US Deported Punjabi : ਡਿਪੋਰਟ ਹੋਈ ਇੱਕ...ਪਰ ਹਨ੍ਹੇਰੇ 'ਚ ਡੁੱਬਿਆ 4 ਭੈਣਾਂ ਦਾ ਭਵਿੱਖ, 21 ਸਾਲਾ ਮੁਸਕਾਨ ਨਾਲ ਅਣਹੋਣੀ ਤੋਂ ਵੀ ਪਰ੍ਹੇ ਵਾਪਰਿਆ ਭਾਣਾ
Jagraon Deportee Girl Muskan : ਅਮਰੀਕਾ ਤੋ ਵਾਪਿਸ ਭੇਜੇ ਗਏ ਪੰਜਾਬੀਆਂ ਵਿੱਚ ਜਗਰਾਉਂ ਦੀ 21 ਸਾਲ ਦੀ ਮੁਸਕਾਨ ਵੀ ਆਪਣੇ ਘਰ ਵਾਪਿਸ ਪਹੁੰਚ ਗਈ ਹੈ ਤੇ ਉਸਦੇ ਘਰ ਵਿੱਚ ਉਸਦਾ ਰੋ-ਰੋ ਕੇ ਬੁਰਾ ਹਾਲ ਤੇ ਉਸਦੇ ਮਾਤਾ-ਪਿਤਾ ਵੀ ਟਰੰਪ ਸਰਕਾਰ ਦੀ ਇਸ ਧੱਕੇਸ਼ਾਹੀ ਤੋਂ ਬਹੁਤ ਦੁਖੀ ਹਨ। ਮੁਸਕਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸਦੇ ਅਜੇ ਵੀ ਦੋ ਸਾਲ ਦਾ ਇੰਗਲੈਂਡ ਦਾ ਵੀਜ਼ਾ ਬਾਕੀ ਹੈ ਤੇ ਉਸਨੂੰ ਉਸਦੇ ਵੀਜ਼ੇ ਦੇ ਚਲਦਿਆਂ ਇੰਗਲੈਂਡ ਪੜ੍ਹਾਈ ਪੂਰੀ ਕਰਵਾਉਣ ਵਿੱਚ ਮਦਦ ਕੀਤੀ ਜਾਵੇ।
ਇੰਗਲੈਂਡ-ਅਮਰੀਕਾ ਬਾਰਡਰ 'ਤੇ ਘੁੰਮਦੀ ਕਿਵੇਂ ਭਾਰਤ ਪਹੁੰਚੀ ਮੁਸਕਾਨ ?
ਜਗਰਾਉਂ ਪਹੁੰਚੀ ਮੁਸਕਾਨ ਦਾ ਆਪਣੇ ਘਰ ਵਿੱਚ ਪਹੁੰਚਣ 'ਤੇ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਸ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇੱਕ ਜਨਵਰੀ 2024 ਨੂੰ ਉਹ ਇੰਗਲੈਂਡ ਤਿੰਨ ਸਾਲ ਦੇ ਸਟੱਡੀ ਵੀਜ਼ਾ 'ਤੇ ਗਈ ਸੀ ਤੇ ਅਜੇ ਵੀ ਉਸਦੇ ਕੋਲ ਦੋ ਸਾਲ ਸਟੱਡੀ ਵੀਜ਼ਾ ਬਾਕੀ ਹੈ। ਉਹ ਆਪਣੀਆਂ ਸਹੇਲੀਆਂ ਨਾਲ 45-50 ਲੋਕਾਂ ਸਮੇਤ ਇੰਗਲੈਂਡ-ਅਮਰੀਕਾ ਬਾਰਡਰ 'ਤੇ ਘੁੰਮਣ ਗਈ ਸੀ ਤਾਂ ਕੈਲੀਫੋਰਨੀਆ ਪੁਲਿਸ ਨੇ ਉਨ੍ਹਾਂ ਸਾਰਿਆਂ ਨੂੰ ਇਕ ਬੱਸ ਵਿੱਚ ਬਿਠਾਇਆ ਤੇ ਉਨ੍ਹਾਂ ਨੂੰ ਖਾਣ-ਪੀਣ ਲਈ ਸਨੈਕਸ ਵੀ ਦਿੱਤੇ। ਪਰ ਉਸ ਸਮੇਂ ਉਹ ਸਾਰੇ ਹੈਰਾਨ ਰਹਿ ਗਏ, ਜਦੋਂ ਉਨ੍ਹਾਂ ਸਾਰਿਆਂ ਨੂੰ ਭਾਰਤ ਵਾਲੇ ਜਹਾਜ਼ ਵਿਚ ਬਿਠਾ ਕੇ ਭਾਰਤ ਭੇਜ ਦਿੱਤਾ ਗਿਆ। ਉਸਨੇ ਇਹ ਵੀ ਕਿਹਾ ਕਿ ਅਜਿਹੇ ਮੌਕੇ ਇਥੋਂ ਦੀਆਂ ਸਰਕਾਰਾਂ ਨੂੰ ਉਨ੍ਹਾਂ ਦਾ ਹੱਥ ਫੜਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਭਵਿੱਖ ਖ਼ਰਾਬ ਹੋਣ ਤੋ ਬਚ ਸਕੇ।
ਮੁਸਕਾਨ ਦੇ ਪਿਤਾ ਜਗਦੀਸ਼ ਕੁਮਾਰ ਕੋਲੋਂ ਆਪਣੇ ਬੱਚੇ ਨਾਲ ਹੋਈ, ਇਸ ਧੱਕੇਸ਼ਾਹੀ ਤੋਂ ਬਾਅਦ ਬੋਲਿਆ ਵੀ ਨਹੀਂ ਜਾ ਰਿਹਾ ਸੀ। ਪਰ ਫਿਰ ਵੀ ਉਸਨੇ ਕਿਹਾ ਕਿ ਉਸ ਨੇ ਆਪਣੇ ਬੱਚੀ ਦੇ ਉੱਜਵਲ ਭਵਿੱਖ ਨੂੰ ਲੈ ਕੇ ਆਪਣੀ ਕੀਤੀ ਮਿਹਨਤ ਨਾਲ ਕਮਾਏ ਪੈਸਿਆਂ ਦੇ ਨਾਲ-ਨਾਲ 45 ਲੱਖ ਦਾ ਕਰਜ਼ਾ ਲੈ ਕੇ ਇੰਗਲੈਂਡ ਭੇਜਿਆ ਸੀ। ਉਨ੍ਹਾਂ ਨੇ ਇਹ ਸੋਚਿਆ ਸੀ ਕਿ ਆਪਣੀ ਧੀ ਨੂੰ ਇੰਗਲੈਂਡ ਭੇਜਣ ਤੋਂ ਬਾਅਦ ਉਸ ਦੀਆਂ ਹੋਰ ਤਿੰਨ ਧੀਆਂ ਦਾ ਭਵਿੱਖ ਵੀ ਬਣ ਜਾਵੇਗਾ। ਉਹ ਮੌਕੇ ਦੀਆਂ ਸਰਕਾਰਾਂ ਨੂੰ ਇਸ ਮੌਕੇ ਮਦਦ ਦੀ ਅਪੀਲ ਵੀ ਕਰਦੇ ਹਨ।
ਬੀਬੀ ਮਾਣੂੰਕੇ ਨੇ ਦਿੱਤਾ ਮਦਦ ਦਾ ਭਰੋਸਾ
ਇਸ ਮੌਕੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਵੀ ਕਿਹਾਕਿ ਇਸ ਔਖੀ ਘੜੀ ਵਿੱਚ ਓਹ ਪਰਿਵਾਰ ਦੇ ਨਾਲ ਹਨ ਤੇ ਇਸ ਬੱਚੀ ਲਈ ਉਹ CM ਸਾਹਿਬ ਕੋਲ ਵੀ ਜਾਣਗੇ ਅਤੇ ਜੋ ਵੀ ਮਦਦ ਇਸ ਪਰਿਵਾਰ ਲਈ ਬਣ ਪਾਏਗੀ, ਉਹ ਜ਼ਰੂਰ ਕਰਵਾਉਣਗੇ।
ਜਗਰਾਓਂ ਤੋ ਹੇਮ ਰਾਜ ਬੱਬਰ ਦੀ ਰਿਪੋਰਟ
- PTC NEWS