WhatsApp Fact Check : ਕੀ ਵਟਸਐਪ 'ਤੇ ਸਾਰੀਆਂ ਕਾਲਾਂ ਹੋਣਗੀਆਂ ਰਿਕਾਰਡ ਅਤੇ ਸੇਵ ? ਜਾਣੋ ਵਾਇਰਲ ਦਾਅਵੇ ਦੀ ਸੱਚਾਈ
WhatsApp Fact Check : ਦੁਨੀਆ ਭਰ ਦੇ ਕਰੋੜਾਂ ਲੋਕ ਇੱਕ ਦੂਜੇ ਨਾਲ ਗੱਲਬਾਤ ਕਰਨ ਲਈ ਵਟਸਐਪ ਦੀ ਵਰਤੋਂ ਕਰਦੇ ਹਨ। ਇਸ ਰਾਹੀਂ ਵੌਇਸ ਕਾਲਾਂ ਅਤੇ ਵੀਡੀਓ ਕਾਲਾਂ ਵੀ ਕੀਤੀਆਂ ਜਾਂਦੀਆਂ ਹਨ। ਇਸ ਦੌਰਾਨ ਭਾਰਤ ਵਿੱਚ ਇਨ੍ਹੀਂ ਦਿਨੀਂ ਇੱਕ ਮੈਸੇਜ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਨੇ ਵਟਸਐਪ ਕਾਲਾਂ ਅਤੇ ਵੀਡੀਓ ਕਾਲਾਂ ਸੰਬੰਧੀ ਨਵੇਂ ਨਿਯਮ ਬਣਾਏ ਹਨ। ਇਸ ਦੇ ਤਹਿਤ ਵੀ ਕਾਲਾਂ ਨੂੰ ਰਿਕਾਰਡ ਅਤੇ ਸੇਵ ਕੀਤਾ ਜਾਵੇਗਾ। ਵਟਸਐਪ, ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਸਮੇਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਰਕਾਰ ਨਿਗਰਾਨੀ ਰੱਖੇਗੀ। ਸਰਕਾਰ ਨੇ ਇਸ ਦਾਅਵੇ ਨੂੰ ਫਰਜ਼ੀ ਦੱਸਿਆ ਹੈ।
ਸਰਕਾਰ ਦੀ ਫੈਕਟ ਚੈੱਕ ਯੂਨਿਟ ਪੀਆਈਬੀ ਫੈਕਟ ਚੈੱਕ ਨੇ ਐਕਸ 'ਤੇ ਪੋਸਟ ਕੀਤਾ, "ਕੀ ਤੁਸੀਂ ਵੀ ਅਜਿਹੇ ਮੈਸੇਜ ਪੜ੍ਹੇ ਹਨ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਨੇ ਵਟਸਐਪ ਬਾਰੇ ਨਵੇਂ ਦਿਸ਼ਾ-ਨਿਰਦੇਸ਼ ਬਣਾਏ ਹਨ? ਪੀਆਈਬੀ ਫੈਕਟ ਚੈੱਕ ਵਿੱਚ ਇਹ ਜਾਣਕਾਰੀ ਜਾਅਲੀ ਪਾਈ ਗਈ ਹੈ। ਸਰਕਾਰ ਨੇ ਅਜਿਹਾ ਕੋਈ ਨਿਯਮ ਜਾਂ ਦਿਸ਼ਾ-ਨਿਰਦੇਸ਼ ਨਹੀਂ ਬਣਾਏ ਹਨ।"
ਇਸ ਦੇ ਨਾਲ ਹੀ ਇੱਕ ਮੈਸੇਜ ਵੀ ਪੋਸਟ ਕੀਤਾ ਗਿਆ ਹੈ ,ਜਿਸ ਵਿੱਚ ਵਟਸਐਪ ਬਾਰੇ ਕਈ ਤਰ੍ਹਾਂ ਦੇ ਝੂਠੇ ਦਾਅਵੇ ਕੀਤੇ ਗਏ ਹਨ। 11 ਪੁਆਇੰਟ ਵਾਲਾ ਇਹ ਮੈਸੇਜ ਕਹਿੰਦਾ ਹੈ ਕਿ ਕਿਸੇ ਨੂੰ ਵੀ ਗਲਤ ਮੈਸੇਜ ਨਾ ਭੇਜੋ। ਤੁਹਾਡੀ ਡਿਵਾਈਸ ਮੰਤਰਾਲੇ ਦੇ ਸਿਸਟਮ ਨਾਲ ਜੁੜੀ ਰਹੇਗੀ। ਸਰਕਾਰ ਜਾਂ ਪ੍ਰਧਾਨ ਮੰਤਰੀ ਵਿਰੁੱਧ ਕੋਈ ਗਲਤ ਸੁਨੇਹਾ ਜਾਂ ਵੀਡੀਓ ਨਾ ਭੇਜੋ।
ਜੇਕਰ ਤੁਸੀਂ ਖ਼ਰਾਬ ਰਾਜਨੀਤਿਕ ਅਤੇ ਧਾਰਮਿਕ ਮੈਸੇਜ ਭੇਜਦੇ ਹੋ ਤਾਂ ਤੁਹਾਨੂੰ ਬਿਨਾਂ ਵਾਰੰਟ ਦੇ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਸਾਰੀਆਂ ਕਾਲਾਂ ਰਿਕਾਰਡ ਕੀਤੀਆਂ ਜਾਂਦੀਆਂ ਹਨ ਅਤੇ ਸੇਵ ਕੀਤੀਆਂ ਜਾਂਦੀਆਂ ਹਨ। ਹਾਲਾਂਕਿ, ਹੁਣ ਸਰਕਾਰ ਦੀ ਫੈਕਟ ਚੈੱਕ ਯੂਨਿਟ ਨੇ ਸਪੱਸ਼ਟ ਕੀਤਾ ਹੈ ਕਿ ਵਾਇਰਲ ਹੋ ਰਿਹਾ ਇਹ ਮੈਸੇਜ ਪੂਰੀ ਤਰ੍ਹਾਂ ਜਾਅਲੀ ਹੈ।
- PTC NEWS