Odisha CM Mohan Manjhi: ਕੇਂਦਰ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਓਡੀਸ਼ਾ ਵਿੱਚ ਵੀ ਸਰਕਾਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਭਾਜਪਾ ਨੇ ਮੋਹਨ ਮਾਂਝੀ ਨੂੰ ਓਡੀਸ਼ਾ ਦਾ ਨਵਾਂ ਮੁੱਖ ਮੰਤਰੀ ਚੁਣ ਲਿਆ ਹੈ। ਉੜੀਸਾ ਵਿੱਚ ਵੀ ਭਾਜਪਾ ਨੇ ਇੱਕ ਮੁੱਖ ਮੰਤਰੀ ਅਤੇ ਦੋ ਉਪ ਮੁੱਖ ਮੰਤਰੀਆਂ ਦਾ ਫਾਰਮੂਲਾ ਲਾਗੂ ਕੀਤਾ ਹੈ। ਓਡੀਸ਼ਾ ਦੇ ਦੋ ਉਪ ਮੁੱਖ ਮੰਤਰੀ ਹੋਣਗੇ, ਜਿਨ੍ਹਾਂ ਵਿੱਚੋਂ ਇੱਕ ਮਹਿਲਾ ਹੈ। ਪਾਰਵਤੀ ਪਰੀਦਾ ਅਤੇ ਕੇਵੀ ਸਿੰਘ ਦਿਓ ਸੂਬੇ ਦੇ ਉਪ ਮੁੱਖ ਮੰਤਰੀ ਹੋਣਗੇ।ਓਡੀਸ਼ਾ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ, ਭਾਜਪਾ ਨੇ ਬਹੁਮਤ ਦਾ ਜਾਦੂਈ ਅੰਕੜਾ ਹਾਸਲ ਕੀਤਾ ਹੈ ਅਤੇ ਨਵੀਨ ਪਟਨਾਇਕ ਦੇ ਬੀਜੂ ਜਨਤਾ ਦਲ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਹੈ। ਨਵੀਨ ਪਟਨਾਇਕ ਸਾਲ 2000 ਤੋਂ 2024 ਤੱਕ ਲਗਾਤਾਰ ਸੂਬੇ ਦੇ ਮੁੱਖ ਮੰਤਰੀ ਰਹੇ। ਉਹ 24 ਸਾਲ 98 ਦਿਨ ਇਸ ਅਹੁਦੇ 'ਤੇ ਰਹੇ। ਹਾਲੀਆ ਚੋਣਾਂ 'ਚ ਕਾਮਯਾਬੀ ਮਿਲਣ ਤੋਂ ਬਾਅਦ ਭਾਜਪਾ ਨੇ ਹੁਣ ਮੋਹਨ ਮਾਂਝੀ ਨੂੰ ਮੁੱਖ ਮੰਤਰੀ ਚੁਣ ਲਿਆ ਹੈ। ਇਸ ਨਾਲ ਸੂਬੇ ਨੂੰ ਕਰੀਬ ਢਾਈ ਦਹਾਕਿਆਂ ਬਾਅਦ ਨਵਾਂ ਮੁੱਖ ਮੰਤਰੀ ਮਿਲਿਆ ਹੈ।ਮੋਹਨ ਮਾਂਝੀ ਦਲਿਤ ਸਮਾਜ ਤੋਂ ਆਉਂਦੇ ਹਨ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾ ਕੇ ਭਾਜਪਾ ਨੇ ਵੀ ਇਸ ਸਮਾਜ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਵੱਲ ਕਦਮ ਪੁੱਟੇ ਹਨ। ਮਾਂਝੀ ਨੇ ਓਡੀਸ਼ਾ ਦੀ ਕੇਓਂਝਾਰ ਸੀਟ ਤੋਂ ਵਿਧਾਨ ਸਭਾ ਚੋਣ ਜਿੱਤੀ ਸੀ ਅਤੇ ਇਹ ਸੀਟ ਅਨੁਸੂਚਿਤ ਜਾਤੀ ਲਈ ਰਾਖਵੀਂ ਹੈ। ਉਨ੍ਹਾਂ ਇਸ ਸੀਟ ਤੋਂ ਬੀਜੂ ਜਨਤਾ ਦਲ ਦੀ ਨੀਨਾ ਮਾਂਝੀ ਨੂੰ 11 ਹਜ਼ਾਰ 577 ਵੋਟਾਂ ਨਾਲ ਹਰਾਇਆ। 52 ਸਾਲਾ ਮਾਂਝੀ ਚਾਰ ਵਾਰ ਵਿਧਾਨ ਸਭਾ ਚੋਣਾਂ ਜਿੱਤ ਚੁੱਕੇ ਹਨ।