ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਚੋਣ ਕਮਿਸ਼ਨਰ ਨੂੰ ਕਾਂਗਰਸੀ ਆਗੂਆਂ ਦੇ ਰਿਸ਼ਤੇਦਾਰ ਐਸਐਸਪੀਜ਼ ਦੀ ਬਦਲੀ ਕਰਨ ਲਈ ਆਖਿਆ

SAD

ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਚੋਣ ਕਮਿਸ਼ਨਰ ਨੂੰ ਕਾਂਗਰਸੀ ਆਗੂਆਂ ਦੇ ਰਿਸ਼ਤੇਦਾਰ ਐਸਐਸਪੀਜ਼ ਦੀ ਬਦਲੀ ਕਰਨ ਲਈ ਆਖਿਆ,ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਉਹਨਾਂ ਦੋ ਸੀਨੀਅਰ ਪੁਲਿਸ ਅਧਿਕਾਰੀਆਂ (ਐਸਐਸਪੀਜ਼) ਦੀ ਤੁਰੰਤ ਬਦਲੀ ਦੀ ਮੰਗ ਕੀਤੀ ਹੈ, ਜੋ ਕਿ ਕਾਂਗਰਸੀ ਆਗੂਆਂ ਦੇ ਨਜ਼ਦੀਕੀ ਰਿਸ਼ਤੇਦਾਰ ਹਨ। ਪਾਰਟੀ ਨੇ ਕਿਹਾ ਕਿ ਸੂਬੇ ਅੰਦਰ ਨਿਰਪੱਖ ਚੋਣਾਂ ਕਰਵਾਉਣ ਲਈ ਅਜਿਹਾ ਕਰਨਾ ਲਾਜ਼ਮੀ ਹੈ।

ਇਸ ਸੰਬੰਧੀ ਮੁੱਖ ਚੋਣ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਜਲੰਧਰ ਦਿਹਾਤੀ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਅਤੇ ਮੁਕਤਸਰ ਦੇ ਐਸਐਸਪੀ ਮਨਜੋਤ ਸਿੰਘ ਢੇਸੀ ਕਾਂਗਰਸੀ ਪਾਰਟੀ ਦੇ ਨਿਰਦੇਸ਼ਾਂ ਅਨੁਸਾਰ ਕੰਮ ਕਰਕੇ ਚੋਣਾਂ ਦੇ ਮਾਹੌਲ ਨੂੰ ਖਰਾਬ ਕਰ ਰਹੇ ਹਨ।

ਇਸ ਇਹਨਾਂ ਦੋਵੇਂ ਅਧਿਕਾਰੀਆਂ ਦੀ ਤੁਰੰਤ ਬਦਲੀ ਕੀਤੀ ਜਾਣੀ ਚਾਹੀਦੀ ਹੈ।ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਮਾਹਲ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਕਰੀਬੀ ਰਿਸ਼ਤੇਦਾਰ ਹੈ ਜਦਕਿ ਢੇਸੀ ਮੁੱਖ ਮੰਤਰੀ ਦੇ ਕਾਰਜ ਸਾਧਕ ਅਧਿਕਾਰੀ ਗੁਰਪ੍ਰੀਤ ਸਿੰਘ ਢੇਸੀ ਦਾ ਰਿਸ਼ਤੇਦਾਰ ਹੈ। ਉਹਨਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਇਹਨਾਂ ਦੋਵੇਂ ਅਧਿਕਾਰੀਆਂ ਨੂੰ ਅਕਾਲੀ ਦਲ ਦੇ ਉਮੀਦਵਾਰਾਂ ਖ਼ਿਲਾਫ ਕੰਮ ਕਰਨ ਵਾਸਤੇ ਜਾਣ ਬੁੱਝ ਇਹਨਾਂ ਸਟੇਸ਼ਨਾਂ ਉੱਤੇ ਤਾਇਨਾਤ ਕੀਤਾ ਗਿਆ ਹੈ।

ਹੋਰ ਪੜ੍ਹੋ:ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹਾ ਪ੍ਰੀਸ਼ਦ ,ਬਲਾਕ ਸੰਮਤੀ ਤੇ ਪੰਚਾਇਤੀ ਚੋਣਾਂ ‘ਚ ਕਾਂਗਰਸ ਨੂੰ ਕਰਾਰੀ ਹਾਰ ਦੇਣ ਲਈ ਤਿਆਰੀ ਵਿੱਢੀ

ਬਰਾੜ ਨੇ ਦੱਸਿਆ ਕਿ ਮੁਕਤਸਰ ਦਾ ਐਸਐਸਪੀ ਜ਼ਿਲ੍ਹਾ ਪਰਿਸ਼ਦ ਚੋਣਾਂ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ ਇੱਕ ਝੂਠਾ ਪਰਚਾ ਦਰਜ ਕਰਕੇ ਅਤੇ ਕਾਂਗਰਸੀ ਵਰਕਰਾਂ ਰਾਹੀਂ ਬੂਥਾਂ ਉਤੇ ਕਬਜ਼ੇ ਕਰਵਾ ਕੇ ਪਹਿਲਾਂ ਹੀ ਆਪਣਾ ਪੱਖਪਾਤੀ ਵਤੀਰਾ ਵਿਖਾ ਚੁੱਕਿਆ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਇਹਨਾਂ ਦੋਵੇਂ ਅਧਿਕਾਰੀਆਂ ਨੂੰ ਤੁਰੰਤ ਇਹਨਾਂ ਸਟੇਸ਼ਨਾਂ ਤੋਂ ਬਦਲ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਅਹੁਦੇ ਦੀ ਵਰਤੋਂ ਕਾਂਗਰਸ ਪਾਰਟੀ ਅਤੇ ਇਸ ਦੇ ਉਮੀਦਵਾਰਾਂ ਦੀ ਮੱਦਦ ਲਈ ਨਾ ਕਰਨ।

ਇਸ ਦੌਰਾਨ ਸ਼ਿਕਾਇਤਕਰਤਾ ਵੱਲੋਂ ਮੁੱਖ ਚੋਣ ਅਧਿਕਾਰੀ ਨੂੰ ਕਾਂਗਰਸੀ ਵਰਕਰਾਂ ਦੁਆਰਾ ਸੂਬੇ ਅੰਦਰ ਵੋਟਾਂ ਲੈਣ ਵਾਸਤੇ ਲੋਕਾਂ ਨੂੰ ਝੂਠੇ ਲਾਲਚ ਦੇ ਕੇ ਕੀਤੀ ਜਾ ਰਹੀ ਚੋਣ ਜ਼ਾਬਤੇ ਦੀ ਉਲੰਘਣਾ ਤੋਂ ਵੀ ਜਾਣੂ ਕਰਵਾਇਆ। ਬਰਾੜ ਨੇ ਦੱਸਿਆ ਕਿ ਕਾਂਗਰਸੀ ਵਰਕਰ ਲੋਕਾਂ ਨੂੰ ਨਵੇਂ ਆਟਾ ਦਾਲ ਕਾਰਡ ਅਤੇ ਬੁਢਾਪਾ ਪੈਨਸ਼ਨ ਕਾਰਡ ਦੇਣ ਦਾ ਵਾਅਦਾ ਕਰਕੇ ਵੋਟਾਂ ਮੰਗ ਰਹੇ ਹਨ। ਉਹਨਾਂ ਚੋਣ ਅਧਿਕਾਰੀ ਨੂੰ ਅਪੀਲ ਕੀਤੀ ਕਿ ਅਜਿਹੀਆਂ ਬੇਨਿਯਮੀਆਂ ਵਾਸਤੇ ਅਧਿਕਾਰੀਆਂ ਨੂੰ ਨਿੱਜੀ ਤੌਰ ਤੇ ਜ਼ਿੰਮੇਵਾਰ ਠਹਿਰਾਇਆ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਸੂਬੇ ਅੰਦਰ ਚੋਣ ਜ਼ਾਬਤੇ ਦੌਰਾਨ ਲੋਕਾਂ ਨੂੰ ਸਮਾਜ ਭਲਾਈ ਸਕੀਮਾਂ ਦਾ ਲਾਭ ਦੇਣ ਵਾਲੇ ਕਾਰਡ ਨਾ ਵੰਡੇ ਜਾਣ।

-PTC News