ਦੇਸ਼ ਭਰ 'ਚੋਂ ਕੋਰੋਨਾ ਦੇ 1761 ਨਵੇਂ ਮਾਮਲੇ ਆਏ ਸਾਹਮਣੇ, 127 ਦੀ ਗਈ ਜਾਨ
ਨਵੀਂ ਦਿੱਲੀ : ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਰੋਜ਼ਾਨਾ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ। ਬੀਤੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਰੋਨਾ ਦੇ ਕੁੱਲ 1,761 ਮਾਮਲੇ ਸਾਹਮਣੇ ਆਏ ਹਨ। ਰਾਹਤ ਵਾਲੀ ਗੱਲ ਹੈ ਕਿ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ ਵਿੱਚ ਕੱਲ੍ਹ ਦੇ ਮੁਕਾਬਲੇ 15 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ।
ਕੱਲ੍ਹ ਦੇਸ਼ ਵਿੱਚ ਕੋਰੋਨਾ ਦੇ 2075 ਮਾਮਲੇ ਸਾਹਮਣੇ ਆਏ ਸਨ। ਨਾਲ ਹੀ ਬੀਤੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਰੋਨਾ ਕਾਰਨ 127 ਲੋਕਾਂ ਦੀ ਜਾਨ ਚਲੀ ਗਈ ਹੈ। ਇਸ ਤੋਂ ਬਾਅਦ ਦੇਸ਼ ਵਿੱਚ ਹੁਣ ਤੱਕ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੱਧ ਕੇ 5,16,479 ਹੋ ਗਈ ਹੈ। ਕੋਰੋਨਾ ਨਾਲ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਠੀਕ ਹੋਣ ਵਾਲੇ ਲੋਕਾਂ ਦਾ ਰੋਜ਼ਾਨਾ ਅੰਕੜਾ ਲਾਗ ਦੀ ਲਪੇਟ ਵਿੱਚ ਆਉਣ ਵਾਲਿਆਂ ਤੋਂ ਜ਼ਿਆਦਾ ਹੈ।
ਦੇਸ਼ ਵਿੱਚ ਕੋਰੋਨਾ ਨਾਲ ਪਿਛਲੇ 24 ਘੰਟਿਆਂ ਵਿੱਚ 3,196 ਲੋਕ ਠੀਕ ਹੋਏ ਹਨ। ਇਸ ਤੋਂ ਬਾਅਦ ਕੁਲ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 4,24,65,122 ਹੋ ਗਈ ਹੈ। ਨਾਲ ਹੀ ਦੇਸ਼ ਵਿੱਚ ਲਾਗ ਦੇ ਮਾਮਲਿਆਂ ਵਿੱਚ ਗਿਰਾਵਟ ਜਾਰੀ ਹੈ। ਪਿਛਲੇ 24 ਘੰਟੇ ਵਿੱਚ 1,562 ਸਰਗਰਮ ਮਾਮਲੇ ਘੱਟ ਹੋਏ ਹਨ। ਇਸ ਤਰ੍ਹਾਂ ਦੇਸ਼ ਵਿੱਚ ਪਿਛਲੇ 24 ਘੰਟੇ ਵਿੱਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਘੱਟ ਕੇ ਹੁਣ 26,240 ਰਹਿ ਗਈ ਹੈ। ਇਸ ਵਿਚਕਾਰ ਚੀਨ ਵਿੱਚ ਵਾਰ ਫਿਰ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ।
ਚੀਨ ਨੇ ਕੋਵਿਡ-19 ਨਾਲ ਦੋ ਮੌਤਾਂ ਦੀ ਪੁਸ਼ਟੀ ਕੀਤੀ ਹੈ। ਦਰਅਸਲ ਇਕ ਸਾਲ ਤੋਂ ਜ਼ਿਆਦਾ ਸਮੇਂ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਚੀਨ ਵਿੱਚ ਕੋਵਿਡ ਨਾਲ ਕੋਈ ਮੌਤ ਹੋਈ ਹੋਵੇ। ਰਾਸ਼ਟਰੀ ਸਿਹਤ ਕਮਿਸ਼ਨ ਨੇ ਕਿਹਾ ਕਿ ਇਹ ਦੋਵੇਂ ਮੌਤਾਂ ਪੂਰਬੀ ਉਤਰੀ ਜ਼ਿਲ੍ਹਿਆਂ ਵਿੱਚ ਹੋਈ ਹੈ। ਜਨਵਰੀ 2021 ਤੋਂ ਬਾਅਦ ਚੀਨ ਵਿੱਚ ਪਹਿਲੀ ਵਾਰ ਮੌਤ ਹੋਈ ਹੈ। ਇਸ ਤੋਂ ਬਾਅਦ ਇਸ ਮਹਾਮਾਰੀ ਕਾਰਨ ਦੇਸ਼ ਵਿੱਚ ਮਰਨ ਵਾਲਿਆਂ ਦਾ ਅੰਕੜਾ 4,638 ਤੱਕ ਪੁੱਜ ਗਿਆ ਹੈ।
ਇਹ ਵੀ ਪੜ੍ਹੋ : ਐਲਪੀਜੀ ਸਿਲੰਡਰ ਸਬਸਿਡੀ 'ਤੇ ਸਰਕਾਰ ਦੀ ਨਵੀਂ ਯੋਜਨਾ, ਜਾਣੋ ਕਿਸ ਨੂੰ ਮਿਲੇਗਾ ਫਾਇਦਾ