Wed, May 8, 2024
Whatsapp

RBI ਵੱਲੋਂ 50 'ਵਿਲਫੁਲ ਡਿਫ਼ਾਲਟਰਾਂ' ਦੇ 68,607 ਕਰੋੜ ਰੁਪਏ ਦੇ ਕਰਜ਼ੇ ਮਾਫ਼, ਭਗੌੜੇ ਮੇਹੁਲ ਚੌਕਸੀ ਦਾ ਨਾਂਅ ਵੀ ਸ਼ਾਮਲ

Written by  Panesar Harinder -- April 28th 2020 05:04 PM -- Updated: April 28th 2020 09:41 PM
RBI ਵੱਲੋਂ 50 'ਵਿਲਫੁਲ ਡਿਫ਼ਾਲਟਰਾਂ' ਦੇ 68,607 ਕਰੋੜ ਰੁਪਏ ਦੇ ਕਰਜ਼ੇ ਮਾਫ਼,  ਭਗੌੜੇ ਮੇਹੁਲ ਚੌਕਸੀ ਦਾ ਨਾਂਅ ਵੀ ਸ਼ਾਮਲ

RBI ਵੱਲੋਂ 50 'ਵਿਲਫੁਲ ਡਿਫ਼ਾਲਟਰਾਂ' ਦੇ 68,607 ਕਰੋੜ ਰੁਪਏ ਦੇ ਕਰਜ਼ੇ ਮਾਫ਼, ਭਗੌੜੇ ਮੇਹੁਲ ਚੌਕਸੀ ਦਾ ਨਾਂਅ ਵੀ ਸ਼ਾਮਲ

ਮੁੰਬਈ - ਭਾਰਤੀ ਰਿਜ਼ਰਵ ਬੈਂਕ ਨੇ ਸਵੀਕਾਰ ਕੀਤਾ ਹੈ ਕਿ ਉਸ ਨੇ 50 ਟਾਪ ਵਿਲਫੁਲ ਡਿਫਾਲਟਰਾਂ ਦੇ (ਜਾਣ ਬੁਝ ਕੇ ਕਰਜ਼ਾ ਨਾ ਚੁਕਾਉਣ ਵਾਲਿਆਂ ਦੇ) 68,607 ਕਰੋੜ ਰੁਪਏ ਦੇ ਕਰਜ਼ੇ ਮਾਫ਼ ਕੀਤੇ ਹਨ। ਇਸ 50 ਦੀ ਸੂਚੀ ਵਿੱਚ ਫ਼ਰਾਰ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਦਾ ਨਾਂਅ ਵੀ ਸ਼ਾਮਲ ਹੈ। ਇਸ ਚੌਂਕਾ ਦੇਣ ਵਾਲੀ ਜਾਣਕਾਰੀ ਦਾ ਖੁਲਾਸਾ ਇੱਕ ਆਰਟੀਆਈ ਅਰਜ਼ੀ ਰਾਹੀਂ ਸਾਹਮਣੇ ਆਇਆ ਹੈ। ਪ੍ਰਮੁੱਖ ਆਰਟੀਆਈ ਕਾਰਕੁੰਨ ਸਾਕੇਤ ਗੋਖਲੇ ਨੇ 50 ਸਿਖਰਲੇ ਵਿਲਫੁਲ ਡਿਫਾਲਟਰਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ 16 ਫਰਵਰੀ ਤੱਕ ਉਨ੍ਹਾਂ ਦੇ ਕਰਜ਼ੇ ਦੀ ਮੌਜੂਦਾ ਸਥਿਤੀ ਬਾਰੇ ਜਾਣਨ ਲਈ ਇੱਕ ਆਰਟੀਆਈ ਅਰਜ਼ੀ ਦਾਖਿਲ ਕੀਤੀ ਸੀ। ਗੋਖਲੇ ਦਾ ਕਹਿਣਾ ਹੈ ਕਿ ਉਸ ਨੇ ਇਹ ਆਰਟੀਆਈ ਇਸ ਲਈ ਦਾਖਲ ਕੀਤੀ, ਕਿਉਂ ਕਿ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਦੁਆਰਾ ਪਿਛਲੇ ਬਜਟ ਸੈਸ਼ਨ ਦੌਰਾਨ 16 ਫਰਵਰੀ 2020 ਨੂੰ ਪੁੱਛੇ ਗਏ ਇਸ ਤਿੱਖੇ ਸਵਾਲ ਦਾ ਜਵਾਬ ਦੇਣ ਤੋਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਦੋਵਾਂ ਨੇ ਇਨਕਾਰ ਕਰ ਦਿੱਤਾ ਸੀ। ਗੋਖਲੇ ਨੇ ਕਿਹਾ ਕਿ ਜਿਹੜੇ ਤੱਥਾਂ ਦਾ ਖੁਲਾਸਾ ਸਰਕਾਰ ਨੇ ਨਹੀਂ ਕੀਤਾ, ਉਨ੍ਹਾਂ ਦਾ ਖੁਲਾਸਾ ਕਰਦੇ ਹੋਏ ਆਰਬੀਆਈ ਦੇ ਕੇਂਦਰੀ ਜਨ ਸੂਚਨਾ ਅਧਿਕਾਰੀ ਅਭੈ ਕੁਮਾਰ ਨੇ ਸ਼ਨੀਵਾਰ 24 ਅਪ੍ਰੈਲ ਨੂੰ ਇਹ ਜਵਾਬ ਦਿੱਤਾ, ਜਿਸ ਵਿੱਚ ਕਈ ਹੈਰਾਨ ਕਰਨ ਵਾਲੀਆਂ ਜਾਣਕਾਰੀਆਂ ਸ਼ਾਮਲ ਸਨ। ਆਰਬੀਆਈ ਨੇ ਕਿਹਾ ਕਿ ਇਹ ਰਕਮ (68,607 ਕਰੋੜ ਰੁਪਏ) ਬਕਾਇਆ ਰਕਮ ਹੈ, ਅਤੇ ਤਕਨੀਕੀ ਅਤੇ ਨਿਆਂਇਕ ਤਰੀਕੇ ਨਾਲ ਇਹ ਸਾਰੀ ਰਕਮ 30 ਸਤੰਬਰ, 2019 ਤੱਕ ਮਾਫ਼ ਕਰ ਦਿੱਤੀ ਗਈ ਹੈ। ਗੋਖਲੇ ਨੇ ਕਿਹਾ ਆਰਬੀਆਈ ਨੇ 16 ਦਸੰਬਰ, 2015 ਦੇ ਸੁਪਰੀਮ ਕੋਰਟ ਦੇ ਇੱਕ ਫ਼ੈਸਲੇ ਦਾ ਹਵਾਲਾ ਦਿੰਦੇ ਹੋਏ ਵਿਦੇਸ਼ੀ ਕਰਜ਼ਦਾਰਾਂ ਬਾਰੇ ਢੁਕਵੀਂ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ 50 ਚੋਟੀ ਦੇ ਵਿਲਫੁਲ ਡਿਫਾਲਟਰਾਂ ਦੀ ਸੂਚੀ ਵਿੱਚ ਮੇਹੁਲ ਚੌਕਸੀ ਦੀ ਭ੍ਰਿਸ਼ਟਾਚਾਰ 'ਚ ਫ਼ਸੀ ਕੰਪਨੀ ਗੀਤਾਂਜਲੀ ਜੈਮਜ਼ ਲਿਮਟਿਡ ਸਭ ਤੋਂ ਉੱਪਰ ਹੈ ਜਿਸ ਦੀ ਦੇਣਦਾਰੀ 5,492 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਗਰੁੱਪ ਦੀਆਂ ਹੋਰ ਕੰਪਨੀਆਂ ਗਿਲੀ ਇੰਡੀਆ ਲਿਮਟਿਡ ਅਤੇ ਨਕਸ਼ਤਰ ਬ੍ਰਾਂਡਜ਼ ਲਿਮਟਿਡ ਵੀ ਸ਼ਾਮਲ ਹਨ, ਜਿਨ੍ਹਾਂ ਨੇ ਕ੍ਰਮਵਾਰ 1,447 ਕਰੋੜ ਅਤੇ 1,109 ਕਰੋੜ ਰੁਪਏ ਦੇ ਕਰਜ਼ੇ ਲਏ ਸੀ। ਚੌਕਸੀ ਇਸ ਵੇਲੇ ਐਂਟੀਗੁਆ ਅਤੇ ਬਾਰਬਾਡੋਸ ਆਈਸਲੈਂਡ ਦਾ ਨਾਗਰਿਕ ਹੈ ਜਦਕਿ ਉਸ ਦਾ ਭਤੀਜਾ ਅਤੇ ਇਕ ਹੋਰ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਲੰਡਨ ਵਿੱਚ ਹੈ। ਇਸ ਸੂਚੀ ਵਿੱਚ ਦੂਸਰਾ ਸਥਾਨ ਆਰਈਆਈ ਐਗਰੋ ਲਿਮਟਿਡ ਹੈ ਜਿਸ ਦੇ ਸਿਰ 4,314 ਕਰੋੜ ਰੁਪਏ ਦਾ ਕਰਜ਼ਾ ਸੀ। ਇਸ ਦੇ ਸੰਚਾਲਕ ਸੰਦੀਪ ਝੁਨਝੁਨਵਾਲਾ ਅਤੇ ਸੰਜੇ ਝੁਨਝੁਨਵਾਲਾ ਇੱਕ ਸਾਲ ਤੋਂ ਵੱਧ ਸਮੇਂ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਜਾਂਚ ਅਧੀਨ ਹਨ। ਸੂਚੀ ਵਿੱਚ ਅਗਲਾ ਨਾਂਅ ਭਗੌੜਾ ਹੀਰਾ ਕਾਰੋਬਾਰੀ ਜਤਿਨ ਮਹਿਤਾ ਦੇ ਵਿਨਸਮ ਡਾਇਮੰਡ ਐਂਡ ਜਵੇਲਰੀ ਦਾ ਹੈ, ਜਿਸ ਨੇ 4076 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਅਤੇ ਇਸ ਦੀ ਵੱਖ-ਵੱਖ ਬੈਂਕ ਧੋਖਾਧੜੀਆਂ ਕੇਂਦਰੀ ਜਾਂਚ ਬਿਊਰੋ ਲਈ ਜਾਂਚ ਕਰ ਰਹੀ ਹੈ। ਰੋਟਮੈਕ ਗਲੋਬਲ ਪ੍ਰਾਈਵੇਟ ਲਿਮਟਿਡ ਕਾਨਪੁਰ, ਦੋ ਹਜ਼ਾਰ ਕਰੋੜ ਰੁਪਏ ਦੀ ਸ਼੍ਰੇਣੀ ਵਿੱਚ ਹੈ ਜੋ ਮਸ਼ਹੂਰ ਕੋਠਾਰੀ ਗਰੁੱਪ ਦਾ ਹਿੱਸਾ ਹੈ ਅਤੇ ਇਸ ਨੇ 2,850 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਇਸ ਸ਼੍ਰੇਣੀ ਦੇ ਹੋਰ ਨਾਵਾਂ ਵਿਚ ਕੁਦੋਸ ਕੇਮੀ ਪੰਜਾਬ (2,326 ਕਰੋੜ ਰੁਪਏ), ਬਾਬਾ ਰਾਮਦੇਵ ਅਤੇ ਬਾਲਕ੍ਰਿਸ਼ਨ ਦੇ ਗਰੁੱਪ ਦੀ ਕੰਪਨੀ ਰੁਚੀ ਸੋਇਆ ਇੰਡਸਟਰੀਜ਼ ਲਿਮਟਿਡ, ਇੰਦੌਰ (2,212 ਕਰੋੜ ਰੁਪਏ), ਅਤੇ ਜੂਮ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ, ਗਵਾਲੀਅਰ (2,012 ਕਰੋੜ ਰੁਪਏ) ਸ਼ਾਮਲ ਹਨ। ਇਸ ਸੂਚੀ ਵਿੱਚ 18 ਕੰਪਨੀਆਂ ਇੱਕ ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦੀ ਸ਼੍ਰੇਣੀ ਵਿਚ ਹਨ ਜਿਨ੍ਹਾਂ ਵਿਚੋਂ ਕੁਝ ਪ੍ਰਮੁੱਖ ਨਾਂ ਹਰੀਸ਼ ਆਰ. ਮਹਿਤਾ ਦੀ ਅਹਿਮਦਾਬਾਦ ਸਥਿਤ ਫੌਰੈਵਰ ਪ੍ਰੀਸ਼ੀਅਸ ਜਵੇਲਰੀ ਐਂਡ ਡਾਇਮੰਡਜ਼ ਲਿਮਟਿਡ (1962 ਕਰੋੜ ਰੁਪਏ) ਅਤੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਬੰਦ ਕੰਪਨੀ ਕਿੰਗਫਿਸ਼ਰ ਏਅਰ ਲਾਈਨਜ਼ ਲਿਮਟਿਡ (1,943 ਕਰੋੜ ਰੁਪਏ) ਹੈ। ਇਸ ਤੋਂ ਇਲਾਵਾ 25 ਕੰਪਨੀਆਂ ਅਜਿਹੀਆਂ ਹਨ ਜਿਨ੍ਹਾਂ ਉੱਤੇ ਇੱਕ ਹਜ਼ਾਰ ਕਰੋੜ ਦੇ ਬਕਾਇਆ ਕਰਜ਼ੇ ਹਨ। ਇਹ 605 ਕਰੋੜ ਰੁਪਏ ਤੋਂ ਲੈ ਕੇ 984 ਕਰੋੜ ਰੁਪਏ ਤੱਕ ਦੇ ਹਨ। ਇਹ ਕਰਜ਼ੇ ਜਾਂ ਤਾਂ ਵਿਅਕਤੀਗਤ ਤੌਰ 'ਤੇ ਲਏ ਗਏ ਹਨ ਜਾਂ ਗਰੁੱਪ ਦੀਆਂ ਕੰਪਨੀਆਂ ਵਜੋਂ। ਗੋਖਲੇ ਨੇ ਕਿਹਾ ਇਨ੍ਹਾਂ ਵਿਚੋਂ ਬਹੁਤਿਆਂ ਨੇ ਪਿਛਲੇ ਕੁਝ ਸਾਲਾਂ ਦੌਰਾਨ ਪ੍ਰਮੁੱਖ ਰਾਸ਼ਟਰੀ ਬੈਂਕਾਂ ਨਾਲ ਧੋਖਾ ਕੀਤਾ ਹੈ ਅਤੇ ਉਨ੍ਹਾਂ ਵਿਚੋਂ ਬਹੁਤ ਸਾਰੇ ਜਾਂ ਤਾਂ ਫ਼ਰਾਰ ਹਨ ਜਾਂ ਵੱਖ-ਵੱਖ ਜਾਂਚ ਏਜੰਸੀਆਂ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ ਤੇ ਕੁਝ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਹਨ। ਚੋਟੀ ਦੇ ਛੇ ਵਿਲਫੁਲ ਡਿਫਾਲਟਰ ਹੀਰੇ ਜਾਂ ਸੋਨੇ ਦੇ ਗਹਿਣਿਆਂ ਦੇ ਉਦਯੋਗ ਨਾਲ ਸਬੰਧਤ ਹਨ। ਹਾਲਾਂਕਿ ਇਨ੍ਹਾਂ ਸਾਰਿਆਂ ਵੱਲ੍ਹ ਦੇਖੀਏ ਤਾਂ ਕੋਈ ਉਦਯੋਗ ਨਹੀਂ ਬਚਿਆ, ਕਿਉਂਕਿ ਇਹ 50 ਚੋਟੀ ਦੇ ਵਿਲਫੁਲ ਡਿਫਾਲਟਰ ਆਈਟੀ, ਬੁਨਿਆਦੀ ਢਾਂਚਾ, ਬਿਜਲੀ, ਗੋਲਡ-ਡਾਇਮੰਡ ਜਵੇਲਰੀ ਤੇ ਫਾਰਮਾ ਆਦਿ ਦੇ ਰੂਪ 'ਚ ਅਰਥ ਵਿਵਸਥਾ ਦੇ ਵੱਖ ਵੱਖ ਖੇਤਰਾਂ ਵਿੱਚ ਫੈਲੇ ਹੋਏ ਹਨ।


  • Tags

Top News view more...

Latest News view more...