Tarn Taran News : ਤਰਨਤਾਰਨ 'ਚ ਅਣ-ਮਨੁੱਖੀ ਕਾਰਾ! ਮੂੰਹ ਕਾਲਾ ਕਰਕੇ ਬਾਜ਼ਾਰ 'ਚ ਘੁਮਾਈ ਔਰਤ, ਵੀਡੀਓ ਬਣਾ ਕੇ ਕੀਤੀ ਵਾਇਰਲ, ਜਾਣੋ ਪੂਰਾ ਮਾਮਲਾ
Tarn Taran video : ਤਰਨਤਾਰਨ ਦੇ ਪਿੰਡ ਢੋਟੀਆਂ ਵਿਖੇ ਇੱਕ ਅਣ-ਮਨੁੱਖੀ ਵਰਤਾਰਾ ਸਾਹਮਣੇ ਆਇਆ ਹੈ, ਜਿਥੇ ਇੱਕ ਵਿਚੋਲਣ ਔਰਤ ਦਾ ਕੁੜੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੁੜੀ ਦੇ ਤਲਾਕ ਤੋਂ ਬਾਅਦ ਕੁੱਟਮਾਰ ਕਰਨ ਤੋਂ ਬਾਅਦ ਸਰੇਬਾਜ਼ਾਰ ਮੂੰਹ ਕਾਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਘਟਨਾ ਦੀ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ।
ਔਰਤ ਨੇ ਦੱਸਿਆ ਕੀ ਸੀ ਮਾਮਲਾ
ਪੀੜਤ ਔਰਤ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਲੋਕਾਂ ਵੱਲੋਂ ਆਪਣੀ ਕੁੜੀ ਦਾ ਰਿਸ਼ਤਾ ਕਰਵਾਉਣ ਲਈ ਕਿਹਾ ਗਿਆ, ਜਿਸ ਤੋਂ ਬਾਅਦ ਉਸ ਵੱਲੋਂ ਮੁੰਡੇ ਦੀ ਦੱਸ ਪਾਈ ਗਈ। ਕੁੜੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੁੰਡੇ ਵਾਲਿਆਂ ਦੇ ਘਰ ਖੁਦ ਜਾ ਕੇ ਦੇਖਾ-ਦਿਖਾਈ ਕੀਤੀ ਗਈ। ਉਸਨੂੰ ਦੱਸਿਆ ਤੱਕ ਨਹੀਂ ਗਿਆ। ਕੁੜੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਦੱਸੇ ਬਗੈਰ ਹੀ ਕੁੜੀ ਦਾ ਵਿਆਹ ਕਰ ਦਿੱਤਾ ਗਿਆ ਅਤੇ ਵਿਆਹ ਤੋਂ ਅਗਲੇ ਦਿਨ ਹੀ ਕੁੜੀ ਵਾਪਸ ਘਰ ਆ ਗਈ ਅਤੇ ਉਸਨੂੰ ਦੱਸੇ ਬਗੈਰ ਹੀ ਮੁੰਡੇ ਵਾਲਿਆਂ ਨਾਲ ਤਲਾਕ ਕਰ ਲਿਆ ਗਿਆ।
ਬਹਾਨੇ ਨਾਲ ਬੁਲਾ ਕੇ ਮੂੰਹ ਕਾਲਾ ਕਰਕੇ ਬਣਾਈ ਵੀਡੀਓ, ਸੋਸ਼ਲ ਮੀਡੀਆ 'ਤੇ ਕੀਤੀ ਵਾਇਰਲ
ਉਪਰੰਤ, ਕੁੜੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਉਸਦੇ ਘਰ ਦਾਖਲ ਹੋ ਕੇ ਉਸ ਨਾਲ ਕੁੱਟਮਾਰ ਕੀਤੀ ਗਈ। ਔਰਤ ਨੇ ਦੱਸਿਆ ਕਿ ਇਸ ਦੌਰਾਨ ਉਸਦੇ ਕਪੜੇ ਪਾੜ ਦਿੱਤੇ ਗਏ ਅਤੇ ਬਾਅਦ ਵਿੱਚ ਉਸਨੂੰ ਬਹਾਨੇ ਨਾਲ ਇਹ ਕਹਿ ਕੇ ਸੱਦਿਆ ਗਿਆ ਕਿ ਪੰਚਾਇਤ ਵੱਲੋਂ ਉਸਨੂੰ ਫ਼ੈਸਲੇ ਲਈ ਬੁਲਾਇਆ ਗਿਆ ਹੈ, ਪਰ ਜਦ ਉਹ ਗਲੀ ਦੇ ਚੋਰਾਹੇ 'ਤੇ ਪਹੁੰਚੀ ਤਾਂ ਉਥੇ ਕੋਈ ਵੀ ਪੰਚਾਇਤ ਮੌਜੂਦ ਨਹੀਂ ਸੀ। ਕੁੜੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਉਥੇ ਘੇਰ ਕੇ ਸਰੇਬਾਜ਼ਾਰ ਉਸਦੀ ਕੁੱਟਮਾਰ ਕਰਕੇ ਉਸਦਾ ਮੂੰਹ ਕਾਲਾ ਕਰ ਦਿੱਤਾ ਗਿਆ ਅਤੇ ਵੀਡੀਓ ਬਣਾ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਗਈ ਹੈ, ਜਿਸ ਤੋਂ ਬਾਅਦ ਉਹ ਪੁਲਿਸ ਪਾਸ ਪਹੁੰਚੀ ਹੈ ਅਤੇ ਆਪਣੇ ਬਿਆਨ ਦਰਜ ਕਰਵਾਏ ਜਾ ਰਹੇ ਹਨ। ਪੀੜਤ ਔਰਤ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਪੁਲਿਸ ਦਾ ਕੀ ਹੈ ਕਹਿਣਾ ?
ਉਧਰ, ਜਦੋਂ ਇਸ ਸਬੰਧ ਵਿੱਚ ਥਾਣਾ ਸਰਹਾਲੀ ਦੇ ਐਸਐਚਓ ਗੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਔਰਤ ਦੇ ਬਿਆਨ ਦਰਜ਼ ਕਰਕੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ।
- PTC NEWS