ਨਵਜੋਤ ਸਿੱਧੂ ਨੂੰ ਲਲਕਾਰਨ ਵਾਲਾ ਪੁਲਿਸ ਮੁਲਾਜ਼ਮ ਉਤੇ ਪੁਲਿਸ ਨੇ ਕੱਸਿਆ ਸ਼ਿਕੰਜਾ
ਅੰਮ੍ਰਿਤਸਰ :
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਵੀਡੀਓ ਬਣਾ ਕੇ ਭੜਾਸ ਕੱਢਣ ਵਾਲੇ ਅੰਮ੍ਰਿਤਸਰ ਦੇ ਇੱਕ ਹੌਲਦਾਰ ਉਤੇ ਪੁਲਿਸ ਵੱਲੋਂ ਅੱਜ ਕਾਰਵਾਈ ਕੀਤੀ ਗਈ ਹੈ। ਪੁਲਿਸ ਵੱਲੋਂ ਹੌਲਦਾਰ ਸੰਦੀਪ ਸਿੰਘ ਦਾ ਡੋਪ ਟੈਸਟ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਸ਼ੱਕ ਹੈ ਕਿ ਹੌਲਦਾਰ ਸੰਦੀਪ ਸਿੰਘ ਨਸ਼ੇ ਕਰਨ ਦਾ ਆਦੀ ਹੈ। ਇਸ ਸ਼ੱਕ ਦੇ ਆਧਾਰ ਉਤੇ ਪੁਲਿਸ ਵੱਲੋਂ ਉਸ ਦੀ ਡਾਕਟਰੀ ਜਾਂਚ ਕਰਵਾਈ ਗਈ ਹੈ। ਅੰਮ੍ਰਿਤਸਰ ਵਿੱਚ ਤਾਇਨਾਤ ਹੌਲਦਾਰ ਸੰਦੀਪ ਸਿੰਘ ਨੂੰ ਪੁਲਿਸ ਨੇ ਨਸ਼ੇ ਦੇ ਮਾਮਲੇ ਵਿੱਚ ਸ਼ਿਕੰਜਾ ਕੱਸਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੌਲਦਾਰ ਸੰਦੀਪ ਸਿੰਘ ਨੇ ਦੱਸਿਆ ਕਿ ਉਸ ਨੂੰ ਫਸਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਵਜੋਤ ਸਿੱਧੂ ਦੇ ਇਸ਼ਾਰੇ ਉਤੇ ਉਸ ਖ਼ਿਲਾਫ਼ ਸਾਰੀ ਕਾਰਵਾਈ ਕੀਤੀ ਜਾਵੇਗੀ। ਹੌਲਦਾਰ ਨੇ ਕਿਹਾ ਕਿ ਉਹ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕਰਦਾ ਹੈ ਤੇ ਨਾ ਹੀ ਉਸ ਦੇ ਘਰ ਤੋਂ ਕੋਈ ਨਸ਼ਾ ਬਰਾਮਦ ਹੋਇਆ ਹੈ।
ਜ਼ਿਕਰਯੋਗ ਹੈ ਕਿ ਸਿੱਧੂ ਨੇ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਵਿੱਚ ਪਾਰਟੀ ਦੇ ਵਿਧਾਇਕ ਅਤੇ ਉਮੀਦਵਾਰ ਨਵਤੇਜ ਸਿੰਘ ਚੀਮਾ ਦੇ ਹੱਕ ਵਿੱਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ, ਚੀਮਾ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ, ‘ਆਹ ਮੁੰਡਾ ਵੇਖੋ, ਪੀਲੀ ਜੈਕਟ ਪਾ ਕੇ, ਗਾਰਡਰ ਵਰਗਾ, ਥਾਣੇਦਾਰ ਨੂੰ ਖੰਗੂਰਾ ਮਾਰੇ, ਪੈਂਟ ਕਰ ਦਿੰਦੈ ਗਿੱਲੀ।’
ਇਸ ਤੋਂ ਬਾਅਦ ਸਿੱਧੂ ਦੇ ਇਸ ਬਿਆਨ ਦੀ ਕੋਈਆਂ ਨੇ ਨਿਖੇਧੀ ਕੀਤੀ ਸੀ। ਇਸ ਵਿਚਕਾਰ ਅੰਮ੍ਰਿਤਸਰ ਦੇ ਹੌਲਦਾਰ ਸੰਦੀਪ ਸਿੰਘ ਵੱਲੋਂ ਵੀ ਸਿੱਧੂ ਦੇ ਬਿਆਨ ਦੀ ਤਿੱਖੀ ਅਲੋਚਨਾ ਕੀਤੀ ਗਈ ਸੀ। ਉਸ ਨੇ ਇਸ ਸਬੰਧੀ ਵੀਡੀਓ ਬਣਾਈ, ਜਿਸ ਵਿਚ ਸਿੱਧੂ ਲਈ ਤਿੱਖੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ। ਇਹ ਹੌਲਦਾਰ ਆਪਣੀਆਂ ਮੁੱਛਾਂ ਮਰੋੜਦਾ ਹੋਇਆ, ਸਿੱਧੂ ਨੂੰ ਲਲਕਾਰ ਰਿਹਾ ਹੈ। ਪੁਲਿਸ ਨੇ ਸੰਦੀਪ ਸਿੰਘ ਦੀ ਗ੍ਰਿਫਤਾਰੀ ਦੀ ਕੋਈ ਗੱਲ ਨਹੀਂ ਕੀਤੀ।
ਇਹ ਵੀ ਪੜ੍ਹੋ : ਚੰਡੀਗੜ੍ਹ ਪ੍ਰਸ਼ਾਸਨ ਨੇ ਦਿੱਤੀ ਵੱਡੀ ਰਾਹਤ, ਪ੍ਰਾਪਰਟੀ ਦੀ ਲੋੜ-ਅਧਾਰਿਤ ਤਬਦੀਲੀਆਂ ਦੀ ਦਿੱਤੀ ਇਜਾਜ਼ਤ