ਰਾਮਪਾਲ ਦੀ ਸਜ਼ਾ ਮੁਅੱਤਲ ਕਰਨ ਦੀ ਪਟੀਸ਼ਨ ਹੋਈ ਰੱਦ
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਮਪਾਲ ਨੂੰ ਰਾਹਤ ਨਹੀਂ ਮਿਲ ਸਕੀ ਹੈ। ਦੱਸ ਦਈਏ ਕਿ ਰਾਮਪਾਲ ਨੂੰ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਜਿਸ ਲਈ ਅੱਜ ਉਸਦੀ ਕੋਰਟ ਵਿਚ ਸੁਣਵਾਈ ਸੀ ਤੇ ਹਾਈ ਕੋਰਟ ਨੇ ਉਸਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਹਾਈ ਕੋਰਟ ਦੇ ਜਸਟਿਸ ਏਜੀ ਮਸੀਹ ਅਤੇ ਜਸਟਿਸ ਸੰਦੀਪ ਮੌਦਗਿਲ ਦੇ ਡਿਵੀਜ਼ਨ ਬੈਂਚ ਨੇ ਰਾਮਪਾਲ ਦੀ ਸਜ਼ਾ ਨੂੰ ਮੁਅੱਤਲ ਕਰਨ ਦੀ ਮੰਗ ਕਰਨ ਦੀ ਪਟੀਸ਼ਨ ਨੂੰ ਖਾਰਜ ਕੀਤਾ ਹੈ ।
ਰਾਮਪਾਲ ਨੇ ਹਿਸਾਰ ਦੀ ਹੇਠਲੀ ਅਦਾਲਤ ਵਿਚ 11 ਅਕਤੂਬਰ 2018 ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ ਕਰਨ ਲਈ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਸਜ਼ਾ ਖ਼ਿਲਾਫ਼ ਉਸ ਦੀ ਅਪੀਲ ਹਾਈ ਕੋਰਟ ਵਿੱਚ ਪੈਂਡਿੰਗ ਹੈ। ਜਦੋਂ ਤੱਕ ਹਾਈ ਕੋਰਟ ਅਪੀਲ 'ਤੇ ਫੈਸਲਾ ਨਹੀਂ ਲੈਂਦੀ, ਉਦੋਂ ਤੱਕ ਉਸ ਦੀ ਸਜ਼ਾ ਨੂੰ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ।
ਹਾਈਕੋਰਟ ਨੇ ਅਪੀਲ ਪੈਂਡਿੰਗ ਹੋਣ ਕਾਰਨ ਇਸ ਮਾਮਲੇ ਵਿੱਚ ਸ਼ਾਮਿਲ 10 ਹੋਰ ਸਹਿ ਦੋਸ਼ੀਆਂ ਦੀ ਸਜ਼ਾ ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਇਸ ਲਈ ਉਸ ਦੀ ਸਜ਼ਾ ਨੂੰ ਵੀ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ। 11 ਅਕਤੂਬਰ 2018 ਨੂੰ ਬਰਵਾਲਾ ਦੇ ਸਤਲੋਕ ਆਸ਼ਰਮ ਕਾਂਡ 'ਚ ਹਿਸਾਰ ਦੀ ਅਦਾਲਤ ਨੇ ਰਾਮਪਾਲ ਨੂੰ ਕਤਲ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਰਾਮਪਾਲ ਨੂੰ ਇਹ ਸਜ਼ਾ FIR ਨੰਬਰ 430 ਤਹਿਤ ਦਿੱਤੀ ਗਈ ਹੈ।
19 ਨਵੰਬਰ 2014 ਨੂੰ, ਹਿਸਾਰ ਦੇ ਬਰਵਾਲਾ ਕਸਬੇ ਦੇ ਸਤਲੋਕ ਆਸ਼ਰਮ ਵਿੱਚ ਇੱਕ ਬੱਚੇ ਅਤੇ ਚਾਰ ਔਰਤਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ, ਰਾਮਪਾਲ ਅਤੇ ਉਸਦੇ 27 ਚੇਲਿਆਂ ਦੇ ਖਿਲਾਫ ਕਤਲ ਅਤੇ ਬੰਧਕ ਬਣਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। 18 ਨਵੰਬਰ ਨੂੰ ਆਸ਼ਰਮ 'ਚੋਂ ਇਕ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਰਾਮਪਾਲ ਅਤੇ ਉਸ ਦੇ ਚੇਲਿਆਂ 'ਤੇ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਸੀ। ਇਸ ਸਜ਼ਾ ਦੇ ਖਿਲਾਫ ਰਾਮਪਾਲ ਨੇ ਹਾਈਕੋਰਟ 'ਚ ਅਪੀਲ ਦਾਇਰ ਕੀਤੀ ਹੈ, ਜੋ ਅਜੇ ਡਿਵੀਜ਼ਨ ਬੈਂਚ ਦੇ ਸਾਹਮਣੇ ਵਿਚਾਰ ਅਧੀਨ ਹੈ।
ਇਹ ਵੀ ਪੜ੍ਹੋ: Gadar 2: 20 ਸਾਲ ਪੁਰਾਣੀ ਯਾਦਾਂ ਹੋਣ ਗਈਆਂ ਤਾਜ਼ਾ, ਗ਼ਦਰ 2 'ਚ ਸੁਣਨਗੇ ਉਹੀ ਪੁਰਾਣੇ ਗੀਤ
-PTC News