ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦਾ ਅੱਜ ਹੈ ਜਨਮ ਦਿਨ, ਸ਼ਿਵ ਦੀ ਕਿਹੜੀ ਕਵਿਤਾ ਤੁਹਾਨੂੰ ਹੈ ਪਸੰਦ
ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦਾ ਅੱਜ ਹੈ ਜਨਮ ਦਿਨ, ਸ਼ਿਵ ਦੀ ਕਿਹੜੀ ਕਵਿਤਾ ਤੁਹਾਨੂੰ ਹੈ ਪਸੰਦ,ਪੰਜਾਬ ਦੇ ਉਹ ਸਿਰਮੋਰ ਕਵੀ ਜਿਨ੍ਹਾਂ ਦਾ ਲਿਖਿਆ ਹਰ ਸਬਦ ਲਿਖਿਆ ਸੱਚ ਹੋ ਗਿਆ। ਉਸ ਸ਼ਖ਼ਸੀਅਤ ਦਾ ਨਾਮ ਹੈ ਸ਼ਿਵ ਕੁਮਾਰ ਬਟਾਲਵੀ। ਆਓ ਅੱਜ ਉਹਨਾਂ ਬਾਰੇ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਸ਼ਿਵ ਕੁਮਾਰ ਨੂੰ ਖਾਸ ਤੌਰ 'ਤੇ ਬਿਰਹਾ ਦੇ ਕਵੀ ਵਜੋਂ ਜਾਣਿਆ ਜਾਂਦਾ ਹੈ।
ਉਹਨਾਂ ਲਿਖਿਆ...
ਕੀ ਪੁੱਛਦਿਉ ਹਾਲ ਫਕੀਰਾਂ ਦਾ ਸਾਡਾ ਨਦੀਉਂ ਵਿਛੜੇ ਨੀਰਾਂ ਦਾ
ਸਾਡਾ ਹੰਝ ਦੀ ਜੂਨੇ ਆਇਆ ਦਾ ਸਾਡਾ ਦਿਲ ਜਲਿਆ ਦਿਲਗੀਰਾਂ ਦਾ
ਸ਼ਿਵ ਦਾ ਜਨਮ ਅੱਜ ਦੇ ਦਿਨ ਯਾਨੀ 23 ਜੁਲਾਈ, 1936 ਨੂੰ ਬੜਾ ਪਿੰਡ ਲੋਹਟੀਆਂ, ਤਹਿਸੀਲ ਸ਼ੰਕਰਗੜ੍ਹ, ਜ਼ਿਲ੍ਹਾ ਸਿਆਲਕੋਟ (ਪੱਛਮੀ ਪੰਜਾਬ, ਪਾਕਿਸਤਨ) ਵਿੱਚ ਹੋਇਆ ਸੀ। ਮੁਲਕ ਦੀ ਵੰਡ ਤੋਂ ਪਹਿਲਾਂ ਇਹ ਗੁਰਦਾਸਪੁਰ ਜਿਲ੍ਹੇ ਦਾ ਇੱਕ ਪਿੰਡ ਸੀ।ਸ਼ਿਵ ਕੁਮਾਰ ਨੂੰ ਖਾਸ ਤੌਰ 'ਤੇ ਬਿਰਹਾ ਦੇ ਕਵੀ ਵਜੋਂ ਜਾਣਿਆ ਜਾਂਦਾ ਹੈ।
ਸ਼ਿਵ ਨੇ 1953 ਵਿੱਚ "ਸਾਲਵੇਸ਼ਨ ਆਰਮੀ ਹਾਈ ਸਕੂਲ" ਬਟਾਲਾ ਤੋਂ ਦਸਵੀਂ ਪਾਸ ਕੀਤੀ। ਉਸ ਦੇ ਪਿਤਾ ਉਸ ਨੂੰ ਚੰਗਾ ਪੜ੍ਹਾ-ਲਿਖਾ ਕੇ ਉਚ ਵਿੱਦਿਆ ਦਿਵਾ ਕੇ ਇੱਕ ਕਾਰੋਬਾਰੀ ਵਿਅਕਤੀ ਬਣਾਉਣਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਨਿਰਾਸ਼ਾ ਹੀ ਮਿਲੀ ਕਿਉਂਕਿ ਦਸਵੀਂ ਤੋਂ ਬਾਅਦ ਅਗਲੇ ਦੋ ਸਾਲ ਦੌਰਾਨ ਬਿਨ੍ਹਾਂ ਕਿਸੇ ਡਿਗਰੀ ਪ੍ਰਾਪਤ ਕਰਨ ਦੇ ਉਸਨੇ ਤਿੰਨ ਕਾਲਜ ਬਦਲੇ।
ਪਰ ਪਿਤਾ ਕ੍ਰਿਸ਼ਨ ਗੋਪਾਲ ਨੇ ਪੁੱਤ ਸ਼ਿਵ ਕੁਮਾਰ ਨੂੰ ਪਟਵਾਰੀ ਲਵਾ ਦਿੱਤਾ। ਪਰ 1961 ਵਿੱਚ ਉਸਨੇ ਇਸ ਨੌਕਰੀ ਤੋਂ ਵੀ ਅਸਤੀਫਾ ਦੇ ਦਿੱਤਾ ਅਤੇ 1966 ਤੱਕ ਬੇਰੁਜ਼ਗਾਰ ਹੀ ਰਿਹਾ। ਉਹ ਘਰੋਂ ਕੋਈ ਖਰਚਾ ਨਹੀਂ ਲੈਂਦਾ ਸੀ ਫਿਰ ਉਹਨਾਂ 1966 ਵਿੱਚ "ਸਟੇਟ ਬੈਂਕ ਆਫ਼ ਇੰਡੀਆ" ਦੀ ਬਟਾਲਾ ਸ਼ਾਖਾ ਵਿੱਚ ਕਲਰਕ ਦੀ ਨੌਕਰੀ ਲੈ ਲਈ।
ਸ਼ਿਵ ਨੇ ਕਈ ਕਾਵਿ ਸੰਗ੍ਰਹਿ ਲਿਖੇ ਜਿਵੇਂ ਪੀੜਾਂ ਦਾ ਪਰਾਗਾ,ਮੈਨੂੰ ਵਿਦਾ ਕਰੋ,ਗਜ਼ਲਾਂ ਦੇ ਗੀਤ,ਆਰਤੀ,ਲਾਜਵੰਤੀ,ਆਟੇ ਦੀਆਂ ਚਿੜੀਆਂ,ਲੂਣਾ,ਦਰਦਮੰਦਾਂ ਦੀਆਂ ਆਹੀਂ,ਮੈਂ ਅਤੇ ਮੈਂ, ਅਲਵਿਦਾ,ਸ਼ਿਵ ਕੁਮਾਰ:ਸੰਪੂਰਨ ਕਾਵਿ ਸੰਗ੍ਰਹਿ,ਬਿਰਹਾ ਤੂ ਸੁਲਤਾਨ। ਜਿਨ੍ਹਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।
ਸ਼ਿਵ ਕੁਮਾਰ ਉਂਝ ਤਾਂ ਆਪਣੀ ਦਰਦ ਭਰੀ ਆਵਾਜ਼ ਤੇ ਜਾਦੂਮਈ ਸ਼ਬਦਾਂ ਕਰਕੇ ਬਹੁਤ ਪ੍ਰਸਿੱਧ ਹੋਇਆ ਪਰ ਉਸ ਦੇ ਕਾਵਿ ਸੰਗ੍ਰਹਿ ਲੂਣਾ ਨੇ ਉਸ ਦੀ ਪ੍ਰਸਿੱਧੀ 'ਚ ਵਿਸ਼ੇਸ਼ ਤੌਰ 'ਤੇ ਵਾਧਾ ਕੀਤਾ। ਕਾਵਿ-ਨਾਟ ਲੂਣਾ 'ਤੇ ਸ਼ਿਵ ਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ।
ਤੁਹਾਨੂੰ ਦੱਸ ਦੇਈਏ ਕਿ 5 ਫ਼ਰਵਰੀ 1967 ਨੂੰ ਸ਼ਿਵ ਦਾ ਵਿਆਹ, ਗੁਰਦਾਸਪੁਰ ਜਿਲ੍ਹੇ ਦੇ ਹੀ ਇੱਕ ਪਿੰਡ 'ਕੀੜੀ ਮੰਗਿਆਲ' ਦੀ ਅਰੁਣਾ ਨਾਲ ਹੋ ਗਿਆ। ਉਸਦਾ ਵਿਆਹੁਤਾ ਜੀਵਨ ਖ਼ੁਸ਼ ਅਤੇ ਹਰ ਪੱਖੋਂ ਠੀਕ-ਠਾਕ ਸੀ। ਉਨ੍ਹਾਂ ਦੇ ਘਰ ਦੋ ਬੱਚੇ ਪੁੱਤਰ ਮਿਹਰਬਾਨ ਬਟਾਲਵੀ ਅਤੇ ਧੀ ਪੂਜਾ ਨੇ ਜਨਮ ਲਿਆ।
6 ਮਈ, 1973 ਨੂੰ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਸਦਾ ਲਈ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ। ਭਾਵੇਂ ਸ਼ਿਵ ਨੂੰ ਤੁਰ ਗਿਆਂ ਲੰਮਾ ਸਮਾਂ ਹੋ ਗਿਆ ਪਰ ਉਹ ਅੱਜ ਵੀ ਆਪਣੀਆਂ ਕਵਿਤਾਵਾਂ ਜ਼ਰੀਏ ਆਪਣੀ ਪਛਾਣ ਰੱਖਦਾ ਹੈ।
-PTC News