ਮੋਹਾਲੀ ਦੇ 8 ਹੋਰ ਮਰੀਜ਼ਾਂ ਨੇ ਦਿੱਤੀ ਕੋਰੋਨਾ ਨੂੰ ਮਾਤ, ਹੁਣ ਤੱਕ ਜ਼ਿਲ੍ਹੇ 'ਚ 22 ਮਰੀਜ਼ ਹੋਏ ਸਿਹਤਯਾਬ

By Shanker Badra - April 26, 2020 4:04 pm

ਮੋਹਾਲੀ ਦੇ 8 ਹੋਰ ਮਰੀਜ਼ਾਂ ਨੇ ਦਿੱਤੀ ਕੋਰੋਨਾ ਨੂੰ ਮਾਤ, ਹੁਣ ਤੱਕ ਜ਼ਿਲ੍ਹੇ 'ਚ 22 ਮਰੀਜ਼ ਹੋਏ ਸਿਹਤਯਾਬ:ਮੋਹਾਲੀ : ਪੰਜਾਬ ‘ਚ ਜਿੱਥੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ,ਓਥੇ ਹੀ ਕੋਰੋਨਾ ਖੌਫ਼ ਵਿਚਾਲੇ ਅੱਜ ਮੋਹਾਲੀ ਤੋਂ ਇੱਕ ਵਾਰ ਫ਼ਿਰ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹਾ ਮੋਹਾਲੀ 'ਚ ਜਿਸ ਤੇਜ਼ੀ ਨਾਲ 'ਕੋਰੋਨਾ ਵਾਇਰਸ' ਦੀ ਲਾਗ ਦੇ ਕੇਸ ਵਧੇ ਸਨ, ਉਸੇ ਤੇਜ਼ੀ ਨਾਲ ਮਰੀਜ਼ ਠੀਕ ਵੀ ਹੋ ਰਹੇ ਹਨ।

ਜਾਣਕਾਰੀ ਅਨੁਸਾਰ ਇਸ ਮਹਾਂਮਾਰੀ ਤੋਂ 8 ਹੋਰ ਮਰੀਜ਼ ਸ਼ਨੀਵਾਰ ਨੂੰ ਬਿਲਕੁਲ ਠੀਕ ਹੋ ਗਏ ਹਨ ,ਜਿਸ ਨਾਲ ਜ਼ਿਲ੍ਹੇ 'ਚ ਹੁਣ ਤੱਕ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 22 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਮਨਜੀਤ ਸਿੰਘ ਨੇ ਦੱਸਿਆ ਕਿ ਸਿਹਤਯਾਬ ਹੋਏ 8 ਦੇ 8 ਮਰੀਜ਼ ਪਿੰਡ ਜਵਾਹਰਪੁਰ ਦੇ ਰਹਿਣ ਵਾਲੇ ਹਨ ,ਜਿਨ੍ਹਾਂ ਨੂੰ ਅੱਜ ਬਨੂੜ ਵਿਚਲੇ ਗਿਆਨ ਸਾਗਰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਰਹੀ ਹੈ।

ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਗਾਤਾਰ ਦੋ ਵਾਰ ਇਨ੍ਹਾਂ ਮਰੀਜ਼ਾਂ ਦੇ ਟੈਸਟ ਨੈਗੇਟਿਵ ਆਉਣ 'ਤੇ ਇਨ੍ਹਾਂ ਨੂੰ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ ਹੈ, ਅਸੀਂ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਕੁੱਲ 63 ਪਾਜ਼ੀਟਿਵ ਮਾਮਲੇ ਆਏ ਸਨ, ਜਿਨ੍ਹਾਂ ਵਿਚੋਂ 22 ਸਿਹਤਮੰਦ ਹੋ ਗਏ ਹਨ ਤੇ 39 ਐਕਟਿਵ ਹਨ ਜਦਕਿ 2 ਮਰੀਜ਼ਾਂ ਦੀ ਕੋਰੋਨਾ ਨਾਲ ਜੰਗ ਲੜਦੇ ਹੋਏ ਮੌਤ ਹੋ ਚੁੱਕੀ ਹੈ।

ਦੱਸਣਯੋਗ ਹੈ ਕਿ ਜ਼ਿਲ੍ਹੇ ਵਿਚ ਹੁਣ ਤੱਕ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 22 ਹੋ ਗਈ ਹੈ ਜਦਕਿ ਜਵਾਹਰਪੁਰ ਨਾਲ ਸਬੰਧਤ ਕੁੱਲ 13 ਮਰੀਜ਼ ਅੱਜ ਤੱਕ ਠੀਕ ਹੋ ਚੁੱਕੇ ਹਨ। ਐਤਵਾਰ ਨੂੰ ਠੀਕ ਹੋਣ ਵਾਲੇ ਮਰੀਜ਼ਾਂ ਵਿਚ ਮਨੀਸ਼ (ਉਮਰ 32 ਸਾਲ), ਗੁਰਜੀਤ ਸਿੰਘ (42), ਜਸਪ੍ਰੀਤ ਸਿੰਘ (23), ਰੀਨਾ (30), ਤਰਨਪ੍ਰੀਤ (7), ਸ਼ਰਨਪ੍ਰੀਤ (14), ਗੁਰਫ਼ਤਹਿ ਸਿੰਘ (ਡੇਢ ਸਾਲ) ਅਤੇ ਪ੍ਰੀਤਮ ਸਿੰਘ (80) ਸਾਲ ਸ਼ਾਮਲ ਹਨ। ਜਵਾਹਰਪੁਰ ਨਾਲ ਸਬੰਧਤ ਪੰਜ ਮਰੀਜ਼ 21 ਅਪ੍ਰੈਲ ਨੂੰ ਠੀਕ ਹੋ ਗਏ ਸਨ ਜਿਹੜੇ ਇਸ ਵੇਲੇ 'ਇਕਾਂਤਵਾਸ ਕੇਂਦਰ' ਵਿਚ ਰਹਿ ਰਹੇ ਹਨ।
-PTCNews

adv-img
adv-img