Venezuela-US Tensions : ਅਮਰੀਕਾ ਨੇ ਵੈਨੇਜ਼ੁਏਲਾ ਦੀ ਰਾਜਧਾਨੀ ਕਰਾਕਸ 'ਤੇ ਕੀਤੇ ਮਿਜ਼ਾਈਲ ਹਮਲੇ , ਰਾਸ਼ਟਰਪਤੀ ਮਾਦੁਰੋ ਵੱਲੋਂ ਦੇਸ਼ਵਿਆਪੀ ਐਮਰਜੈਂਸੀ ਦਾ ਐਲਾਨ
Venezuela-US Tensions : ਅਮਰੀਕਾ (America) ਨੇ ਸ਼ਨੀਵਾਰ ਰਾਤ ਨੂੰ ਵੈਨੇਜ਼ੁਏਲਾ ਦੀ ਰਾਜਧਾਨੀ ਕਰਾਕਸ ‘ਤੇ ਸੱਤ ਹਵਾਈ ਹਮਲੇ ਕੀਤੇ ਹਨ।ਕਾਰਾਕਸ ਵਿੱਚ ਇੱਕ ਤੋਂ ਬਾਅਦ ਇੱਕ ਕਈ ਧਮਾਕੇ ਹੋਏ। ਇਹ ਧਮਾਕੇ ਖਾਸ ਤੌਰ 'ਤੇ ਵੈਨੇਜ਼ੁਏਲਾ ਦੇ ਮੁੱਖ ਫੌਜੀ ਅੱਡੇ 'ਫਾਰਚੁਨਾ' ਦੇ ਨੇੜੇ ਹੋਏ ਹਨ। ਹਮਲੇ ਤੋਂ ਤੁਰੰਤ ਬਾਅਦ ਪੂਰੇ ਸ਼ਹਿਰ ਦੀ ਬਿਜਲੀ ਗੁੱਲ ਹੋ ਗਈ ਅਤੇ ਅਸਮਾਨ ਵਿੱਚ ਧੂੰਏਂ ਦੇ ਗੁਬਾਰ ਦੇਖੇ ਗਏ। ਧਮਾਕਿਆਂ ਦੀ ਆਵਾਜ਼ ਸੁਣ ਕੇ ਸ਼ਹਿਰ ਦੇ ਕਈ ਇਲਾਕਿਆਂ ਦੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ ‘ਤੇ ਆ ਗਏ।
ਧਮਾਕਿਆਂ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਲੋਕ ਆਪਣੇ ਘਰ ਛੱਡ ਕੇ ਸੜਕਾਂ 'ਤੇ ਆ ਗਏ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓਜ਼ ਵਿੱਚ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਅੱਗ ਲੱਗੀ ਦਿਖਾਈ ਦੇ ਰਹੀ ਹੈ। ਪਹਿਲਾ ਹਮਲਾ ਸਥਾਨਕ ਸਮੇਂ ਅਨੁਸਾਰ ਸਵੇਰੇ 2 ਵਜੇ ਦੇ ਕਰੀਬ ਹੋਇਆ। ਹਾਲਾਂਕਿ, ਉਸ ਸਮੇਂ ਇਨ੍ਹਾਂ ਧਮਾਕਿਆਂ ਦੇ ਕਾਰਨ ਜਾਂ ਸਰੋਤ ਬਾਰੇ ਕੋਈ ਅਧਿਕਾਰਤ ਪੁਸ਼ਟੀ ਉਪਲਬਧ ਨਹੀਂ ਸੀ।
ਹਮਲੇ ਤੋਂ ਬਾਅਦ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਅਮਰੀਕੀ ਹਮਲਿਆਂ ਨੇ ਕਰਾਕਸ ਸ਼ਹਿਰ ਸਮੇਤ ਚਾਰ ਸ਼ਹਿਰਾਂ ਦੇ ਨਾਲ-ਨਾਲ ਮਿਰਾਂਡਾ, ਅਰਾਗੁਆ ਅਤੇ ਲਾ ਗੁਆਇਰਾ ਰਾਜਾਂ ਵਿੱਚ ਨਾਗਰਿਕ ਅਤੇ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਹਮਲਿਆਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਾਸ਼ਟਰਪਤੀ ਮਾਦੁਰੋ ਨੇ ਤੁਰੰਤ ਦੇਸ਼ ਵਿਆਪੀ ਐਮਰਜੈਂਸੀ ਲਗਾ ਦਿੱਤੀ ਹੈ ਅਤੇ ਫੌਜ ਨੂੰ ਹਾਈ ਅਲਰਟ 'ਤੇ ਰਹਿਣ ਦੇ ਹੁਕਮ ਦਿੱਤੇ ਹਨ।
ਟਰੰਪ ਨੇ ਵੈਨੇਜ਼ੁਏਲਾ ਵਿੱਚ ਫੌਜੀ ਕਾਰਵਾਈ ਦਾ ਕੀਤਾ ਦਾਅਵਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਵੈਨੇਜ਼ੁਏਲਾ ਅਤੇ ਇਸਦੇ ਨੇਤਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਵਿਰੁੱਧ ਵੱਡੇ ਪੱਧਰ 'ਤੇ ਕਾਰਵਾਈ ਸਫਲਤਾਪੂਰਵਕ ਕੀਤੀ ਹੈ। ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਫੜ ਕੇ ਦੇਸ਼ ਤੋਂ ਬਾਹਰ ਲਿਜਾਇਆ ਗਿਆ ਹੈ। ਇਹ ਕਾਰਵਾਈ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਸਹਿਯੋਗ ਨਾਲ ਕੀਤੀ ਗਈ ਸੀ।
ਅਮਰੀਕਾ ਨਾਲ ਲੰਬੇ ਸਮੇਂ ਤੋਂ ਚੱਲ ਰਿਹਾ ਤਣਾਅ
ਅਮਰੀਕਾ ਅਤੇ ਵੈਨੇਜ਼ੁਏਲਾ ਵਿਚਕਾਰ ਇਸ ਸਮੇਂ ਤੋਂ ਤਣਾਅ ਚੱਲ ਰਿਹਾ ਹੈ। ਟਰੰਪ ਪਹਿਲਾਂ ਹੀ ਚੇਤਾਵਨੀ ਦੇ ਚੁੱਕੇ ਹਨ ਕਿ ਵੈਨੇਜ਼ੁਏਲਾ ਖਿਲਾਫ ਜ਼ਮੀਨੀ ਹਮਲੇ ਸੰਭਵ ਹਨ। ਇਸ ਤੋਂ ਇਲਾਵਾ ਅਮਰੀਕੀ ਫੌਜ ਨੇ ਕੈਰੇਬੀਅਨ ਅਤੇ ਪੂਰਬੀ ਪ੍ਰਸ਼ਾਂਤ ਮਹਾਸਾਗਰ ਵਿੱਚ ਕਈ ਕਿਸ਼ਤੀਆਂ ‘ਤੇ ਹਮਲਾ ਕੀਤਾ ਹੈ, ਜਿਨ੍ਹਾਂ ‘ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਇਲਜ਼ਾਮ ਹੈ। ਅਮਰੀਕੀ ਫੌਜ ਦੇ ਅਨੁਸਾਰ ਇਸ ਸਮੁੰਦਰੀ ਕਾਰਵਾਈ ਵਿੱਚ ਹੁਣ ਤੱਕ ਘੱਟੋ-ਘੱਟ 30 ਹਮਲਿਆਂ ਵਿੱਚ 107 ਲੋਕ ਮਾਰੇ ਗਏ ਹਨ।
ਟਰੰਪ ਨੇ ਵਾਰ-ਵਾਰ ਕਿਹਾ ਹੈ ਕਿ ਮਾਦੁਰੋ ਨੂੰ ਸੱਤਾ ਛੱਡਣ ਲਈ ਦਬਾਅ ਪਾਉਣ ਲਈ ਵੈਨੇਜ਼ੁਏਲਾ ਵਿੱਚ ਜ਼ਮੀਨੀ ਕਾਰਵਾਈ ਕੀਤੀ ਜਾ ਸਕਦੀ ਹੈ ਅਤੇ ਇਸ ਲਈ ਸਖ਼ਤ ਪਾਬੰਦੀਆਂ ਵੀ ਲਗਾਈਆਂ ਹਨ। ਹਾਲਾਂਕਿ, ਮਾਦੁਰੋ ਨੇ ਇਸ ਅਪਰਾਧ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਜ਼ੋਰਦਾਰ ਇਨਕਾਰ ਕੀਤਾ ਹੈ। ਉਹ ਕਹਿੰਦਾ ਹੈ ਕਿ ਅਮਰੀਕਾ ਉਸ ਨੂੰ ਸੱਤਾ ਤੋਂ ਹਟਾਉਣਾ ਚਾਹੁੰਦਾ ਹੈ ਅਤੇ ਵੈਨੇਜ਼ੁਏਲਾ ਦੇ ਵਿਸ਼ਾਲ ਤੇਲ ਭੰਡਾਰਾਂ ਅਤੇ ਖਣਿਜ ਸਰੋਤਾਂ ਤੱਕ ਪਹੁੰਚ ਪ੍ਰਾਪਤ ਕਰਨਾ ਚਾਹੁੰਦਾ ਹੈ।
- PTC NEWS