ਨੇ ਤੁਰੰਤ ਅਤੇ ਫੈਸਲਾਕੁੰਨ ਕਾਰਵਾਈ ਕੀਤੀ ਹੈ ਅਤੇ ਰਾਸ਼ਟਰ ਵਿਰੋਧੀ ਨੈੱਟਵਰਕ ਦੇ ਇੱਕ ਮਹੱਤਵਪੂਰਨ ਹਿੱਸੇ ਦਾ ਪਰਦਾਫਾਸ਼ ਕੀਤਾ ਹੈ। ਤੁਫੈਲ ਅਤੇ ਹਾਰੂਨ ਦੀ ਗ੍ਰਿਫ਼ਤਾਰੀ ਸਾਬਤ ਕਰਦੀ ਹੈ ਕਿ ਅੰਦਰੂਨੀ ਸੁਰੱਖਿਆ ਨੂੰ ਖ਼ਤਰਾ ਪੈਦਾ ਕਰਨ ਵਾਲੀਆਂ ਤਾਕਤਾਂ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਰਗਰਮ ਹਨ ਪਰ ਸੁਰੱਖਿਆ ਏਜੰਸੀਆਂ ਵੀ ਪੂਰੀ ਚੌਕਸੀ ਨਾਲ ਉਨ੍ਹਾਂ ਦਾ ਸਾਹਮਣਾ ਕਰ ਰਹੀਆਂ ਹਨ। ਇਸ ਵੇਲੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਡਿਜੀਟਲ ਡਿਵਾਈਸਾਂ ਦੀ ਫੋਰੈਂਸਿਕ ਜਾਂਚ ਰਾਹੀਂ ਇਸ ਨੈੱਟਵਰਕ ਦੇ ਹੋਰ ਲਿੰਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
- PTC NEWS