Tue, Dec 23, 2025
Whatsapp

ਪਟਿਆਲਾ ਜ਼ਿਲ੍ਹੇ 'ਚ ਧਾਰਮਿਕ ਅਸਥਾਨ, ਪੂਜਾ ਸਥਾਨ, ਹੋਟਲ, ਰੈਸਟੋਰੈਂਟਸ ਖੋਲ੍ਹਣ ਬਾਰੇ ਨਵੇਂ ਦਿਸ਼ਾ ਨਿਰਦੇਸ਼

Reported by:  PTC News Desk  Edited by:  Shanker Badra -- June 08th 2020 11:36 AM
ਪਟਿਆਲਾ ਜ਼ਿਲ੍ਹੇ 'ਚ ਧਾਰਮਿਕ ਅਸਥਾਨ, ਪੂਜਾ ਸਥਾਨ, ਹੋਟਲ, ਰੈਸਟੋਰੈਂਟਸ ਖੋਲ੍ਹਣ ਬਾਰੇ ਨਵੇਂ ਦਿਸ਼ਾ ਨਿਰਦੇਸ਼

ਪਟਿਆਲਾ ਜ਼ਿਲ੍ਹੇ 'ਚ ਧਾਰਮਿਕ ਅਸਥਾਨ, ਪੂਜਾ ਸਥਾਨ, ਹੋਟਲ, ਰੈਸਟੋਰੈਂਟਸ ਖੋਲ੍ਹਣ ਬਾਰੇ ਨਵੇਂ ਦਿਸ਼ਾ ਨਿਰਦੇਸ਼

ਪਟਿਆਲਾ ਜ਼ਿਲ੍ਹੇ 'ਚ ਧਾਰਮਿਕ ਅਸਥਾਨ, ਪੂਜਾ ਸਥਾਨ, ਹੋਟਲ, ਰੈਸਟੋਰੈਂਟਸ ਖੋਲ੍ਹਣ ਬਾਰੇ ਨਵੇਂ ਦਿਸ਼ਾ ਨਿਰਦੇਸ਼: ਪਟਿਆਲਾ : ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ 8 ਜੂਨ ਤੋਂ ਧਾਰਮਿਕ ਅਸਥਾਨਾਂ, ਪੂਜਾ ਸਥਾਨਾਂ, ਹੋਟਲ, ਰੈਸਟੋਰੈਂਟਸ ਸਮੇਤ ਹੋਰ ਪ੍ਰਾਹੁਣਚਾਰੀ ਸੇਵਾਵਾਂ ਅਤੇ ਸ਼ਾਪਿੰਗ ਮਾਲਜ ਆਮ ਲੋਕਾਂ ਲਈ ਖੋਲ੍ਹਣ ਬਾਰੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਾਗੂ ਰਹੇਗਾ। ਜ਼ਿਲ੍ਹਾ ਮੈਜਿਸਟਰੇਟ ਨੇ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਪੰਜਾਬ ਦੇ ਵਧੀਕ ਮੁੱਖ ਸਕੱਤਰ ਗ੍ਰਹਿ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਨ੍ਹਾਂ ਥਾਵਾਂ ਵਾਸਤੇ ਨਿਰਧਾਰਤ ਸੰਚਾਲਨ ਵਿਧੀ (ਐਸ.ਓ.ਪੀਜ) ਦੀ ਪਾਲਣਾਂ ਯਕੀਨੀ ਬਣਾਉਣ ਲਈ ਕਿਹਾ ਹੈ। ਇਨ੍ਹਾਂ ਥਾਵਾਂ 'ਤੇ ਹੱਥਾਂ ਦੀ ਸਫ਼ਾਈ, ਸਮਾਜਿਕ ਦੂਰੀ ਅਤੇ ਮਾਸਕ ਪਹਿਨਣੇ ਲਾਜਮੀ ਹੋਣਗੇ। ਪੰਜਾਬ ਸਰਕਾਰ ਵੱਲੋਂ ਸ਼ਾਪਿੰਗ ਮਾਲਜ ਬਾਰੇ ਜਾਰੀ ਦਿਸ਼ਾ ਨਿਰਦੇਸ਼ਾਂ ਬਾਰੇ ਕੁਮਾਰ ਅਮਿਤ ਨੇ ਕਿਹਾ ਕਿ ਸ਼ਾਪਿੰਗ ਮਾਲਜ 'ਚ ਆਉਣ ਵਾਲੇ ਹਰ ਵਿਅਕਤੀ ਨੂੰ ਕੋਵਾ ਐਪ ਆਪਣੇ ਫੋਨ 'ਚ ਡਾਊਨਲੋਡ ਕਰਨੀ ਪਵੇਗੀ ਪਰੰਤੂ ਇੱਕ ਪਰਿਵਾਰ ਦੀ ਸੂਰਤ 'ਚ ਇੱਕ ਵਿਅਕਤੀ ਨੂੰ ਹੀ ਮਾਲ 'ਚ ਜਾਣ ਦੀ ਆਗਿਆ ਹੋਵੇਗੀ ਪਰੰਤੂ ਮਾਲ 'ਚ ਬਿਨ੍ਹਾਂ ਕੰਮ ਤੋਂ ਖੜ੍ਹਕੇ ਉਡੀਕ ਕਰਨ ਦੀ ਆਗਿਆ ਨਹੀਂ ਹੋਵੇਗੀ। ਹਰ ਮਾਲ 'ਚ ਵੱਧ ਤੋਂ ਵੱਧ ਲੋਕਾਂ ਦੇ ਜਾਣ ਦੀ ਸਮਰੱਥਾ ਦੇ ਅਧਾਰ 'ਤੇ ਟੋਕਨ ਪ੍ਰਣਾਲੀ ਲਾਗੂ ਕੀਤੀ ਜਾਵੇ ਅਤੇ ਹਰ ਮਾਲ 'ਚ ਵਿਅਕਤੀਆਂ ਦੀ 6 ਫੁੱਟ ਦੀ ਆਪਸੀ ਦੂਰੀ ਦਾ ਧਿਆਨ ਰੱਖਿਆ ਜਾਵੇ। ਮਾਲ ਦੇ ਪ੍ਰਬੰਧਕ ਇੱਕ ਸਮੇਂ 'ਤੇ ਮਾਲ ਅਤੇ ਦੁਕਾਨ ਦੀ 50 ਫੀਸਦੀ ਸਮਰੱਥਾ ਦਰਸਾਏਗੀ ਕਿ ਇੱਕ ਸਮੇਂ ਕਿੰਨੇ ਲੋਕ ਆ ਸਕਦੇ ਹਨ। ਹਰ ਦੁਕਾਨ 'ਚ ਆਪਸੀ ਦੂਰੀ ਲਈ ਨਿਸ਼ਾਨ ਲਗਾਏ ਜਾਣਗੇ। ਅਪੰਗਾਂ ਤੋਂ ਇਲਾਵਾ ਕਿਸੇ ਹੋਰ ਲਈ ਲਿਫ਼ਟ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਕੱਪੜਿਆਂ ਦੇ ਟਰਾਇਲ ਰੂਮਜ ਦੀ ਵਰਤੋਂ ਨਹੀਂ ਹੋਵੇਗੀ। ਜ਼ਿਲ੍ਹੇ ਦੀ ਸਿਹਤ ਵਿਭਾਗ ਵੱਲੋਂ ਸ਼ਾਪਿੰਗ ਮਾਲਜ ਦੇ ਕਰਮਚਾਰੀਆਂ ਦੀ ਸਮੇਂ-ਸਮੇਂ 'ਤੇ ਜਾਂਚ ਕੀਤੀ ਜਾਵੇਗੀ। ਮਾਲ 'ਚ ਰੈਸਟੋਰੈਂਟਸ ਤੇ ਫੂਡ ਕੋਰਟਸ ਨਹੀਂ ਚਲਾਏ ਜਾਣਗੇ ਪਰ ਇੱਥੇ ਕੇਵਲ ਘਰ ਲਿਜਾਣ ਲਈ ਜਾਂ ਹੋਮ ਡਿਲਿਵਰੀ ਲਈ ਕੰਮ ਕੀਤਾ ਜਾ ਸਕੇਗਾ। ਇਸੇ ਤਰ੍ਹਾਂ ਰੈਸਟੋਰੈਂਟਸ ਲਈ ਵੀ ਭੋਜਨ ਕੇਵਲ ਘਰ ਲਿਜਾਣ ਜਾਂ ਹੋਮ ਡਿਲਿਵਰੀ ਰਾਤ 8 ਵਜੇ ਤੱਕ ਦੀ ਆਗਿਆ ਹੋਵੇਗੀ ਪਰ ਬੈਠਕੇ ਖਾਣਾਂ ਖਾਣ ਦੀ ਆਗਿਆ ਨਹੀਂ ਹੋਵੇਗੀ ਪਰ 15 ਜੂਨ ਨੂੰ ਸਥਿਤੀ 'ਤੇ ਮੁੜ ਵਿਚਾਰ ਕੀਤਾ ਜਾਵੇਗਾ। ਇਸੇ ਤਰ੍ਹਾਂ ਹੋਟਲ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਦੇਣ ਵਾਲੇ ਹੋਟਲਾਂ 'ਚ ਰੈਸਟੋਰੈਂਟ ਬੰਦ ਰਹਿਣਗੇ ਪਰ ਕਮਰਿਆਂ 'ਚ ਠਹਿਰੇ ਮਹਿਮਾਨਾਂ ਲਈ ਭੋਜਨ ਦਿੱਤਾ ਜਾ ਸਕੇਗਾ ਅਤੇ ਸਥਿਤੀ 'ਤੇ 15 ਜੂਨ ਤੋਂ ਬਾਅਦ ਮੁੜ ਵਿਚਾਰ ਕੀਤਾ ਜਾਵੇਗਾ। ਰਾਤ ਦੇ ਕਰਫਿਊ ਕਰਕੇ ਰਾਤ 9 ਵਜੇ ਤੋਂ ਪਹਿਲਾਂ ਅਤੇ ਸਵੇਰੇ 5 ਵਜੇ ਦਰਮਿਆਨ ਮਹਿਮਾਨਾਂ ਦੀ ਆਮਦ ਕੇਵਲ ਉਨ੍ਹਾਂ ਦੀ ਟਰੇਨ ਜਾਂ ਹਵਾਈ ਟਿਕਟ ਪਾਸ ਰਾਹੀਂ ਹੀ ਮੰਨੀ ਜਾਵੇਗੀ। ਜਦੋਂਕਿ ਧਾਰਮਿਕ ਅਸਥਾਨਾਂ ਅਤੇ ਪੂਜਾ ਸਥਾਨ ਸ਼ਰਧਾਲੂਆਂ ਲਈ ਸਵੇਰੇ 5 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹਣਗੇ। ਇਕ ਸਮੇਂ ਪੂਜਾ ਸਥਾਨ 'ਚ 20 ਜਣਿਆਂ ਤੋਂ ਵਧੇਰੇ ਲੋਕ ਇਕੱਠੇ ਨਹੀਂ ਹੋਣਗੇ ਅਤੇ ਆਪਸੀ ਦੂਰੀ ਦਾ ਧਿਆਨ ਰੱਖਿਆ ਜਾਵੇਗਾ ਅਤੇ ਪ੍ਰਸ਼ਾਦ, ਭੋਜਨ ਅਤੇ ਲੰਗਰ ਨਹੀਂ ਵਰਤਾਇਆ ਜਾਵੇਗਾ। ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਇਸ ਦੌਰਾਨ ਕੋਵਿਡ-19 ਸਬੰਧੀਂ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾਂ ਕੀਤੀ ਜਾਵੇ। ਇਨ੍ਹਾਂ ਹੁਕਮਾਂ ਤੇ ਹਦਾਇਤਾਂ ਦੀ ਉਲੰਘਣਾ ਕਰਨ 'ਤੇ ਆਪਦਾ ਪ੍ਰਬੰਧਨ ਐਕਟ 2005 ਦੀਆਂ ਧਾਰਾਵਾਂ 51 ਤੋਂ 60 ਅਤੇ ਭਾਰਤੀ ਦੰਡਾਵਲੀ 1860 ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ। ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਵਾਇਰਸ ਵਿਰੁੱਧ ਜੰਗ ਨੂੰ ਜਿੱਤਣ ਲਈ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼, ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨਿਰਧਾਰਤ ਸੰਚਾਲਨ ਵਿਧੀ (ਐਸ.ਓ.ਪੀਜ) ਅਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾਂ ਯਕੀਨੀ ਬਣਾਈ ਜਾਵੇ। -PTCNews


Top News view more...

Latest News view more...

PTC NETWORK
PTC NETWORK