Thu, May 2, 2024
Whatsapp

ਇਜ਼ਰਾਈਲ-ਫਿਲਿਸਤੀਨ ਦੇ ਵਿਚਾਲੇ ਇੱਕ ਸਦੀ ਤੋਂ ਵੱਧ ਪੁਰਾਣਾ ਵਿਵਾਦ ਕੀ ਹੈ? ਇੱਥੇ ਜਾਣੋ

Written by  Jasmeet Singh -- October 23rd 2023 04:12 PM -- Updated: October 23rd 2023 04:15 PM
ਇਜ਼ਰਾਈਲ-ਫਿਲਿਸਤੀਨ ਦੇ ਵਿਚਾਲੇ ਇੱਕ ਸਦੀ ਤੋਂ ਵੱਧ ਪੁਰਾਣਾ ਵਿਵਾਦ ਕੀ ਹੈ? ਇੱਥੇ ਜਾਣੋ

ਇਜ਼ਰਾਈਲ-ਫਿਲਿਸਤੀਨ ਦੇ ਵਿਚਾਲੇ ਇੱਕ ਸਦੀ ਤੋਂ ਵੱਧ ਪੁਰਾਣਾ ਵਿਵਾਦ ਕੀ ਹੈ? ਇੱਥੇ ਜਾਣੋ

ਦਲੀਪ ਕੁਮਾਰ ਸਿੰਘ, ਪੀਟੀਸੀ ਸੰਪਾਦਕ (ਡਿਜੀਟਲ): ਤੁਸੀਂ ਇਹ ਖਬਰ ਸੁਣੀ ਹੋਵੇਗੀ ਕਿ ਦੁਨੀਆ ਦੇ ਇੱਕ ਹਿੱਸੇ ਵਿੱਚ ਜੰਗ ਚੱਲ ਰਹੀ ਹੈ। ਮਾਸੂਮ ਬੱਚਿਆਂ ਤੋਂ ਲੈ ਕੇ ਬਜ਼ੁਰਗ ਅਤੇ ਔਰਤਾਂ ਸਭ ਤੋਂ ਵੱਧ ਪ੍ਰਭਾਵਿਤ ਹਨ। ਹਾਲਾਤ ਅਜਿਹੇ ਹਨ ਕਿ ਹਜ਼ਾਰਾਂ ਜਾਨਾਂ ਜਾ ਚੁੱਕੀਆਂ ਹਨ। ਇੱਕ ਵੱਡੀ ਆਬਾਦੀ ਪੀਣ ਵਾਲੇ ਪਾਣੀ, ਭੋਜਨ ਅਤੇ ਡਾਕਟਰੀ ਸਹੂਲਤਾਂ ਦੀ ਘਾਟ ਕਾਰਨ ਮੌਤ ਦੇ ਡਰ ਵਿੱਚ ਜੀਅ ਰਹੀ ਹੈ। ਅਸੀਂ ਇਜ਼ਰਾਈਲ ਅਤੇ ਹਮਾਸ ਵਿਚਕਾਰ ਚੱਲ ਰਹੇ ਯੁੱਧ ਬਾਰੇ ਗੱਲ ਕਰ ਰਹੇ ਹਾਂ।

ਮੱਧ ਪੂਰਬ ਵਿੱਚ ਚੱਲ ਰਹੀ ਇਸ ਜੰਗ ਦੇ ਦੌਰਾਨ, ਤੁਸੀਂ ਬਹੁਤ ਸਾਰੇ ਸ਼ਬਦ ਸੁਣ ਰਹੇ ਹੋਵੋਗੇ, ਜਿਵੇਂ ਕਿ ਗਾਜ਼ਾ ਪੱਟੀ, ਪੱਛਮੀ ਕੰਢੇ, ਹਮਾਸ, ਯੇਰੂਸ਼ਲਮ, ਆਇਰਨ ਡੋਮ, ਮੋਸਾਦ ਖੁਫੀਆ ਏਜੰਸੀ। ਅੱਜ ਅਸੀਂ ਉਹਨਾਂ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰਾਂਗੇ ਅਤੇ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਦੁਨੀਆਂ ਦੇ ਇਸ ਹਿੱਸੇ ਵਿੱਚ ਸੌ ਸਾਲਾਂ ਤੋਂ ਵੱਧ ਸਮੇਂ ਤੋਂ ਖੂਨੀ ਸੰਘਰਸ਼ ਕਿਉਂ ਚੱਲ ਰਿਹਾ ਹੈ ਅਤੇ ਇਹ ਹੁਣ ਤੱਕ ਦਾ ਸਭ ਤੋਂ ਭੈੜਾ ਦੌਰ ਕਿਉਂ ਹੈ।




ਜਿਵੇਂ ਕਿ ਅੰਗਰੇਜ਼ਾਂ ਦੌਰਾਨ ਭਾਰਤ-ਪਾਕਿਸਤਾਨ ਦੀ ਵੰਡ ਹੋਈ, ਇੱਥੇ ਵੀ ਉਹੀ ਸਬੰਧ ਹੈ। ਕਿਹੜੇ ਪੱਛਮੀ ਦੇਸ਼ ਇਜ਼ਰਾਈਲ ਦੇ ਸਮਰਥਨ ਵਿੱਚ ਹਨ ਅਤੇ ਕਿਹੜੇ ਅਰਬ ਦੇਸ਼ ਇਜ਼ਰਾਈਲ ਦੇ ਵਿਰੁੱਧ ਹਨ ਅਤੇ ਸਭ ਤੋਂ ਮਹੱਤਵਪੂਰਨ ਸਵਾਲ ਇਹ ਹੈ ਕਿ ਇਸ ਸਥਿਤੀ ਵਿੱਚ ਅਰਬ ਅਤੇ ਪੱਛਮੀ ਦੇਸ਼ਾਂ ਦੀ ਸਥਿਤੀ ਕਿਵੇਂ ਹੈ। ਆਓ ਇਹ ਵੀ ਜਾਣਦੇ ਹਾਂ ਕਿ ਭਾਰਤ ਦਾ ਇਸ ਮਾਮਲੇ 'ਤੇ ਕੀ ਸਟੈਂਡ ਹੈ।

ਸਭ ਤੋਂ ਪਹਿਲਾਂ, ਮੌਜੂਦਾ ਸਥਿਤੀ ਦਾ ਕਾਰਨ ਕੀ ਹੈ?
7 ਅਕਤੂਬਰ ਨੂੰ ਫਲਸਤੀਨੀ ਅੱਤਵਾਦੀ ਸੰਗਠਨ ਵਜੋਂ ਜਾਣੇ ਜਾਂਦੇ ਹਮਾਸ ਨੇ ਗਾਜ਼ਾ ਸਰਹੱਦ ਦੇ ਨੇੜੇ ਇਜ਼ਰਾਈਲ ਦੇ ਕਿਬੁਟਜ਼ ਰੀਮ ਵਿੱਚ ਆਯੋਜਿਤ ਕੀਤੇ ਜਾ ਰਹੇ ਇੱਕ ਸੰਗੀਤ ਸਮਾਰੋਹ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਤਿਉਹਾਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸਨ। ਹਮਾਸ ਦੇ ਲੜਾਕਿਆਂ ਨੇ ਗਾਜ਼ਾ ਅਤੇ ਇਜ਼ਰਾਈਲ ਦੀ ਵੰਡ ਦੀਵਾਰ ਨੂੰ ਪਾਰ ਕੀਤਾ ਅਤੇ ਹਵਾ ਦੁਆਰਾ ਕੰਡਿਆਲੀ ਵਾੜ ਨੂੰ ਵੀ ਤੋੜ ਦਿੱਤਾ। ਉਹਨਾਂ ਪੈਰਾਸ਼ੂਟ ਦੀ ਵਰਤੋਂ ਕੀਤੀ ਜੋ ਇੱਕ ਜਾਂ ਦੋ ਲੋਕਾਂ ਨੂੰ ਲਿਜਾਣ ਦੀ ਸਮਰੱਥਾ ਰੱਖਦੇ ਸਨ। ਇਹ ਪੈਰਾਸ਼ੂਟ ਲੈਸ ਲੜਾਕੇ ਗਲਾਈਡਰ ਦੁਆਰਾ ਗਾਜ਼ਾ ਦੇ ਬਾਹਰ ਇਜ਼ਰਾਈਲੀ ਖੇਤਰਾਂ ਵਿੱਚ ਦਾਖਲ ਹੋਏ ਸਨ। ਹਮਾਸ ਨੇ ਮਿਊਜ਼ਿਕ ਸਮਾਗਮ ਦਾ ਆਨੰਦ ਲੈਣ ਆਏ ਲੋਕਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਤਿਉਹਾਰ 'ਚ 250 ਤੋਂ ਵੱਧ ਲਾਸ਼ਾਂ ਖਿੱਲਰੀਆਂ, ਲੋਕ ਵਾਹਨਾਂ 'ਚੋਂ ਜਾਂ ਫਿਰ ਪੈਦਲ ਭੱਜਦੇ ਦੇਖੇ ਗਏ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡੀਓਜ਼ 'ਚ ਔਰਤਾਂ ਨੂੰ ਜ਼ਬਰਦਸਤੀ ਅਗਵਾ ਕੀਤੇ ਜਾਣ ਦੀਆਂ ਵੀਡੀਓਜ਼ ਵੀ ਦੇਖਣ ਨੂੰ ਮਿਲੀਆਂ। ਇਸ ਗੱਲ ਨੇ ਇਜ਼ਰਾਈਲ ਨੂੰ ਇੰਨਾ ਝੰਜੋੜ ਕੇ ਰੱਖ ਦਿੱਤਾ ਕਿ ਉਸ ਨੇ ਗਾਜ਼ਾ ਪੱਟੀ 'ਚ ਅੱਤਵਾਦੀ ਸੰਗਠਨ ਹਮਾਸ ਦੇ ਖਿਲਾਫ ਜੰਗ ਸ਼ੁਰੂ ਕਰ ਦਿੱਤੀ। ਗਾਜ਼ਾ ਅਤੇ ਇਜ਼ਰਾਈਲ 'ਚ ਹੋਈਆਂ ਮੌਤਾਂ ਦੀ ਕੁੱਲ ਗਿਣਤੀ ਪੰਜ ਹਜ਼ਾਰ ਨੂੰ ਪਾਰ ਕਰ ਗਈ ਹੈ, ਜ਼ਿਆਦਾਤਰ ਔਰਤਾਂ, ਬੱਚੇ ਅਤੇ ਬਜ਼ੁਰਗ ਇਸ ਜੰਗ ਦਾ ਸ਼ਿਕਾਰ ਹੋ ਰਹੇ ਹਨ।


ਆਓ ਇਸ ਲੜਾਈ ਦੇ ਪਿੱਛੇ ਦੀ ਕਹਾਣੀ ਬਾਰੇ ਗੱਲ ਕਰੀਏ
ਇਸ ਦੇ ਲਈ ਸਾਨੂੰ ਸੌ ਸਾਲ ਪਿੱਛੇ ਜਾਣਾ ਪਵੇਗਾ, ਇਹ ਇਲਾਕਾ ਪਹਿਲਾਂ ਫਲਸਤੀਨ ਵਜੋਂ ਜਾਣਿਆ ਜਾਂਦਾ ਸੀ। ਇਸ 'ਤੇ ਉਸਮਾਨੀਆ ਸਲਤਨਤ ਜਾਂ ਓਟੋਮਨ ਸਾਮਰਾਜ ਦਾ ਰਾਜ ਸੀ। ਪਹਿਲੀ ਵਿਸ਼ਵ ਜੰਗ ਦੌਰਾਨ, ਇਸ ਸਲਤਨਤ 'ਤੇ ਬਰਤਾਨੀਆ ਨੇ ਕਬਜ਼ਾ ਕਰ ਲਿਆ ਸੀ। ਫਲਸਤੀਨ ਵਜੋਂ ਜਾਣਿਆ ਜਾਂਦਾ ਇਹ ਇਲਾਕਾ ਬ੍ਰਿਟਿਸ਼ ਸਰਕਾਰ ਦੇ ਹੱਥਾਂ ਵਿੱਚ ਆ ਗਿਆ। ਇੱਥੇ ਯਹੂਦੀ ਘੱਟ ਗਿਣਤੀ ਵਿੱਚ ਸਨ ਅਤੇ ਅਰਬ ਬਹੁਗਿਣਤੀ ਵਿੱਚ ਸਨ। 


ਇਨ੍ਹਾਂ ਦੋਹਾਂ ਭਾਈਚਾਰਿਆਂ ਦਰਮਿਆਨ ਤਣਾਅ ਉਦੋਂ ਵਧਣਾ ਸ਼ੁਰੂ ਹੋਇਆ ਜਦੋਂ ਅੰਤਰਰਾਸ਼ਟਰੀ ਭਾਈਚਾਰੇ ਨੇ ਫਲਸਤੀਨ ਦੇ ਅੰਦਰ ਯਹੂਦੀਆਂ ਲਈ ਇੱਕ ਦੇਸ਼ ਬਣਾਉਣ ਦਾ ਕੰਮ ਬ੍ਰਿਟੇਨ ਨੂੰ ਸੌਂਪਿਆ। ਸਾਲ 1917 ਵਿੱਚ ਬਾਲਫੋਰ ਘੋਸ਼ਣਾ ਦੁਨੀਆ ਦੇ ਸਾਹਮਣੇ ਆਈ। ਆਰਥਰ ਬਾਲਫੋਰ ਜੋ ਉਸ ਵੇਲੇ ਬਰਤਾਨੀਆ ਵਿਦੇਸ਼ ਮੰਤਰੀ ਸਨ, ਨੇ ਨਵੰਬਰ 1917 ਵਿੱਚ ਬ੍ਰਿਟਿਸ਼ ਪਾਰਲੀਮੈਂਟ ਵਿੱਚ ਐਲਾਨ ਕੀਤਾ ਸੀ ਕਿ ਬਰਤਾਨਵੀ ਸਰਕਾਰ ਯਹੂਦੀਆਂ ਲਈ ਇਜ਼ਰਾਈਲ ਨਾਂ ਦਾ ਇੱਕ ਦੇਸ਼ ਬਣਾਉਣਾ ਚਾਹੁੰਦੀ ਹੈ, ਜਿੱਥੇ ਦੁਨੀਆਂ ਭਰ ਦੇ ਯਹੂਦੀ ਜਾ ਕੇ ਵਸ ਸਕਣ। ਇਸ ਘੋਸ਼ਣਾ ਤੋਂ ਬਾਅਦ ਫਲਸਤੀਨ ਵਿੱਚ ਯਹੂਦੀਆਂ ਦੀ ਆਬਾਦੀ ਲਗਾਤਾਰ ਵਧਦੀ ਗਈ। 1920 ਤੋਂ 1940 ਦੇ ਵਿਚਕਾਰ ਯਹੂਦੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਇਨ੍ਹਾਂ ਵਿੱਚ ਵੱਡੀ ਗਿਣਤੀ ਉਹ ਯਹੂਦੀ ਸਨ ਜੋ ਯੂਰਪ ਵਿੱਚ ਰਹਿੰਦੇ ਸਨ, ਖਾਸ ਕਰਕੇ ਦੂਜੇ ਵਿਸ਼ਵ ਯੁੱਧ ਦੌਰਾਨ, ਉਹ ਇੱਥੋਂ ਭੱਜ ਗਏ ਸਨ। ਹਿਟਲਰ ਵੱਲੋਂ ਉਸ ਸਮੇਂ ਲੱਖਾਂ ਯਹੂਦੀਆਂ ਨੂੰ ਗੈਸ ਚੈਂਬਰਾਂ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਦਰਦਨਾਕ ਮੌਤ ਦਿੱਤੀ ਗਈ ਸੀ। 



ਉਸ ਸਮੇਂ ਦੌਰਾਨ ਫਲਸਤੀਨ ਵਿੱਚ ਅਰਬ ਅਤੇ ਯਹੂਦੀ ਲੋਕ ਆਪਸ ਵਿੱਚ ਲੜਨ ਲੱਗ ਪਏ। ਬਰਤਾਨੀਆ ਪ੍ਰਤੀ ਵੀ ਨਾਰਾਜ਼ਗੀ ਸੀ, ਫਿਰ 1947 ਵਿੱਚ ਉਹ ਸਾਲ ਆਇਆ ਜਦੋਂ ਸੰਯੁਕਤ ਰਾਸ਼ਟਰ ਨੇ ਫਲਸਤੀਨ ਨੂੰ ਯਹੂਦੀ ਰਾਸ਼ਟਰ ਅਤੇ ਅਰਬ ਰਾਸ਼ਟਰ ਵਿੱਚ ਵੰਡਣ ਦਾ ਫੈਸਲਾ ਕੀਤਾ। ਉਸ ਸਮੇਂ ਯਰੂਸ਼ਲਮ ਇੱਕ ਅੰਤਰਰਾਸ਼ਟਰੀ ਸ਼ਹਿਰ ਬਣ ਗਿਆ। 

ਅੱਗੇ ਅਸੀਂ ਤੁਹਾਨੂੰ ਦੱਸਾਂਗੇ ਕਿ ਯਰੂਸ਼ਲਮ ਸ਼ਹਿਰ ਇੰਨਾ ਮਹੱਤਵਪੂਰਨ ਕਿਉਂ ਹੈ। ਅਰਬ ਲੋਕਾਂ ਨੇ ਕਦੇ ਇਹ ਸਵੀਕਾਰ ਨਹੀਂ ਕੀਤਾ ਕਿ ਉਨ੍ਹਾਂ ਦੇ ਦੇਸ਼ ਵਿੱਚ ਕੋਈ ਹੋਰ ਦੇਸ਼ ਬਣਾਇਆ ਜਾਵੇ। ਇਜ਼ਰਾਈਲ ਸਾਲ 1948 'ਚ ਹੋਂਦ 'ਚ ਆਇਆ, ਪਰ ਸਮੱਸਿਆ ਨੂੰ ਗੰਭੀਰ ਹੁੰਦਾ ਦੇਖ ਕੇ ਬਰਤਾਨੀਆ ਨੇ ਉੱਥੋਂ ਜਾਣ ਦਾ ਫੈਸਲਾ ਕਰ ਲਿਆ। ਜਿਵੇਂ ਭਾਰਤ ਦੀ ਵੰਡ ਮਗਰੋਂ ਪਾਕਿਸਤਾਨ ਬਣ ਗਿਆ। ਇਵੇਂ ਬ੍ਰਿਟੇਨ ਨੇ ਫਲਸਤੀਨ ਛੱਡਦਿਆਂ ਹੀ ਇਸਨੂੰ ਵੀ ਵੰਡ ਦਿੱਤਾ।

ਜਿਵੇਂ ਹੀ ਇਜ਼ਰਾਈਲ ਦਾ ਐਲਾਨ ਹੋਇਆ ਅਗਲੇ ਹੀ ਦਿਨ, ਪੰਜ ਅਰਬ ਦੇਸ਼ਾਂ ਲੇਬਨਾਨ, ਸੀਰੀਆ, ਇਰਾਕ, ਮਿਸਰ ਨੇ ਇਸ ਨਵੇਂ ਬਣੇ ਮੁਲਕ 'ਤੇ ਹਮਲਾ ਕਰ ਦਿੱਤਾ। ਸਾਊਦੀ ਅਰਬ ਨੇ ਵੀ ਫੌਜਾਂ ਭੇਜੀਆਂ ਪਰ ਉਹ ਫੌਜ ਮਿਸਰ ਨਾਲ ਲੜ ਰਹੀ ਸੀ। ਉਸ ਸਮੇਂ ਲੱਖਾਂ ਫਲਸਤੀਨੀਆਂ ਨੂੰ ਜੰਗ ਲੜਨੀ ਪਈ, ਅਰਬ ਦੇਸ਼ਾਂ ਦਾ ਉਦੇਸ਼ ਸਾਲ 1948 ਵਿੱਚ ਹੋਂਦ ਵਿੱਚ ਆਏ ਇਜ਼ਰਾਈਲ ਦੀ ਹੋਂਦ ਨੂੰ ਖਤਮ ਕਰਨਾ ਸੀ। ਪਰ ਇਸ ਜੰਗ ਵਿੱਚ ਅਰਬ ਦੇਸ਼ਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇੱਕ ਪਾਸੇ ਮਿਸਰ, ਸੀਰੀਆ ਅਤੇ ਜਾਰਡਨ ਵਰਗੇ ਵੱਡੇ ਦੇਸ਼ ਸਨ। ਦੂਜੇ ਪਾਸੇ, ਇਕੱਲਾ ਇਜ਼ਰਾਈਲ ਸੀ। ਇਸ ਸੰਘਰਸ਼ ਵਿੱਚ ਇਜ਼ਰਾਈਲ ਦੀ ਜਿੱਤ ਹੋਈ। ਇਸ ਵਾਰ ਇਜ਼ਰਾਈਲ ਨੇ ਪੂਰਬੀ ਯੇਰੂਸ਼ਲਮ ਅਤੇ ਪੱਛਮੀ ਕੰਢੇ ਉੱਤੇ ਵੀ ਕਬਜ਼ਾ ਕਰ ਲਿਆ। ਇਸ ਨੇ ਸੀਰੀਆ ਦੀ ਗੋਲਾਨ ਹਾਈਟਸ ਉੱਤੇ ਵੀ ਕਬਜ਼ਾ ਕਰ ਲਿਆ, ਜੋ ਹਮਲਾ ਕਰਨ ਲਈ ਆਇਆ ਸੀ।



ਇਜ਼ਰਾਈਲ ਨੇ ਨਾ ਸਿਰਫ਼ ਮਿਸਰ ਤੋਂ ਗਾਜ਼ਾ ਪੱਟੀ ਉੱਤੇ ਕਬਜ਼ਾ ਕਰ ਲਿਆ। ਮਿਸਰ ਦੇ ਸਿਨਾਈ ਖੇਤਰ ਉੱਤੇ ਵੀ ਕਬਜ਼ਾ ਕਰ ਲਿਆ। ਇਹ ਜੰਗ ਵੀ ਅਰਬ ਦੇਸ਼ਾਂ ਨੇ ਹਾਰੀ ਸੀ। ਉਸ ਸਮੇਂ ਤੋਂ ਬਾਅਦ ਫਲਸਤੀਨੀਆਂ ਦੀ ਗਿਣਤੀ ਗਾਜ਼ਾ ਪੱਟੀ ਅਤੇ ਪੱਛਮੀ ਕੰਢੇ ਤੱਕ ਹੀ ਸੀਮਤ ਹੋ ਗਈ ਸੀ। ਬਾਕੀ ਦੇ ਲੋਕ ਗੁਆਂਢੀ ਦੇਸ਼ਾਂ ਜਾਰਡਨ, ਸੀਰੀਆ ਅਤੇ ਸ਼ਰਨਾਰਥੀਆਂ ਵਜੋਂ ਰਹਿਣ ਲੱਗ ਪਏ ਸਨ। ਇੱਥੇ ਇੱਕ ਗੱਲ ਧਿਆਨ ਦੇਣ ਯੋਗ ਹੈ ਕਿ ਅਰਬ ਦੇਸ਼ਾਂ ਨੇ ਇਜ਼ਰਾਈਲ ਨੂੰ ਹਰਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਸੀ ਪਰ ਯਹੂਦੀਆਂ ਲਈ ਇਹ ਕਰੋ ਜਾਂ ਮਰੋ ਵਾਲੀ ਸਥਿਤੀ ਸੀ, ਯਹੂਦੀਆਂ ਨੇ ਅਰਬ ਦੇਸ਼ਾਂ ਨੂੰ ਪਿੱਛੇ ਹਟਣ ਲਈ ਮਜ਼ਬੂਰ ਕਰ ਦਿੱਤਾ। ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ ਦੁਨੀਆਂ ਭਰ ਵਿੱਚ ਯਹੂਦੀਆਂ ਦੀ ਗਿਣਤੀ ਸਿੱਖਾਂ ਨਾਲੋਂ ਘੱਟ ਹੈ, ਯਹੂਦੀ ਮੰਨਦੇ ਹਨ ਕਿ ਵਿਗਿਆਨ, ਟੈਕਨਾਲੋਜੀ ਅਤੇ ਸਿੱਖਿਆ ਰਾਹੀਂ ਆਪਣੇ ਆਪ ਨੂੰ ਇੰਨਾ ਮਜ਼ਬੂਤ ​​ਬਣਾਓ ਕਿ ਲੋਕ ਤੁਹਾਡੇ ਤੋਂ ਡਰਨ ਭਾਵੇਂ ਤੁਸੀਂ ਗਿਣਤੀ ਵਿੱਚ ਘੱਟ ਹੋਵੋ। ਦੁਨੀਆ ਦਾ ਮਹਾਨ ਵਿਗਿਆਨੀ ਅਲਬਰਟ ਆਇਨਸਟਾਈਨ ਵੀ ਇੱਕ ਯਹੂਦੀ ਸੀ। ਹਿਟਲਰ ਦੇ ਡਰ ਕਾਰਨ ਉਨ੍ਹਾਂ ਨੂੰ ਪਿੱਛੇ ਹਟਣਾ ਪਿਆ ਸੀ ਅਤੇ ਉਨ੍ਹਾਂ ਪੱਛਮੀ ਦੇਸ਼ਾਂ ਵਿੱਚ ਸ਼ਰਨ ਲਈ। ਹਿਟਲਰ ਯਹੂਦੀਆਂ ਨੂੰ ਕਿਉਂ ਖਤਮ ਕਰਨਾ ਚਾਹੁੰਦਾ ਸੀ ਇਸਤੇ ਵੀ ਇੱਕ ਵੱਖਰਾ ਲੇਖ ਬਾਅਦ ਵਿਚ ਪੇਸ਼ ਕਰਾਂਗੇ। 

ਹੁਣ ਹਮਾਸ ਬਾਰੇ ਗੱਲ ਕਰੀਏ
ਕੁਝ ਸਾਲਾਂ ਬਾਅਦ ਇਜ਼ਰਾਈਲ ਨੇ ਮਿਸਰ ਦੇ ਸਿਨਾਈ ਖੇਤਰ ਨੂੰ ਛੱਡ ਦਿੱਤਾ। 2005 ਵਿੱਚ ਉਸਨੇ ਗਾਜ਼ਾ ਤੋਂ ਆਪਣੀ ਫੌਜ ਅਤੇ ਹਜ਼ਾਰਾਂ ਨਾਗਰਿਕਾਂ ਨੂੰ ਵਾਪਸ ਲੈ ਲਿਆ। 2007 ਤੋਂ ਗਾਜ਼ਾ ਪੱਟੀ ਉੱਤੇ ਹਮਾਸ ਦਾ ਕੰਟਰੋਲ ਹੈ। ਇਸ ਲਈ ਫਲਸਤੀਨੀ ਲੋਕ ਮੁੱਖ ਤੌਰ 'ਤੇ ਗਾਜ਼ਾ ਅਤੇ ਪੱਛਮੀ ਕੰਢੇ ਵਿੱਚ ਰਹਿੰਦੇ ਹਨ। ਦੁਨੀਆ ਇਹਨਾਂ ਦੋਨਾਂ ਖੇਤਰਾਂ ਨੂੰ ਫਲਸਤੀਨ ਦੇ ਰੂਪ ਵਿੱਚ ਜਾਣਦੀ ਹੈ। ਇਹ ਦੇਸ਼ ਸਿਰਫ਼ ਇੱਕ ਹੀ ਨਾਮ ਨਾਲ ਬਚਿਆ ਹੈ ਕਿਉਂਕਿ ਇਸ ਕੋਲ ਨਾ ਤਾਂ ਆਪਣੀ ਫੌਜ ਹੈ, ਨਾ ਹਵਾਈ ਸੈਨਾ ਅਤੇ ਨਾ ਹੀ ਹਥਿਆਰਾਂ ਦਾ ਕਬਜ਼ਾ ਹੈ, ਇਜ਼ਰਾਈਲ ਅਸਿੱਧੇ ਤੌਰ 'ਤੇ ਇੱਥੇ ਵੀ ਨਜ਼ਰ ਰੱਖਦਾ ਹੈ। ਜੇਕਰ ਇਹਨਾਂ ਇਲਾਕਿਆਂ ਤੋਂ ਕੋਈ ਹਮਲਾ ਹੁੰਦਾ ਹੈ ਤਾਂ ਉਹ ਸਿਰਫ਼ ਪੱਥਰਬਾਜ਼ੀ ਤੋਂ ਲੈ ਕੇ ਰਾਕੇਟ ਤੱਕ ਸੀਮਤ ਹੁੰਦਾ ਹੈ।

ਗਾਜ਼ਾ ਪੱਟੀ ਹਮਾਸ ਦੇ ਨਿਯੰਤਰਣ ਵਿੱਚ ਹੈ, ਦੁਨੀਆ ਹਮਾਸ ਨੂੰ ਇੱਕ ਅੱਤਵਾਦੀ ਸਮੂਹ ਵਜੋਂ ਜਾਣਦੀ ਹੈ। ਗਾਜ਼ਾ ਪੱਟੀ 'ਤੇ ਇਜ਼ਰਾਈਲ ਦੁਆਰਾ ਨਾਕਾਬੰਦੀ ਕਰ ਦਿੱਤੀ ਗਈ ਹੈ।ਇਹ ਸੰਗਠਨ ਇਸ ਖੇਤਰ ਦੇ ਪ੍ਰਸ਼ਾਸਨ ਤੋਂ ਹੋਰ ਸਾਰੀਆਂ ਚੀਜ਼ਾਂ ਨੂੰ ਸੰਭਾਲਦਾ ਹੈ। ਹਮਾਸ ਨੂੰ ਇੱਕ ਅੱਤਵਾਦੀ ਸਮੂਹ ਘੋਸ਼ਿਤ ਕੀਤਾ ਗਿਆ ਹੈ। ਈਰਾਨ ਹਮਾਸ ਦਾ ਸਭ ਤੋਂ ਵੱਡਾ ਸਮਰਥਕ ਹੈ। ਇਹ ਇਸ ਨੂੰ ਆਰਥਿਕ ਮਦਦ ਦੇ ਨਾਲ-ਨਾਲ ਹਥਿਆਰ ਅਤੇ ਸਿਖਲਾਈ ਦੀਆਂ ਸਹੂਲਤਾਂ ਵੀ ਦਿੰਦਾ ਹੈ, ਕਿਹਾ ਜਾਂਦਾ ਹੈ ਕਿ ਹਮਾਸ ਦੇ ਲੜਾਕਿਆਂ ਨੇ ਗਾਜ਼ਾ ਪੱਟੀ ਦੇ ਅੰਦਰ ਖਾਸ ਕਿਸਮ ਦੀਆਂ ਸੁਰੰਗਾਂ ਬਣਾਈਆਂ ਹੈ, ਇੱਥੇ ਹਥਿਆਰ ਰੱਖੇ ਜਾਂਦੇ ਹਨ ਅਤੇ ਹੋਰ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਇਜ਼ਰਾਈਲ ਅਤੇ ਗਾਜ਼ਾ ਪੱਟੀ ਦੀ ਸਰਹੱਦ 'ਤੇ ਲਗਾਈਆਂ ਗਈਆਂ ਕੰਡਿਆਲੀ ਤਾਰਾਂ ਨੂੰ ਹਮਾਸ ਦੇ ਲੜਾਕੇ ਤੋੜ ਕੇ, ਪਾਰ ਕਰਕੇ ਇਜ਼ਰਾਈਲ 'ਤੇ ਹਮਲਾ ਕਰਦੇ। ਪੈਰਾਸ਼ੂਟ ਦੀ ਵਰਤੋਂ ਕਰਦੇ ਹੋਏ ਜਿਸ ਨੂੰ ਵੀ ਉਹ ਚਾਹੁੰਦੇ ਮਾਰ ਦਿੰਦੇ ਅਤੇ ਸੈਂਕੜੇ ਲੋਕਾਂ ਨੂੰ ਅਗਵਾ ਕਰ ਲੈਂਦੇ ਅਤੇ ਇਜ਼ਰਾਈਲ 'ਤੇ ਸੈਂਕੜੇ ਰਾਕੇਟ ਵੀ ਦਾਗਦੇ, ਇਸ ਤੋਂ ਪਰੇਸ਼ਾਨ ਇਜ਼ਰਾਈਲ ਨੂੰ ਆਪਣਾ ਮੋਰਚਾ ਖੋਲ੍ਹਣ ਦਾ ਮੌਕਾ ਚਾਹੀਦਾ ਸੀ। ਹੁਣ ਹਮਾਸ ਦੇ ਰਾਕੇਟ ਇਜ਼ਰਾਈਲ ਦੇ ਸਾਹਮਣੇ ਫੇਲ ਹੋ ਗਏ, ਜਿਸ ਕੋਲ ਫੌਜੀ ਅਤੇ ਹਵਾਈ ਸੈਨਾ ਦੀ ਤਾਕਤ ਹੈ। ਇਹ ਹਮਾਸ ਦੇ ਰਾਕੇਟ ਹੀ ਹਨ ਜੋ ਅਨੇਕਾਂ ਤਸਵੀਰਾਂ 'ਚ ਅਸਮਾਨ 'ਚ ਆਤਿਸ਼ਬਾਜ਼ੀ ਵਾਂਗ ਦਿਖਾਈ ਦਿੰਦੇ ਹਨ। ਜਿਸਨੂੰ ਇਜ਼ਰਾਈਲ ਦਾ ਏਅਰ ਡਿਫੈਂਸ ਸਿਸਟਮ ਫੇਲ ਕਰ ਦਿੰਦਾ ਹੈ। ਦੁਨੀਆ ਇਸ ਸਿਸਟਮ ਨੂੰ ਆਇਰਨ ਡੋਮ ਦੇ ਨਾਂ ਨਾਲ ਜਾਣਦੀ ਹੈ। ਇਸ ਆਇਰਨ ਡੋਮ ਤੋਂ ਨਿਕਲ ਕੇ ਕੁਝ ਰਾਕੇਟ ਇਜ਼ਰਾਈਲ 'ਚ ਡਿੱਗਦੇ ਹਨ, ਜੋ ਘੱਟ ਨੁਕਸਾਨ ਪਹੁੰਚਾਉਂਦੇ ਹਨ। 



ਹੁਣ ਇਜ਼ਰਾਈਲ ਨੇ ਹਮਾਸ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦਾ ਫੈਸਲਾ ਕੀਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਇਜ਼ਰਾਈਲ ਨੇ ਸਰਗਰਮ ਫੌਜ ਦੀ ਵਰਤੋਂ ਕੀਤੀ ਹੈ। ਇਸ ਦੇ ਨਾਲ ਹੀ ਰਿਜ਼ਰਵ ਆਰਮੀ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਰਿਜ਼ਰਵ ਆਰਮੀ ਦਾ ਮਤਲਬ ਹੈ ਕਿ ਇਜ਼ਰਾਈਲ ਦੇ ਹਰ ਨਾਗਰਿਕ ਨੂੰ ਹਥਿਆਰਾਂ ਦੀ ਵਰਤੋਂ ਕਰਨੀ ਸਿਖਾਈ ਜਾਂਦੀ ਹੈ। ਦੁਨੀਆ ਭਰ ਵਿੱਚ ਫੈਲੇ ਇਜ਼ਰਾਈਲੀ ਆਪਣੇ ਦੇਸ਼ ਵਾਪਸ ਆ ਰਹੇ ਹਨ। ਭਾਰਤ ਵਿੱਚ ਹਿਮਾਚਲ ਪ੍ਰਦੇਸ਼ ਦੀ ਧਰਮਸ਼ਾਲਾ ਵਿੱਚ ਵੀ ਵੱਡੀ ਗਿਣਤੀ ਵਿੱਚ ਇਜ਼ਰਾਈਲੀ ਰਹਿੰਦੇ ਹਨ, ਉਹ ਵੀ ਇੱਕਜੁੱਟ ਹੋਣ ਲੱਗੇ ਹਨ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਦੇਸ਼ ਨੂੰ ਉਹਨਾਂ ਦੀ ਲੋੜ ਹੈ।

ਹੁਣ ਗੱਲ ਕਰੀਏ ਗਾਜ਼ਾ ਪੱਟੀ ਦੀ
ਗਾਜ਼ਾ ਇਜ਼ਰਾਈਲ ਅਤੇ ਮੈਡੀਟੇਰੀਅਨ ਸਾਗਰ ਦੇ ਵਿਚਕਾਰ ਸਥਿਤ ਜ਼ਮੀਨ ਦਾ ਇੱਕ ਟੁਕੜਾ ਹੈ, ਜਿਸਨੂੰ ਅਸੀਂ ਗਾਜ਼ਾ ਪੱਟੀ ਦੇ ਨਾਮ ਨਾਲ ਜਾਣਦੇ ਹਾਂ। ਇਹ ਫਲਸਤੀਨ ਖੇਤਰ ਦੇ ਦੋ ਹਿੱਸਿਆਂ ਵਿੱਚੋਂ ਇੱਕ ਹੈ। ਦੂਜਾ ਪੱਛਮੀ ਕਿਨਾਰਾ ਹੈ। ਗਾਜ਼ਾ ਪੱਟੀ 41 ਕਿਲੋਮੀਟਰ ਲੰਬੀ ਹੈ ਅਤੇ 10 ਕਿਲੋਮੀਟਰ ਚੌੜਾ, ਇਹ ਮਿਸਰ ਅਤੇ ਇਜ਼ਰਾਈਲ ਨਾਲ ਸਰਹੱਦਾਂ ਸਾਂਝੀਆਂ ਕਰਦਾ ਹੈ। ਇਸਦੀ ਆਬਾਦੀ 20 ਲੱਖ ਤੋਂ ਵੱਧ ਹੈ, ਇੱਥੇ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇਜ਼ਰਾਈਲੀ ਹਮਲੇ ਲਗਾਤਾਰ ਜਾਰੀ ਹਨ, ਹੁਣ ਇੱਥੇ ਸੰਕਟ ਇੰਨੇ ਡੂੰਘੇ ਹੋ ਗਏ ਹਨ ਕਿ ਲੋਕ ਨਾ ਤਾਂ ਘਰ ਦੇ ਅੰਦਰ ਸੁਰੱਖਿਅਤ ਹਨ ਅਤੇ ਨਾ ਹੀ ਘਰ ਦੇ ਬਾਹਰ। ਇੱਥੇ ਬਿਜਲੀ ਅਤੇ ਪਾਣੀ ਪਹਿਲਾਂ ਹੀ ਲੋੜ ਤੋਂ ਘੱਟ ਹੈ। ਹੁਣ ਲੋਕਾਂ ਨੂੰ ਪਾਣੀ, ਬਿਜਲੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇੱਥੋਂ ਤੱਕ ਕਿ ਲੋਕ ਬਿਨਾਂ ਇਲਾਜ ਤੋਂ ਹਸਪਤਾਲਾਂ ਵਿੱਚ ਮਰਨ ਲੱਗੇ ਹਨ। ਜਿਆਦਾਤਰ ਬੁੱਢੇ ਅਤੇ ਬੱਚੇ ਜੰਗ ਦਾ ਖਮਿਆਜ਼ਾ ਭੁਗਤ ਰਹੇ ਹਨ। ਇਜ਼ਰਾਈਲ ਦੀ ਕਾਰਵਾਈ ਹੋਰ ਤਿੱਖੀ ਹੁੰਦੀ ਜਾ ਰਹੀ ਹੈ, ਅਰਬ ਦੇਸ਼ ਮਿਸਰ ਗਾਜ਼ਾ ਪੱਟੀ ਦੇ ਗੁਆਂਢ 'ਚ ਹੈ। ਇਜ਼ਰਾਈਲ ਮਿਸਰ ਨੂੰ ਪਸੰਦ ਨਹੀਂ ਕਰਦਾ, ਇਸ ਲਈ ਇਜ਼ਰਾਈਲ ਨੇ ਧਮਕੀ ਵੀ ਦਿੱਤੀ ਕਿ ਜੇਕਰ ਮਿਸਰ ਦਾ ਇੱਕ ਟਰੱਕ ਵੀ ਗਾਜ਼ਾ ਵਿੱਚ ਦਾਖਲ ਹੋਇਆ ਤਾਂ ਉਸ 'ਤੇ ਬੰਬ ਸੁੱਟੇ ਜਾਣਗੇ। ਸੋਚੋ ਕਿ ਅਰਬ ਦੇਸ਼ ਯਹੂਦੀਆਂ ਤੋਂ ਕਿੰਨੇ ਡਰਦੇ ਹਨ। ਸੀਰੀਆ ਨੇ ਵੀ ਹਮਾਸ ਦੇ ਲੜਾਕਿਆਂ ਦੀ ਮਦਦ ਕਰਨ ਬਾਰੇ ਕੁਝ ਨਹੀਂ ਕਿਹਾ, ਇਜ਼ਰਾਈਲ ਨੇ ਉਸ ਦਿਸ਼ਾ 'ਚ ਵੀ ਰਾਕੇਟ ਦਾਗੇ, ਇਹ ਚੇਤਾਵਨੀ ਦੇਣ ਲਈ ਕਿ ਸਾਡਾ ਮਕਸਦ ਹਮਾਸ ਨੂੰ ਪੂਰੀ ਤਰ੍ਹਾਂ ਤਬਾਹ ਕਰਨਾ ਅਤੇ ਗਾਜ਼ਾ ਪੱਟੀ 'ਤੇ ਕਬਜ਼ਾ ਕਰਨਾ ਹੈ। 

ਹੁਣ ਗੱਲ ਕਰੀਏ ਯਰੂਸ਼ਲਮ ਅਤੇ ਯਹੂਦੀਆਂ ਵੱਲੋਂ ਇਜ਼ਰਾਈਲ ਨੂੰ ਆਪਣਾ ਦੇਸ਼ ਐਲਾਨਣ ਦੀ
ਜਦੋਂ ਫਲਸਤੀਨ ਵਿੱਚ ਯਹੂਦੀ ਰਾਜ ਇਜ਼ਰਾਈਲ ਬਣਾਉਣ ਦੀ ਗੱਲ ਚੱਲ ਰਹੀ ਸੀ ਤਾਂ ਯੇਰੂਸ਼ਲਮ ਸ਼ਹਿਰ ਦਾ ਮਾਲਕ ਕੌਣ ਹੋਵੇਗਾ ਇਸ ਗੱਲ ਨੂੰ ਲੈ ਕੇ ਭਾਰੀ ਝਗੜਾ ਹੋਇਆ ਸੀ, ਤਦ ਸੰਯੁਕਤ ਰਾਸ਼ਟਰ ਨੇ ਇਸਨੂੰ ਅੰਤਰਰਾਸ਼ਟਰੀ ਸ਼ਹਿਰ ਘੋਸ਼ਿਤ ਕਰ ਦਿੱਤਾ ਸੀ ਅਤੇ ਇਸਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਇਹ ਸ਼ਹਿਰ ਬਹੁਤ ਇਤਿਹਾਸਕ ਮਹੱਤਤਾ ਰੱਖਦਾ ਹੈ। ਯਰੂਸ਼ਲਮ ਈਸਾਈ, ਯਹੂਦੀਆਂ ਅਤੇ ਮੁਸਲਮਾਨਾਂ ਲਈ ਇੱਕ ਪਵਿੱਤਰ ਸ਼ਹਿਰ ਹੈ। ਯਰੂਸ਼ਲਮ ਪੱਛਮੀ ਕੰਢੇ ਦੇ ਨੇੜੇ ਇੱਕ ਛੋਟਾ ਜਿਹਾ ਇਲਾਕਾ ਹੈ। 'ਦ ਚਰਚ ਆਫ਼ ਦਾ ਹੋਲੀ ਸੇਪਲਚਰ' ਯੇਰੂਸ਼ਲਮ ਦੇ ਈਸਾਈ ਖੇਤਰ ਵਿੱਚ ਹੈ। ਇਹ ਦੁਨੀਆ ਭਰ ਦੇ ਈਸਾਈਆਂ ਲਈ ਵਿਸ਼ਵਾਸ ਦਾ ਕੇਂਦਰ ਹੈ। ਇਹ ਇੱਥੇ ਹੈ ਕਿ ਯਿਸੂ ਮਸੀਹ ਨੂੰ ਸਲੀਬ ਦਿੱਤੀ ਗਈ ਸੀ। ਇਹ ਦੁਨੀਆ ਭਰ ਦੇ ਲੱਖਾਂ ਈਸਾਈਆਂ ਲਈ ਧਾਰਮਿਕ ਵਿਸ਼ਵਾਸ ਦਾ ਮੁੱਖ ਕੇਂਦਰ ਹੈ।


ਮੁਸਲਮਾਨਾਂ ਲਈ, ਇਹ ਇਲਾਕਾ ਮੱਕਾ ਅਤੇ ਮਦੀਨਾ ਤੋਂ ਬਾਅਦ ਸਭ ਤੋਂ ਪਵਿੱਤਰ ਸਥਾਨ ਹੈ, ਮਸਜਿਦ ਅਲ ਅਕਸਾ ਇੱਥੇ ਸਥਿਤ ਹੈ, ਮੁਸਲਮਾਨਾਂ ਦਾ ਮੰਨਣਾ ਹੈ ਕਿ ਪੈਗੰਬਰ ਮੁਹੰਮਦ ਨੇ ਮੱਕਾ ਤੋਂ ਬਾਅਦ ਇੱਥੇ ਯਾਤਰਾ ਕੀਤੀ ਸੀ। ਮੁਸਲਮਾਨ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਪਵਿੱਤਰ ਸਥਾਨ 'ਤੇ ਆਉਂਦੇ ਹਨ। ਇਹ ਇਲਾਕਾ ਯਹੂਦੀਆਂ ਲਈ ਵੀ ਪਵਿੱਤਰ ਹੈ ਕਿਉਂਕਿ ਇੱਥੇ ਪਹਾੜ ਦੀ ਕੰਧ ਹੈ, ਇਹ ਮੰਨਿਆ ਜਾਂਦਾ ਹੈ ਕਿ ਯਹੂਦੀਆਂ ਦਾ ਪਵਿੱਤਰ ਮੰਦਿਰ ਕਿਸੇ ਸਮੇਂ ਇਸ ਸਥਾਨ 'ਤੇ ਸੀ। ਯਹੂਦੀਆਂ ਦਾ ਮੰਨਣਾ ਹੈ ਕਿ ਇਹ ਉਹ ਥਾਂ ਹੈ ਜਿੱਥੋਂ ਸੰਸਾਰ ਦੀ ਰਚਨਾ ਹੋਈ ਸੀ ਅਤੇ ਇਹ ਇੱਥੇ ਹੈ ਪਰ ਪੈਗੰਬਰ ਇਬਰਾਹਿਮ ਨੇ ਆਪਣੇ ਪੁੱਤਰ ਇਸਹਾਕ ਨੂੰ ਕੁਰਬਾਨ ਕਰਨ ਲਈ ਤਿਆਰ ਕੀਤਾ ਸੀ। ਹਰ ਸਾਲ ਲੱਖਾਂ ਯਹੂਦੀ ਇੱਥੇ ਆਉਂਦੇ ਹਨ, ਇਸੇ ਕਰਕੇ ਯਹੂਦੀਆਂ ਨੂੰ ਲੱਗਦਾ ਹੈ ਕਿ ਇਹ ਉਹਨਾਂ ਦੇ ਬਜ਼ੁਰਗਾਂ ਦੀ ਜਗ੍ਹਾ ਹੈ। ਇਸੇ ਲਈ ਇਜ਼ਰਾਈਲ ਬਣਾਇਆ ਗਿਆ ਸੀ। 

ਇੱਕ ਗੱਲ ਹੋਰ ਦਿਲਚਸਪ ਹੈ ਕਿ ਬਾਬਾ ਸ਼ੇਖ ਫਰੀਦ ਜੀ ਦਾ ਯਰੂਸ਼ਲਮ ਸ਼ਹਿਰ ਨਾਲ ਵੀ ਸਬੰਧ ਰਿਹਾ ਹੈ, ਇੱਥੇ ਪੁਰਾਣੇ ਸ਼ਹਿਰ ਵਿੱਚ ਇੰਡੀਅਨ ਹਸਪਤਾਲ ਨਾਂ ਦੀ ਜਗ੍ਹਾ ਹੈ। ਮੰਨਿਆ ਜਾਂਦਾ ਹੈ ਕਿ ਬਾਬਾ ਸ਼ੇਖ ਫਰੀਦ ਸੈਂਕੜੇ ਸਾਲ ਪਹਿਲਾਂ ਇੱਥੇ ਆਏ ਸਨ। ਫਿਰ ਕੁਝ ਸਾਲਾਂ ਬਾਅਦ ਉਹ ਪੰਜਾਬ ਆ ਗਏ, ਜਿੱਥੇ ਉਹ ਜੋਤੀ-ਜੋਤਿ ਸਮਾਏ ਸਨ। 

ਹੁਣ ਗੱਲ ਕਰੀਏ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਦੀ।
ਮੋਸਾਦ ਨੂੰ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਖੁਫੀਆ ਏਜੰਸੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ...ਇਸ ਦੇ ਏਜੰਟ ਫਿਲਸਤੀਨੀ ਸਮੂਹਾਂ ਤੋਂ ਇਲਾਵਾ ਲੇਬਨਾਨ, ਸੀਰੀਆ ਅਤੇ ਦੁਨੀਆ ਭਰ ਵਿੱਚ ਹਰ ਥਾਂ ਮੌਜੂਦ ਹਨ। ਕਿਵੇਂ ਦੁਸ਼ਮਣਾਂ ਨੂੰ ਪਲਕ ਝਪਕਦਿਆਂ ਹੀ ਮਾਰਿਆ ਜਾਵੇ, ਇਹ ਏਜੰਸੀ ਇਸ ਵਿੱਚ ਮਾਹਰ ਹੈ। ਜੀ ਹਾਂ,ਪਰ ਇਸ ਵਾਰ ਇਹ ਏਜੰਸੀ ਸਵਾਲਾਂ ਦੇ ਘੇਰੇ ਵਿੱਚ ਹੈ। ਗਾਜ਼ਾ ਪੱਟੀ ਅਤੇ ਇਜ਼ਰਾਈਲ ਦੀ ਸਰਹੱਦ 'ਤੇ ਮਜ਼ਬੂਤ ​​ਕੰਡਿਆਲੀ ਤਾਰ ਲੱਗੀ ਹੋਈ ਹੈ। ਕੈਮਰੇ, ਜ਼ਮੀਨੀ ਮੋਸ਼ਨ ਸੈਂਸਰ ਅਤੇ ਇੱਕ ਫੌਜ ਦੀ ਲਗਾਤਾਰ ਗਸ਼ਤ ਦੇ ਵਿਚਕਾਰ ਘੁਸਪੈਠ ਦੀ ਸੰਭਾਵਨਾ ਬਹੁਤ ਘੱਟ ਸੀ, ਪਰ ਇਨ੍ਹਾਂ ਲੜਾਕਿਆਂ ਨੇ ਬੁਲਡੋਜ਼ਰਾਂ ਨਾਲ ਇਹਨਾਂ ਕੰਧਾਂ ਨੂੰ ਢਾਹ ਦਿੱਤਾ, ਤਾਰਾਂ ਕੱਟ ਦਿੱਤੀਆਂ ਅਤੇ ਪੈਰਾਗਲਾਈਡਰਾਂ ਦੀ ਮਦਦ ਨਾਲ ਇਜ਼ਰਾਈਲ ਵਿੱਚ ਦਾਖਲ ਹੋ ਗਏ। ਇਜ਼ਰਾਈਲ ਦੇ ਨੱਕ ਹੇਠ ਐਨਾ ਵੱਡਾ ਹਮਲਾ ਕੀਤਾ ਗਿਆ, ਹਜ਼ਾਰਾਂ ਰਾਕੇਟ ਦਾਗੇ ਗਏ, ਇਸ ਸਭ ਦੇ ਵਿਚਕਾਰ ਮੋਸਾਦ ਦੀ ਭੂਮਿਕਾ 'ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ।

ਕਿਹੜੇ ਦੇਸ਼ ਇਜ਼ਰਾਈਲ ਦੇ ਨਾਲ ਹਨ, ਕਿਹੜੇ ਦੇਸ਼ ਇਸਦੇ ਵਿਰੁੱਧ ਹਨ, ਭਾਰਤ ਦਾ ਕੀ ਸਟੈਂਡ ਹੈ?
ਅਮਰੀਕਾ, ਫਰਾਂਸ, ਬ੍ਰਿਟੇਨ ਤੋਂ ਇਲਾਵਾ ਜਰਮਨੀ, ਇਟਲੀ ਸਮੇਤ ਕਈ ਪੱਛਮੀ ਦੇਸ਼ ਇਜ਼ਰਾਈਲ ਦੇ ਨਾਲ ਹਨ...ਦੂਜੇ ਪਾਸੇ ਅਰਬ ਦੇਸ਼ ਜਾਰਡਨ, ਸੀਰੀਆ, ਸਾਊਦੀ ਅਰਬ, ਮਿਸਰ, ਈਰਾਨ ਸਾਰੇ ਫਲਸਤੀਨ ਦੇ ਨਾਲ ਹਨ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਨੇ ਹਮੇਸ਼ਾ ਇਜ਼ਰਾਈਲ ਅਤੇ ਫਲਸਤੀਨ ਦੋਵਾਂ ਦੀ ਹਮਾਇਤ ਕੀਤੀ ਹੈ, ਪਰ ਅੱਤਵਾਦ ਵਿਰੁੱਧ ਉਸ ਦਾ ਸਟੈਂਡ ਹਮੇਸ਼ਾ ਸਪੱਸ਼ਟ ਰਿਹਾ ਹੈ। ਭਾਰਤ ਹਮੇਸ਼ਾ ਅੱਤਵਾਦ ਦੇ ਖਿਲਾਫ ਖੜ੍ਹਾ ਰਿਹਾ ਹੈ, ਇਜ਼ਰਾਈਲ ਨਾਲ ਭਾਰਤ ਦੇ ਰਿਸ਼ਤੇ ਹਮੇਸ਼ਾ ਚੰਗੇ ਰਹੇ ਹਨ। ਇਜ਼ਰਾਈਲ ਦਾ ਭਾਰਤ ਨਾਲ 7.5 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦਾ ਵਪਾਰ ਹੈ। ਇਸ ਤੋਂ ਇਲਾਵਾ ਭਾਰਤ ਵੱਡੀ ਮਾਤਰਾ 'ਚ ਇਜ਼ਰਾਈਲ ਤੋਂ ਹਥਿਆਰ ਖਰੀਦਦਾ ਹੈ। ਇਸ ਦੇ ਬਾਵਜੂਦ ਭਾਰਤ ਇਜ਼ਰਾਈਲ ਦੀ ਵਿਸਤਾਰਵਾਦੀ ਨੀਤੀ ਦਾ ਸਮਰਥਨ ਕਰਨ ਤੋਂ ਹਮੇਸ਼ਾ ਪਿੱਛੇ ਹਟਦਾ ਰਿਹਾ ਹੈ। 

ਹੁਣ ਸਵਾਲ ਇਹ ਹੈ ਕਿ ਕੀ ਭਾਰਤ ਫਲਸਤੀਨ ਦੇ ਨਾਲ ਹੈ ਜਾਂ ਨਹੀਂ। ਇਹ ਸਪੱਸ਼ਟ ਹੈ ਕਿ ਭਾਰਤ ਦਾ ਫਲਸਤੀਨ ਨਾਲ ਕੋਈ ਸਿੱਧਾ ਫਾਇਦਾ ਨਹੀਂ ਹੈ। ਪਰ ਇਸ ਦਾ ਸਮਰਥਨ ਕਰਨ ਨਾਲ ਅਰਬ ਦੇਸ਼ਾਂ ਨਾਲ ਇਸ ਦੇ ਸਬੰਧ ਸੁਧਰ ਜਾਣਗੇ। ਤੇਲ, ਗੈਸ ਵਰਗੀਆਂ ਚੀਜ਼ਾਂ ਦੀ ਦਰਾਮਦ ਹੁੰਦੀ ਰਹੇਗੀ ਅਤੇ ਭਾਰਤ ਤੋਂ ਦਰਾਮਦ ਵੀ ਜਾਰੀ ਰਹੇਗੀ। ਅਰਬ ਦੇਸ਼ਾਂ ਵਿੱਚ ਲੱਖਾਂ ਭਾਰਤੀ ਕੰਮ ਕਰ ਰਹੇ ਹਨ। ਉਨ੍ਹਾਂ ਲਈ ਵੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਭਾਰਤ ਵੀ ਸ਼ੁਰੂ ਤੋਂ ਹੀ ਫਲਸਤੀਨ ਦਾ ਸਮਰਥਨ ਕਰਦਾ ਰਿਹਾ ਹੈ। ਸਾਲ 1947 'ਚ ਭਾਰਤ ਨੇ ਸੰਯੁਕਤ ਰਾਸ਼ਟਰ 'ਚ ਫਲਸਤੀਨ ਦੀ ਵੰਡ ਦੇ ਖਿਲਾਫ ਵੋਟ ਪਾਈ ਸੀ।

ਮੌਜੂਦਾ ਸਥਿਤੀ ਇਹ ਹੈ ਕਿ ਇਜ਼ਰਾਈਲ ਅਤੇ ਹਮਾਸ ਦੇ ਲੜਾਕਿਆਂ ਵਿਚਕਾਰ ਮੌਤ ਦੀ ਜੰਗ ਚੱਲ ਰਹੀ ਹੈ। ਗਾਜ਼ਾ ਪੱਟੀ 'ਚ ਰੋਜ਼ਾਨਾ ਧਮਾਕੇ ਹੋ ਰਹੇ ਹਨ, ਸ਼ਹਿਰ ਖੰਡਰ ਬਣ ਰਹੇ ਹਨ। ਇਹ ਦੇਖਣਾ ਜ਼ਰੂਰੀ ਹੈ ਕਿ ਇਸ ਜੰਗ 'ਚ ਕੌਣ ਜਿੱਤੇਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਖੂਨੀ ਜੰਗ 'ਚ ਬੇਕਸੂਰ ਲੋਕ ਜ਼ਿੰਦਗੀ ਦੀ ਜੰਗ ਹਾਰ ਰਹੇ ਹਨ।  

- PTC NEWS

Top News view more...

Latest News view more...